- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹ ਮਾਮਲਾ ਸਿਰਫ਼ ਜਾਨ ਤੱਕ ਸੀਮਤ ਨਹੀਂ ਹੈ ਸਗੋਂ ਆਰਥਿਕ ਨੁਕਸਾਨ ਨਾਲ ਵੀ ਜੁੜਿਆ ਹੈ। ਕਈ ਮਾਮਲਿਆਂ ਵਿਚ ਬੀਮਾ ਕੰਪਨੀਆਂ ਪੈਦਲ ਯਾਤਰੀ ਦੀ ਦਿਸ਼ਾ ਨੂੰ ਲਾਪਰਵਾਹੀ ਮੰਨ ਲੈਂਦੀਆਂ ਹਨ। ਇਸ ਨੂੰ ਕੰਟ੍ਰੀਬਿਊਟਰੀ ਨੈਗਲੀਜੈਂਸ ਕਿਹਾ ਜਾਂਦਾ ਹੈ ਯਾਨੀ ਹਾਦਸੇ ਵਿਚ ਪੀੜਤ ਦੀ ਵੀ ਗਲਤੀ ਮੰਨੀ ਜਾਂਦੀ ਹੈ। ਇਸ ਸਥਿਤੀ ਵਿਚ ਬੀਮਾ ਕਲੇਮ ਜਾਂ ਮੁਆਵਜ਼ੇ ਦੀ ਰਕਮ ਵਿਚ 20 ਤੋਂ 50 ਫ਼ੀਸਦੀ ਤੱਕ ਕਟੌਤੀ ਹੋ ਸਕਦੀ ਹੈ।

ਰੋਹਿਤ ਕੁਮਾਰ, ਜਾਗਰਣ, ਚੰਡੀਗੜ੍ਹ : ਦੇਸ਼ ’ਚ ਹਮੇਸ਼ਾ ਇਹੀ ਕਿਹਾ ਜਾਂਦਾ ਰਿਹਾ ਹੈ ਕਿ ਖੱਬੇ ਪਾਸੇ ਤੁਰਨਾ ਚਾਹੀਦਾ ਹੈ, ਇਸ ਨਾਲ ਹਾਦਸੇ ਹੋਣ ਦਾ ਖ਼ਤਰਾ ਘੱਟ ਜਾਂਦਾ ਹੈ। ਪਰ ਸੜਕ ਸੁਰੱਖਿਆ ਨਾਲ ਜੁੜੇ ਤਾਜ਼ਾ ਵਿਸ਼ਲੇਸ਼ਣ ਦੱਸਦੇ ਹਨ ਕਿ ਇਹੀ ਆਦਤ ਪੈਦਲ ਯਾਤਰੀਆਂ ਦੀ ਜਾਨ ਲਈ ਸਭ ਤੋਂ ਵੱਡਾ ਖ਼ਤਰਾ ਬਣਦੀ ਹੈ। ਇਸ ਦਾ ਵੱਡਾ ਕਾਰਨ ਇਹ ਹੈ ਕਿ ਦੇਸ਼ ’ਚ ਵਾਹਨ ਲੈਫਟ ਹੈਂਡ ਡ੍ਰਾਈਵ ਸਿਸਟਮ ’ਤੇ ਚਲਦੇ ਹਨ। ਇਸ ਹਾਲਤ ’ਚ ਪੈਦਲ ਯਾਤਰੀਆਂ ਲਈ ਸੁਰੱਖਿਅਤ ਦਿਸ਼ਾ ਖੱਬੀ ਨਹੀਂ, ਸਗੋਂ ਸੱਜੀ ਹੈ।
ਖੱਬੇ ਪਾਸੇ ਵਾਹਨ ਚਲਾਉਂਦੇ ਸਮੇਂ ਜਦੋਂ ਕੋਈ ਪੈਦਲ ਤੁਰਨ ਵਾਲਾ ਵੀ ਇਸੇ ਦਿਸ਼ਾ ’ਚ ਤੁਰ ਰਿਹਾ ਹੁੰਦਾ ਹੈ ਤਾਂ ਉਸ ਦੇ ਵਾਹਨ ਦੀ ਲਪੇਟ ’ਚ ਆਉਣ ਦੀ ਸੰਭਾਵਨਾ ਵੱਧ ਜਾਂਦੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਹੁਣ ਸਕੂਲਾਂ ਤੇ ਘਰਾਂ ਵਿਚ ਦਿੱਤੀ ਜਾਣ ਵਾਲੀ ਪੁਰਾਣੀ ਸਿੱਖਿਆ ’ਚ ਬਦਲਾਅ ਕਰਨਾ ਪਵੇਗਾ। ਬੱਚਿਆਂ ਨੂੰ ਇਹ ਸਮਝਾਉਣਾ ਜ਼ਰੂਰੀ ਹੈ ਕਿ ਪੈਦਲ ਤੁਰਨ ਵਾਲਾ ਹਮੇਸ਼ਾ ਟ੍ਰੈਫਿਕ ਦੀ ਉਲਟ ਦਿਸ਼ਾ ਵਿਚ ਤੁਰੇ। ਯਾਨੀ ਜੇਕਰ ਖੱਬੇ ਪਾਸੇ ਟ੍ਰੈਫਿਕ ਚੱਲ ਰਿਹਾ ਹੈ ਤਾਂ ਤੁਸੀਂ ਸੱਜੇ ਪਾਸੇ ਤੁਰੋ ਤਾਂ ਕਿ ਡਰਾਈਵਰ ਨੂੰ ਤੁਸੀਂ ਸਾਫ਼ ਤੌਰ ’ਤੇ ਦਿਖਾਈ ਦੇ ਸਕੋ। ਸਹੀ ਦਿਸ਼ਾ ਅਪਣਾ ਕੇ ਹੀ ਪੈਦਲ ਯਾਤਰੀ ਸੜਕ ਹਾਦਸਿਆਂ ਤੋਂ ਆਪਣੀ ਜਾਨ ਬਚਾਅ ਸਕਦੇ ਹਨ।
ਚੰਡੀਗੜ੍ਹ ਪ੍ਰਸ਼ਾਸਨ ਨੇ ਲੋਕਾਂ ਨੂੰ ਜਾਗਰੂਕ ਕਰਨਾ ਕੀਤਾ ਸ਼ੁਰੂ
ਦੁਨੀਆ ਭਰ ਵਿਚ ਪੈਦਲ ਯਾਤਰੀਆਂ ਲਈ ਇੱਕੋ ਮੂਲ ਨਿਯਮ ਮੰਨਿਆ ਜਾਂਦਾ ਹੈ ‘ਫੇਸ ਦਿ ਟ੍ਰੈਫਿਕ’। ਯਾਨੀ ਜਿੱਧਰੋਂ ਵਾਹਨ ਆ ਰਹੇ ਹੋਣ, ਉਸੇ ਪਾਸੇ ਮੂੰਹ ਕਰ ਕੇ ਤੁਰੋ। ਭਾਰਤ ਤੇ ਬਰਤਾਨੀਆ ਵਰਗੇ ਦੇਸ਼ਾਂ ਵਿਚ ਇਸ ਦਾ ਮਤਲਬ ਸੱਜੇ ਪਾਸੇ ਤੁਰਨਾ ਹੈ, ਜਦਕਿ ਅਮਰੀਕਾ ਤੇ ਯੂਰਪ ਵਿਚ ਖੱਬੇ ਪਾਸੇ ਤੁਰਨਾ ਹੈ। ਇੰਡੀਅਨ ਰੋਡ ਕਾਂਗਰਸ ਤੇ ਸੁਪਰੀਮ ਕੋਰਟ ਵੀ ਪੈਦਲ ਯਾਤਰੀਆਂ ਦੀ ਸੁਰੱਖਿਆ ਲਈ ਇਹੀ ਦਿਸ਼ਾ ਸੁਝਾਅ ਚੁੱਕੇ ਹਨ। ਲੋਕਾਂ ਨੂੰ ਸੱਜੇ ਪਾਸੇ ਪੈਦਲ ਤੁਰਨ ਲਈ ਜਾਗਰੂਕ ਕਰਨ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਚੰਡੀਗੜ੍ਹ ਵਿਚ ਡਰਾਈਵਿੰਗ ਲਾਇਸੈਂਸ ਬਣਵਾਉਣ ਲਈ ਆਉਣ ਵਾਲਿਆਂ ਨੂੰ ਇਸ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਹੀ ਨਹੀਂ, ਪੰਜਾਬ ਰੋਡ ਸੇਫਟੀ ਕੌਂਸਲ ਵੀ ਇਸ ਸਬੰਧੀ ਜਾਗਰੂਕਤਾ ਮੁਹਿੰਮ ਸ਼ੁਰੂ ਕਰ ਰਹੀ ਹੈ।
ਬਲਾਈਂਡ ਐਂਗਲ ਬਣਦਾ ਹੈ ਹਾਦਸੇ ਦਾ ਕਾਰਨ
ਸੜਕ ਸੁਰੱਖਿਆ ਮਾਹਰਾਂ ਮੁਤਾਬਕ, ਪੈਦਲ ਯਾਤਰੀਆਂ ਦੀ ਮੌਤ ਦਾ ਸਭ ਤੋਂ ਵੱਡਾ ਕਾਰਨ ਇਹੀ ਬਲਾਈਂਡ ਐਂਗਲ ਹੈ। ਜਦੋਂ ਕੋਈ ਵਾਹਨ ਖੱਬੇ ਪਾਸੇ ਚੱਲ ਰਿਹਾ ਹੁੰਦਾ ਹੈ ਤਾਂ ਡਰਾਈਵਰ ਲਈ ਆਪਣੇ ਖੱਬੇ ਪਾਸੇ ਦੇਖਣਾ ਔਖਾ ਹੋ ਜਾਂਦਾ ਹੈ। ਇਸ ਹਾਲਤ ’ਚ ਖੱਬੇ ਪਾਸੇ ਤੁਰ ਰਿਹਾ ਪੈਦਲ ਯਾਤਰੀ ਕਈ ਵਾਰ ਵਾਹਨ ਦੀ ਲਪੇਟ ’ਚ ਆ ਜਾਂਦਾ ਹੈ। ਇਸ ਦੇ ਉਲਟ ਸੱਜੇ ਪਾਸੇ ਤੁਰ ਰਿਹਾ ਆਦਮੀ ਡਰਾਈਵਰ ਨੂੰ ਸਾਫ਼ ਦਿਖਾਈ ਦਿੰਦਾ ਹੈ। ਇਸ ਲਈ ਹਾਦਸੇ ਦੀ ਸੰਭਾਵਨਾ ਵੀ ਘੱਟ ਜਾਂਦੀ ਹੈ।
2023 ’ਚ ਦੇਸ਼ ’ਚ 35 ਹਜ਼ਾਰ ਪੈਦਲ ਯਾਤਰੀਆਂ ਦੀ ਹਾਦਸਿਆਂ ’ਚ ਹੋਈ ਮੌਤ
ਖੱਬੇ ਪਾਸੇ ਤੁਰਨ ਦੇ ਨਤੀਜੇ ਕਿੰਨੇ ਗੰਭੀਰ ਨਿਕਲ ਰਹੇ ਹਨ, ਇਸ ਦਾ ਅੰਦਾਜ਼ਾ ਟਰਾਂਸਪੋਰਟ ਮੰਤਰਾਲੇ ਦੇ ਅੰਕੜਿਆਂ ਨੂੰ ਦੇਖ ਕੇ ਸਾਫ਼ ਤੌਰ ’ਤੇ ਲਗਾਇਆ ਜਾ ਸਕਦਾ ਹੈ। ਸਾਲ 2023 ਵਿਚ ਦੇਸ਼ ’ਚ ਸੜਕ ਹਾਦਸਿਆਂ ਵਿਚ 35 ਹਜ਼ਾਰ ਤੋਂ ਵੱਧ ਪੈਦਲ ਯਾਤਰੀਆਂ ਦੀ ਮੌਤ ਹੋਈ, ਜਦਕਿ 2022 ਵਿਚ ਇਹ ਅੰਕੜਾ 32 ਹਜ਼ਾਰ ਤੋਂ ਉੱਪਰ ਸੀ। ਕੁੱਲ ਸੜਕ ਹਾਦਸਿਆਂ ਦੌਰਾਨ ਮਰਨ ਵਾਲਿਆਂ ਵਿਚ ਪੈਦਲ ਯਾਤਰੀਆਂ ਦੀ ਹਿੱਸੇਦਾਰੀ ਲਗਪਗ 20 ਫ਼ੀਸਦੀ ਹੈ। ਮਾਹਰ্ঞান ਮੰਨਦੇ ਹਨ ਕਿ ਇਨ੍ਹਾਂ ਵਿਚੋਂ ਵੱਡੀ ਗਿਣਤੀ ਉਨ੍ਹਾਂ ਲੋਕਾਂ ਦੀ ਹੈ ਜਿਹੜੇ ਟ੍ਰੈਫਿਕ ਦੀ ਹੀ ਦਿਸ਼ਾ ਵਿਚ ਯਾਨੀ ਖੱਬੇ ਪਾਸੇ ਤੁਰ ਰਹੇ ਸਨ।
ਜਾਨ ਦੇ ਨਾਲ-ਨਾਲ ਆਰਥਿਕ ਨੁਕਸਾਨ ਵੀ ਹੁੰਦੈ
ਇਹ ਮਾਮਲਾ ਸਿਰਫ਼ ਜਾਨ ਤੱਕ ਸੀਮਤ ਨਹੀਂ ਹੈ ਸਗੋਂ ਆਰਥਿਕ ਨੁਕਸਾਨ ਨਾਲ ਵੀ ਜੁੜਿਆ ਹੈ। ਕਈ ਮਾਮਲਿਆਂ ਵਿਚ ਬੀਮਾ ਕੰਪਨੀਆਂ ਪੈਦਲ ਯਾਤਰੀ ਦੀ ਦਿਸ਼ਾ ਨੂੰ ਲਾਪਰਵਾਹੀ ਮੰਨ ਲੈਂਦੀਆਂ ਹਨ। ਇਸ ਨੂੰ ਕੰਟ੍ਰੀਬਿਊਟਰੀ ਨੈਗਲੀਜੈਂਸ ਕਿਹਾ ਜਾਂਦਾ ਹੈ ਯਾਨੀ ਹਾਦਸੇ ਵਿਚ ਪੀੜਤ ਦੀ ਵੀ ਗਲਤੀ ਮੰਨੀ ਜਾਂਦੀ ਹੈ। ਇਸ ਸਥਿਤੀ ਵਿਚ ਬੀਮਾ ਕਲੇਮ ਜਾਂ ਮੁਆਵਜ਼ੇ ਦੀ ਰਕਮ ਵਿਚ 20 ਤੋਂ 50 ਫ਼ੀਸਦੀ ਤੱਕ ਕਟੌਤੀ ਹੋ ਸਕਦੀ ਹੈ।
ਖੱਬੇ ਪਾਸੇ ਪੈਦਲ ਤੁਰਨਾ ਖ਼ਤਰੇ ਤੋਂ ਘੱਟ ਨਹੀਂ। ਟ੍ਰੈਫਿਕ ਪੁਲਿਸ ਹੁਣ ਸਕੂਲੀ ਬੱਚਿਆਂ ਤੋਂ ਲੈ ਕੇ ਆਮ ਜਨਤਾ ਨੂੰ ਇਸ ਸਬੰਧੀ ਜਾਗਰੂਕ ਕਰਨ ਲਈ ਮੁਹਿੰਮ ਸ਼ੁਰੂ ਕਰੇਗੀ। ਲੋਕਾਂ ਨੂੰ ਸਮਝਾਇਆ ਜਾਵੇਗਾ ਕਿ ਹਮੇਸ਼ਾ ਸੱਜੇ ਪਾਸੇ ਪੈਦਲ ਤੁਰੋ ਤਾਂ ਕਿ ਹਾਦਸਾ ਹੋਣ ਤੋਂ ਬਚਾਅ ਹੋ ਸਕੇ।
- ਏਐੱਸ ਰਾਏ, ਸਪੈਸ਼ਲ ਡੀਜੀਪੀ, ਟ੍ਰੈਫਿਕ
ਸੱਜੇ ਪਾਸੇ ਤੁਰਨਾ ਚੰਗਾ ਕਦਮ ਹੈ ਪਰ ਇਹ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਸੜਕ ਕਿਹੋ ਜਿਹੀ ਹੈ। ਜੇਕਰ ਸੜਕ ਵਨ-ਵੇ ਹੋਵੇ ਤਾਂ ਤੁਸੀਂ ਖੱਬੇ ਪਾਸੇ ਵੀ ਤੁਰ ਸਕਦੇ ਹੋ ਪਰ ਜ਼ਿਆਦਾਤਰ ਖੇਤਰ ’ਚ ਵਨ-ਵੇ ਨਹੀਂ ਹੁੰਦੀ, ਇਸ ਲਈ ਸੱਜੇ ਪਾਸੇ ਤੁਰਨਾ ਜ਼ਿਆਦਾ ਸੁਰੱਖਿਅਤ ਹੁੰਦਾ ਹੈ। ਹਾਲਾਂਕਿ ਮੋਟਰ ਵ੍ਹੀਕਲ ਐਕਟ ’ਚ ਇਹ ਦੱਸਿਆ ਗਿਆ ਹੈ ਕਿ ਜੇਕਰ ਕੋਈ ਵਿਅਕਤੀ ਖੱਬੇ ਪਾਸੇ ਤੁਰ ਰਿਹਾ ਹੋਵੇ ਤਾਂ ਵਾਹਨ ਚਾਲਕ ਨੂੰ ਉਸ ਤੋਂ ਕਰੀਬ ਦੋ ਮੀਟਰ ਦੂਰੀ ਬਣਾ ਕੇ ਨਿਕਲਣਾ ਹੁੰਦਾ ਹੈ ਪਰ ਕਈ ਵਾਰ ਅਜਿਹਾ ਨਹੀਂ ਹੁੰਦਾ। ਤੇਜ਼ ਰਫ਼ਤਾਰ ਕਾਰਨ ਪੈਦਲ ਤੁਰਨ ਵਾਲੇ ਲੋਕ ਵਾਹਨ ਦੀ ਲਪੇਟ ’ਚ ਆ ਜਾਂਦਾ ਹੈ।
- ਨਵਦੀਪ ਅਸੀਜਾ, ਪੰਜਾਬ ਰੋਡ ਸੇਫਟੀ ਐਂਡ ਟ੍ਰੈਫਿਕ ਰਿਸਰਚ ਸੈਂਟਰ ਦੇ ਸਲਾਹਕਾਰ