ਇਮੀਗ੍ਰੇਸ਼ਨ ਏਜੰਟ ਦੀ ਖੁਦਕੁਸ਼ੀ ਮਾਮਲਾ, ਏਆਈਜੀ ਕਲੇਰ ਦੇ ਗੰਨਮੈਨ ਨੇ ਅਗਾਊਂ ਜ਼ਮਾਨਤ ਲਈ ਪਾਈ ਅਰਜ਼ੀ
ਇਮੀਗ੍ਰੇਸ਼ਨ ਏਜੰਟ ਦੀ ਖੁਦਕੁਸ਼ੀ ਮਾਮਲਾ: ਏਆਈਜੀ ਕਲੇਰ ਦੇ ਗੰਨਮੈਨ ਨੇ ਅਗਾਊਂ ਜ਼ਮਾਨਤ ਲਈ ਪਾਈ ਅਰਜ਼ੀ
Publish Date: Mon, 15 Sep 2025 10:04 PM (IST)
Updated Date: Mon, 15 Sep 2025 10:05 PM (IST)

ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮੁਹਾਲੀ ਦੇ ਇੱਕ ਇਮੀਗ੍ਰੇਸ਼ਨ ਏਜੰਟ ਰਾਜਦੀਪ ਸਿੰਘ ਦੀ ਕਥਿਤ ਖੁਦਕੁਸ਼ੀ ਦੇ ਮਾਮਲੇ ਵਿਚ ਇੱਕ ਨਵਾਂ ਮੋੜ ਆਇਆ ਹੈ। ਏਆਈਜੀ ਗੁਰਜੋਤ ਸਿੰਘ ਕਲੇਰ ਦੇ ਗੰਨਮੈਨ, ਏਐੱਸਆਈ ਰਿਸ਼ੀ ਰਾਜ ਸਿੰਘ ਨੇ ਮੁਹਾਲੀ ਅਦਾਲਤ ’ਚ ਅਗਾਊਂ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ ਹੈ। ਆਪਣੀ ਅਰਜ਼ੀ ’ਚ ਏਐੱਸਆਈ ਨੇ ਦਾਅਵਾ ਕੀਤਾ ਹੈ ਕਿ ਰਾਜਦੀਪ ਦੀ ਮੌਤ ਵਿਚ ਉਸ ਦਾ ਕੋਈ ਹੱਥ ਨਹੀਂ ਹੈ ਅਤੇ ਉਹ ਸਿਰਫ਼ ਆਪਣੇ ਅਧਿਕਾਰੀ ਦੇ ਕਹਿਣ ’ਤੇ ਰਾਜਦੀਪ ਨੂੰ ਲੈ ਕੇ ਆਇਆ ਸੀ। ਇਹ ਮਾਮਲਾ 9 ਸਤੰਬਰ, 2025 ਦਾ ਹੈ, ਜਦੋਂ 45 ਸਾਲਾ ਇਮੀਗ੍ਰੇਸ਼ਨ ਕੰਸਲਟੈਂਟ ਰਾਜਦੀਪ ਸਿੰਘ ਨੇ ਸੈਕਟਰ-68 ਸਥਿਤ ਐੱਚਡੀਐੱਫਸੀ ਬੈਂਕ ਦੇ ਪਖ਼ਾਨੇ ਵਿਚ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਖ਼ੁਦ ਨੂੰ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ। ਮਰਨ ਤੋਂ ਪਹਿਲਾਂ ਰਾਜਦੀਪ ਨੇ ਇੱਕ ਵੀਡੀਓ ਰਿਕਾਰਡ ਕੀਤਾ ਸੀ, ਜਿਸ ਵਿਚ ਉਸ ਨੇ ਏਆਈਜੀ ਗੁਰਜੋਤ ਸਿੰਘ ਕਲੇਰ, ਏਐੱਸਆਈ ਰਿਸ਼ੀ ਰਾਜ ਸਿੰਘ ਅਤੇ ਹੋਰਨਾਂ ’ਤੇ ਤੰਗ ਕਰਨ ਦੇ ਦੋਸ਼ ਲਾਏ ਸਨ। ਰਾਜਦੀਪ ਦੇ ਪਿਤਾ ਪਰਮਜੀਤ ਸਿੰਘ ਦੀ ਸ਼ਿਕਾਇਤ ’ਤੇ ਏਆਈਜੀ ਕਲੇਰ ਸਮੇਤ ਕਈ ਲੋਕਾਂ ਵਿਰੁੱਧ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਆਪਣੀ ਅਗਾਊਂ ਜ਼ਮਾਨਤ ਦੀ ਅਰਜ਼ੀ ਵਿਚ ਏਐੱਸਆਈ ਰਿਸ਼ੀ ਰਾਜ ਸਿੰਘ ਨੇ ਕਿਹਾ ਕਿ ਉਸ ਨੇ ਸਿਰਫ਼ ਆਪਣੀ ਡਿਊਟੀ ਨਿਭਾਈ ਹੈ। ਉਸ ਨੇ ਦਾਅਵਾ ਕੀਤਾ ਕਿ ਰਾਜਦੀਪ ਨੇ ਖ਼ੁਦ ਬੈਂਕ ’ਚ ਰੁਕਣ ਲਈ ਕਿਹਾ ਸੀ, ਜਿੱਥੇ ਉਸ ਨੇ ਪਖ਼ਾਨੇ ਵਿਚ ਜਾ ਕੇ ਖ਼ੁਦਕੁਸ਼ੀ ਕਰ ਲਈ। ਏਐੱਸਆਈ ਨੇ ਕਿਹਾ ਕਿ ਆਵਾਜ਼ ਸੁਣਨ ਤੋਂ ਬਾਅਦ ਉਸ ਨੇ ਬੈਂਕ ਸਟਾਫ਼ ਦੀ ਮਦਦ ਨਾਲ ਦਰਵਾਜ਼ਾ ਤੋੜਿਆ ਅਤੇ ਰਾਜਦੀਪ ਨੂੰ ਹਸਪਤਾਲ ਲਿਜਾਇਆ, ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਏਐੱਸਆਈ ਨੇ ਕਿਹਾ ਕਿ ਵੀਡੀਓ ਵਿਚ ਉਸ ਦਾ ਨਾਮ ਸਿਰਫ਼ ਮੌਕੇ ’ਤੇ ਉਸ ਦੀ ਮੌਜੂਦਗੀ ਕਾਰਨ ਹੀ ਹੈ ਅਤੇ ਉਹ ਜਾਂਚ ਵਿਚ ਪੂਰਾ ਸਹਿਯੋਗ ਦੇਵੇਗਾ। ਮੁਹਾਲੀ ਦੇ ਐੱਸਐੱਸਪੀ ਹਰਮਨਦੀਪ ਸਿੰਘ ਹਾਂਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਲੱਗੇ ਦੋਸ਼ਾਂ ਦੀ ਤਸਦੀਕ ਕੀਤੀ ਜਾ ਰਹੀ ਹੈ। ਪੁਲਿਸ ਏਆਈਜੀ ਗੁਰਜੋਤ ਸਿੰਘ ਕਲੇਰ ਦੀ ਭਾਲ ਕਰ ਰਹੀ ਹੈ, ਜੋ ਇਸ ਮਾਮਲੇ ਤੋਂ ਬਾਅਦ ਫ਼ਰਾਰ ਦੱਸੇ ਜਾ ਰਹੇ ਹਨ।