ਪਿੰਡ ਖਿਜ਼ਰਾਬਾਦ ਵਿਖੇ ਕਰਵਾਏ ਕੁਸ਼ਤੀ ਦੰਗਲ ਵਿਚ ਜੌਂਟੀ ਗੁੱਜਰ ਨੇ ਜਿੱਤੀ ਵੱਡੀ ਝੰਡੀ
ਕੁਸ਼ਤੀ ਦੰਗਲ ਵਿਚ ਜੌਂਟੀ ਗੁੱਜਰ ਨੇ ਜਿੱਤੀ ਵੱਡੀ ਝੰਡੀ
Publish Date: Mon, 15 Sep 2025 09:39 PM (IST)
Updated Date: Mon, 15 Sep 2025 09:41 PM (IST)

ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਪਿੰਡ ਖਿਜ਼ਰਾਬਾਦ ਦੀ ਛਿੰਜ ਕਮੇਟੀ ਵੱਲੋਂ ਕਰਵਾਏ ਗਏ ਵਿਸ਼ਾਲ ਕੁਸ਼ਤੀ ਦੰਗਲ ਵਿਚ ਪ੍ਰਸਿੱਧ ਪਹਿਲਵਾਨਾਂ ਨੇ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ। ਇਸ ਕੁਸ਼ਤੀ ਦੰਗਲ ਦੀ ਸਭ ਤੋਂ ਵੱਡੀ ਖਿੱਚ, ਡੇਢ ਲੱਖ ਰੁਪਏ ਦੇ ਇਨਾਮ ਵਾਲੀ ਵੱਡੀ ਝੰਡੀ ਦੀ ਕੁਸ਼ਤੀ ਸੀ, ਜਿਸ ਵਿਚ ਪਹਿਲਵਾਨ ਜੌਂਟੀ ਗੁੱਜਰ (ਦਿੱਲੀ) ਨੇ ਭੂਪਿੰਦਰ ਅਜਨਾਲਾ (ਪੰਜਾਬ) ਨੂੰ ਅੰਕਾਂ ਦੇ ਆਧਾਰ ਤੇ ਚਿੱਤ ਕਰਕੇ ਜਿੱਤ ਹਾਸਲ ਕੀਤੀ। ਦੋ ਨੰਬਰ ਵਾਲੀ ਝੰਡੀ ਦੀ ਕੁਸ਼ਤੀ ਵਿਚ ਪਹਿਲਵਾਨ ਮਿਰਜ਼ਾ ਇਰਾਨ (ਅਖਾੜਾ ਮੁੱਲਾਂਪੁਰ ਗਰੀਬਦਾਸ) ਨੇ ਸ਼ੇਰਾ ਬਾਬਾ ਫਲਾਈ ਨੂੰ ਇਕ ਪੁਆਇੰਟ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਪ੍ਰਬੰਧਕਾਂ ਨੇ ਦੱਸਿਆ ਕਿ ਛਿੰਜ ਕਮੇਟੀ ਦੇ ਸਾਰੇ ਮੈਂਬਰਾਂ ਅਤੇ ਪਿੰਡ ਦੀ ਪੰਚਾਇਤ ਨੇ ਰਲ ਕੇ ਕੁਸ਼ਤੀਆਂ ਦਾ ਉਦਘਾਟਨ ਕੀਤਾ। ਪ੍ਰਧਾਨ ਸਤਨਾਮ ਸਿੰਘ ਸਮੇਤ ਸਾਰੇ ਪ੍ਰਬੰਧਕਾਂ ਨੇ ਜੇਤੂ ਪਹਿਲਵਾਨਾਂ ਨੂੰ ਨਕਦ ਇਨਾਮ ਅਤੇ ਸਹਿਯੋਗੀਆਂ ਨੂੰ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪਿੰਡ ਅਤੇ ਆਸ-ਪਾਸ ਦੇ ਇਲਾਕੇ ਦੇ ਪਤਵੰਤੇ ਸੱਜਣਾਂ ਦੀ ਵੱਡੀ ਗਿਣਤੀ ਵਿਚ ਹਾਜ਼ਰੀ ਰਹੀ। ਇਸ ਸਮਾਰੋਹ ਵਿਚ ਮੁੱਖ ਮਹਿਮਾਨਾਂ ਵਜੋਂ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ, ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਰਵਿੰਦਰ ਸਿੰਘ ਖੇੜਾ, ਭਾਜਪਾ ਦੇ ਸੀਨੀਅਰ ਆਗੂ ਰਣਜੀਤ ਸਿੰਘ ਗਿੱਲ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ, ਅਤੇ ਹੋਰ ਕਈ ਸਿਆਸੀ ਅਤੇ ਸਮਾਜਿਕ ਆਗੂ ਮੌਜੂਦ ਸਨ।