- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Punjab News : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ 15 ਜਨਵਰੀ ਨੂੰ ਤਲਬ ਕੀਤਾ ਹੈ। ਇਹ ਮਾਮਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਲਾਪਤਾ ਸਰੂਪਾਂ ਨਾਲ ਜੁੜਿਆ ਹੈ....

ਡਿਜੀਟਲ ਡੈਸਕ, ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਖਾਂ ਦੇ ਸਰਵਉੱਚ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਲਬ ਕੀਤਾ ਗਿਆ ਹੈ। ਉਹ 15 ਜਨਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣਗੇ। ਮੁੱਖ ਮੰਤਰੀ ਨੇ ਕਿਹਾ ਹੈ ਕਿ ਉਹ ਨੰਗੇ ਪੈਰੀਂ ਇੱਕ ਨਿਮਾਣੇ ਸਿੱਖ ਵਜੋਂ ਉੱਥੇ ਹਾਜ਼ਰ ਹੋਣਗੇ। ਉਨ੍ਹਾਂ ਸੋਸ਼ਲ ਮੀਡੀਆ ਰਾਹੀਂ ਦੱਸਿਆ ਕਿ ਇਹ ਅਸਥਾਨ ਹਰ ਸਿੱਖ ਲਈ ਪਵਿੱਤਰ ਹੈ ਅਤੇ ਅਕਾਲ ਤਖ਼ਤ ਸਾਹਿਬ ਦਾ ਜੋ ਵੀ ਫੈਸਲਾ ਹੋਵੇਗਾ, ਉਹ ਉਨ੍ਹਾਂ ਨੂੰ ਸਿਰ-ਮੱਥੇ ਪ੍ਰਵਾਨ ਹੋਵੇਗਾ।
ਦਰਅਸਲ, ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਅਤੇ ਅਕਾਲੀ ਦਲ 'ਤੇ ਆਪਣੇ ਕੰਮਾਂ ਨੂੰ ਛੁਪਾਉਣ ਦੇ ਦੋਸ਼ ਲਾਏ ਸਨ। ਜੇਕਰ 15 ਜਨਵਰੀ ਨੂੰ ਮੁੱਖ ਮੰਤਰੀ 'ਤੇ ਦੋਸ਼ ਸਿੱਧ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਧਾਰਮਿਕ ਸਜ਼ਾ ਭੁਗਤਣੀ ਪਵੇਗੀ। ਇਸ ਤਰ੍ਹਾਂ ਮੁੱਖ ਮੰਤਰੀ ਰਹਿੰਦਿਆਂ ਸਜ਼ਾ ਭੁਗਤਣ ਵਾਲੇ ਭਗਵੰਤ ਮਾਨ, ਸੁਰਜੀਤ ਸਿੰਘ ਬਰਨਾਲਾ ਤੇ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਤੀਜੇ ਸੀਐਮ ਹੋਣਗੇ।
ਮੁੱਖ ਮੰਤਰੀ ਨੇ ਕਿਹਾ ਸੀ ਕਿ ਸੰਸਥਾਵਾਂ ਆਪਣੇ ਗਲਤ ਕੰਮਾਂ ਨੂੰ ਲੁਕਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪੰਥ ਨੂੰ ਢਾਲ ਵਜੋਂ ਵਰਤ ਰਹੀਆਂ ਹਨ। ਇਹ ਬਿਆਨ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਦੇ ਮਾਮਲੇ ਸਬੰਧੀ ਦਿੱਤਾ ਸੀ।
ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦੀ ਸਰਵਉੱਚ ਰਾਜਨੀਤਕ ਤੇ ਨਿਆਂਇਕ ਸੰਸਥਾ ਹੈ। ਇਸ ਦਾ ਉਦੇਸ਼ ਸਿੱਖ ਭਾਈਚਾਰੇ ਦੇ ਧਾਰਮਿਕ ਮਾਮਲਿਆਂ ਬਾਰੇ ਸਿੱਖ ਜਗਤ ਦਾ ਮਾਰਗਦਰਸ਼ਨ ਕਰਨਾ ਹੁੰਦਾ ਹੈ। ਸ੍ਰੀ ਅਕਾਲ ਤਖ਼ਤ ਦਾ ਸ਼ਾਬਦਿਕ ਅਰਥ ਅਮਰ ਦਾ ਸਿੰਘਾਸਣ ਤੋਂ ਹੈ।
ਸ੍ਰੀ ਅਕਾਲ ਤਖ਼ਤ ਗੋਲਡਨ ਟੈਂਪਲ ਵੱਲ ਜਾਣ ਵਾਲੇ ਮਾਰਗ ਦੇ ਠੀਕ ਸਾਹਮਣੇ ਮੌਜੂਦ ਇਕ ਸ਼ਾਨਦਾਰ ਇਮਾਰਤ ਹੈ। ਸ੍ਰੀ ਅਕਾਲ ਤਖ਼ਤ ਦੀ ਸਥਾਪਨਾ ਸ੍ਰੀ ਗੁਰੂ ਹਰਿਗੋਬਿੰਦ ਜੀ ਨੇ 15 ਜੂਨ, 1606 ਨੂੰ ਕੀਤੀ ਸੀ, ਹਾਲਾਂਕਿ ਹੁਣ ਇਹ 2 ਜੁਲਾਈ ਨੂੰ ਮਨਾਇਆ ਜਾਂਦਾ ਹੈ ਤੇ ਇਸ ਨੂੰ ਸਿੱਖ ਭਾਈਚਾਰੇ ਦੀ ਅਧਿਆਤਮਕ ਤੇ ਸੰਸਾਰਕ ਚਿੰਤਾਵਾਂ ਨੂੰ ਦੂਰ ਕਰਨ ਦੇ ਕੇਂਦਰ ਦੇ ਰੂਪ 'ਚ ਸਥਾਪਿਤ ਕੀਤਾ ਗਿਆ ਸੀ।
ਇਸ ਸਿੱਖ ਦੇ ਪੰਜ ਤਖ਼ਤਾਂ 'ਚ ਸਭ ਤੋਂ ਪੁਰਾਣਾ ਤੇ ਸਭ ਤੋਂ ਉੱਚਾ ਤਖ਼ਤ ਹੈ। ਸਿੱਖ ਧਰਮ ਨਾਲ ਜੁੜੇ ਕਿਸੇ ਵੀ ਜ਼ਰੂਰੀ ਵਿਸ਼ੇ ਜਾਂ ਵਿਵਾਦ 'ਤੇ ਇੱਥੋਂ ਹੁਕਮਨਾਮਾ ਜਾਰੀ ਕੀਤਾ ਜਾਂਦਾ ਹੈ ਜਿਸ ਨੂੰ ਮੰਨਣਾ ਦੁਨੀਆ ਵਿਚ ਹਰ ਸਿੱਖ ਲਈ ਜ਼ਰੂਰੀ ਹੁੰਦਾ ਹੈ।
ਸਾਲ 2024 ਵਿੱਚ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਸਮੇਤ ਕਈ ਆਗੂਆਂ ਨੂੰ 'ਤਨਖ਼ਾਹੀਆ' ਐਲਾਨਿਆ ਗਿਆ ਸੀ। ਇਤਿਹਾਸ ਵਿਚ ਹੋਰ ਵੀ ਕਈ ਵੱਡੀਆਂ ਸ਼ਖ਼ਸੀਅਤਾਂ ਨੂੰ ਸਜ਼ਾ ਮਿਲ ਚੁੱਕੀ ਹੈ:
| ਸ਼ਖਸੀਅਤ | ਕਾਰਨ | ਸਜ਼ਾ |
| ਮਹਾਰਾਜਾ ਰਣਜੀਤ ਸਿੰਘ | ਨੈਤਿਕ ਅਵੱਗਿਆ ਕਾਰਨ | ਅਕਾਲੀ ਫੂਲਾ ਸਿੰਘ ਵੱਲੋਂ ਕੋੜੇ ਮਾਰਨ ਦੀ ਸਜ਼ਾ (ਬਾਅਦ ਵਿੱਚ ਜੁਰਮਾਨਾ ਲਗਾ ਕੇ ਮਾਫੀ)। |
| ਗਿਆਨੀ ਜ਼ੈਲ ਸਿੰਘ (ਸਾਬਕਾ ਰਾਸ਼ਟਰਪਤੀ) | 1984 ਦੇ ਸਿੱਖ ਕਤਲੇਆਮ ਵੇਲੇ ਚੁੱਪ ਰਹਿਣ ਕਾਰਨ | ਲਿਖਤੀ ਮਾਫੀ ਮੰਗਣ 'ਤੇ ਮਾਫੀ ਦਿੱਤੀ ਗਈ। |
| ਸੁਰਜੀਤ ਸਿੰਘ ਬਰਨਾਲਾ (ਸਾਬਕਾ ਸੀ.ਐਮ.) | ਪੰਥ ਵਿਰੋਧੀ ਗਤੀਵਿਧੀਆਂ ਕਾਰਨ | ਗਲੇ ਵਿੱਚ 'ਮੈਂ ਪਾਪੀ ਹਾਂ' ਦੀ ਤਖ਼ਤੀ ਲਟਕਾ ਕੇ ਜੁੱਤੀਆਂ ਸਾਫ਼ ਕਰਨ ਦੀ ਸਜ਼ਾ। |
| ਬੂਟਾ ਸਿੰਘ (ਸਾਬਕਾ ਗ੍ਰਹਿ ਮੰਤਰੀ) | ਆਪ੍ਰੇਸ਼ਨ ਬਲੂ ਸਟਾਰ ਤੋਂ ਬਾਅਦ ਸਰਕਾਰੀ ਭੂਮਿਕਾ ਕਾਰਨ | ਭਾਂਡੇ ਮਾਂਜਣ ਤੇ ਜੁੱਤੀਆਂ ਸਾਫ਼ ਕਰਨ ਦੀ ਸੇਵਾ। |
| ਸੁਖਬੀਰ ਸਿੰਘ ਬਾਦਲ | ਡੇਰਾ ਮੁਖੀ ਨੂੰ ਮਾਫੀ ਤੇ ਹੋਰ ਧਾਰਮਿਕ ਗਲਤੀਆਂ | ਸ਼ਰਧਾਲੂਆਂ ਦੀਆਂ ਜੁੱਤੀਆਂ ਸਾਫ਼ ਕਰਨ ਅਤੇ ਹੱਥ ਜੋੜ ਕੇ ਮਾਫੀ ਮੰਗਣ ਦਾ ਹੁਕਮ। |
'ਤਨਖ਼ਾਹੀਆ' ਦਾ ਅਰਥ ਹੈ ਉਹ ਵਿਅਕਤੀ ਜਿਸ ਨੇ ਸਿੱਖ ਮਰਿਆਦਾ ਦੀ ਉਲੰਘਣਾ ਕੀਤੀ ਹੋਵੇ। ਜਦੋਂ ਕਿਸੇ ਨੂੰ ਤਨਖ਼ਾਹੀਆ ਐਲਾਨਿਆ ਜਾਂਦਾ ਹੈ ਤਾਂ ਉਸ ਨੂੰ ਪੰਥਕ ਤੌਰ 'ਤੇ ਦੋਸ਼ੀ ਮੰਨਿਆ ਜਾਂਦਾ ਹੈ ਅਤੇ ਉਸ ਨੂੰ ਸੰਗਤ ਵਿਚ ਨਿਮਾਣੇ ਹੋ ਕੇ ਧਾਰਮਿਕ ਸੇਵਾ (ਜਿਵੇਂ ਜੁੱਤੀਆਂ ਸਾਫ਼ ਕਰਨਾ, ਭਾਂਡੇ ਮਾਂਜਣਾ ਜਾਂ ਕੀਰਤਨ ਸੁਣਨਾ) ਰਾਹੀਂ ਆਪਣੀ ਭੁੱਲ ਬਖ਼ਸ਼ਾਉਣੀ ਪੈਂਦੀ ਹੈ।