12 ਹਜ਼ਾਰ ਕਰੋੜ ਰੁਪਏ ਸਹੀ ਢੰਗ ਨਾਲ ਖਰਚੇ ਹੁੰਦੇ ਤਾਂ ਅੱਜ ਪੰਜਾਬ ਨਾ ਡੁੱਬਦਾ : ਸੈਣੀ
12 ਹਜ਼ਾਰ ਕਰੋੜ ਰੁਪਏ ਸਹੀ ਢੰਗ ਨਾਲ ਖਰਚੇ ਹੁੰਦੇ ਤਾਂ ਅੱਜ ਪੰਜਾਬ ਨਾ ਡੁੱਬਦਾ :- ਗੁਰਦਰਸ਼ਨ ਸਿੰਘ ਸੈਣੀ
Publish Date: Mon, 15 Sep 2025 08:23 PM (IST)
Updated Date: Mon, 15 Sep 2025 08:23 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਪੰਜਾਬ ਹੜ੍ਹਾਂ ਦੇ ਪਾਣੀ ਨਾਲ ਨਹੀਂ ਸਗੋਂ ਸਿਆਸਤਦਾਨਾਂ ਦੀ ਲਾਪ੍ਰਵਾਹੀ ਨਾਲ ਵਹਿਆ ਹੈ ਕਿਉਂਕਿ ਕੇਂਦਰ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਸਟੇਟ ਡਿਜ਼ਾਸਟਰ ਰਿਸਪਾਂਸ ਫੰਡ 12,000 ਕਰੋੜ ਰੁਪਏ ਸਹੀ ਢੰਗ ਨਾਲ ਖਰਚ ਨਹੀਂ ਕੀਤਾ ਗਿਆ। ਜ਼ੇਕਰ ਇਹ ਪੈਸੇ ਸਹੀ ਅਰਥਾਂ ਵਿਚ ਖਰਚੇ ਹੁੰਦੇ ਤਾਂ ਅੱਜ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦੀ ਇਹ ਹਾਲਤ ਨਾ ਹੁੰਦੀ। ਇਹ ਵਿਚਾਰ ਸੋਮਵਾਰ ਨੂੰ ਡੇਰਾਬੱਸੀ ਦੇ ਸੀਨੀਅਰ ਭਾਜਪਾ ਆਗੂ ਅਤੇ ਸਮਾਜ ਸੇਵੀ ਗੁਰਦਰਸ਼ਨ ਸਿੰਘ ਸੈਣੀ ਨੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਸਾਂਝੇ ਕੀਤੇ। ਸੈਣੀ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਜਵਾਬ ਦੇਣਾ ਹੀ ਪਵੇਗਾ ਕਿਉਂਕਿ ਪੰਜਾਬੀਆਂ ਨੂੰ ਆਪਣੇ ਹੱਕ ਦਾ ਹਿਸਾਬ ਚਾਹੀਦਾ ਹੈ। ਪੰਜਾਬ ਸਰਕਾਰ ਕੋਲ 12,000 ਕਰੋੜ ਰੁਪਏ ਦਾ ਫੰਡ ਹੈ, ਜਿਸ ਨੂੰ ਹੜ੍ਹਾਂ ਵਿਚ ਰਾਹਤ ਦੇਣ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ ਪਰ ਸਰਕਾਰ ਇਸ ਤੋਂ ਮੁਨਕਰ ਹੋ ਰਹੀ ਹੈ। ਇਸ ਲਈ ਪੰਜਾਬ ਸਰਕਾਰ ਲੋਕਾਂ ਨੂੰ ਜਵਾਬ ਦੇਣ ਦੀ ਦੇਣਦਾਰ ਹੈ। ਉਨ੍ਹਾਂ ਕਿਹਾ ਕਿ ਇਹ ਪੈਸੇ ਆਫ਼ਤ ਪ੍ਰਬੰਧਨ ਲਈ ਸਨ ਨਾ ਕਿ ਸੂਬਾ ਸਰਕਾਰ ਦੇ ਪ੍ਰਚਾਰ ਲਈ ਸੀ। ਜੇਕਰ ਉਹ ਪੈਸਾ ਜ਼ਮੀਨ ’ਤੇ ਪਹੁੰਚ ਜਾਂਦਾ ਤਾਂ ਪੰਜਾਬ ਅੱਜ ਇਸ ਤਰ੍ਹਾਂ ਦੁਖੀ ਨਾ ਹੁੰਦਾ। ਇਸ ਮੌਕੇ ਸੈਣੀ ਨੇ ਕਿਹਾ ਕਿ ਕੁਦਰਤੀ ਆਫ਼ਤਾਂ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਅਤੇ ਮੁੜ ਵਸੇਬੇ ਲਈ ਕੇਂਦਰ ਸਰਕਾਰ ਵੱਲੋਂ ਹਰੇਕ ਸਟੇਟ ਲਈ ਡਿਜ਼ਾਸਟਰ ਰਿਸਪਾਂਸ ਫੰਡ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਸ ਵੇਲੇ ਪੰਜਾਬ ਦੇ ਖਾਤੇ ’ਚ ਵੀ ਕਰੋੜਾਂ ਰੁਪਏ ਇਸ ਫੰਡ ਹੇਠ ਮੌਜੂਦ ਹਨ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਹੜ੍ਹਾਂ ਨੂੰ ਰੋਕਣ ਲਈ ਪਹਿਲਾਂ ਪੁਖ਼ਤਾ ਪ੍ਰਬੰਧ ਕੀਤੇ ਹੁੰਦੇ ਤਾਂ ਸ਼ਾਇਦ ਅੱਜ ਪੰਜਾਬ ਨਾ ਡੁੱਬਦਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਨਾ ਤਾਂ ਬੰਨ੍ਹ ਪੱਕੇ ਕੀਤੇ ਅਤੇ ਨਾ ਹੀ ਨਹਿਰਾਂ ਦੇ ਕਿਨਾਰੇ ਪੱਕੇ ਕਰਵਾਏ। ਜਿਸ ਦਾ ਖ਼ਮਿਆਜ਼ਾ ਅੱਜ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਸੈਣੀ ਨੇ ਕਿਹਾ ਕਿ ਹਰ ਸਾਲ ਬਰਸਾਤ ਮੌਸਮ ’ਚ ਮੰਡਰਾਅ ਰਹੇ ਹੜ੍ਹ ਤੋਂ ਬਚਾਅ ਲਈ ਪੰਜਾਬ ਸਰਕਾਰ ਨੂੰ ਪਹਿਲਾਂ ਹੀ ਪ੍ਰਬੰਧ ਕਰਨੇ ਚਾਹੀਦੇ ਸਨ ਪਰ ਸਰਕਾਰ ਵੱਲੋਂ ਕੋਈ ਪ੍ਰਬੰਧ ਨਹੀਂ ਕੀਤੇ ਗਏ। ਉਨ੍ਹਾਂ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਤੁਰੰਤ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਫ਼ਸਲ ਦੇ ਨੁਕਸਾਨ ਅਤੇ ਆਮ ਲੋਕਾਂ ਦੇ ਹੋਏ ਨੁਕਸਾਨ ਦਾ ਯੋਗ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਭਾਜਪਾ ਹੜ੍ਹ ਪੀੜਤਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ ਅਤੇ ਕਿਸੇ ਵੀ ਹਾਲਤ ’ਚ ਲੋਕਾਂ ਨੂੰ ਇਕੱਲਾ ਨਹੀਂ ਛੱਡਿਆ ਜਾਵੇਗਾ। ਜਦੋਂ ਤੋਂ ਹੜ੍ਹ ਵਰਗੇ ਹਾਲਾਤ ਬਣੇ ਉਦੋਂ ਤੋਂ ਹੀ ਪੰਜਾਬ ਭਾਜਪਾ ਲੋਕਾਂ ਦੀ ਮਦਦ ਕਰਨ ’ਚ ਰੁੱਝੀ ਹੋਈ ਹੈ। ਇਸ ਮੌਕੇ ਸਤਪਾਲ ਬਾਂਸਲ ਮੰਡਲ ਪ੍ਰਧਾਨ-2, ਏਕਤਾ ਨਾਗਪਾਲ, ਅਨੁਜ ਅਗਰਵਾਲ ਵਾਈਸ ਪ੍ਰਧਾਨ ਜ਼ਿਲ੍ਹਾ ਮੁਹਾਲੀ, ਪਰਦੀਪ, ਸੁਦੀਪ ਬੱਤਰਾ, ਅਚਿੰਤ ਜੀ, ਸੋਨੀ ਸਮਗੋਲੀ, ਰਮਨ ਨੰਬਰਦਾਰ ਸਮਗੋਲੀ, ਮੇਜਰ ਸਿੰਘ, ਦਿਆਲ ਸਿੰਘ ਸੈਣੀ, ਜਸਵੀਰ ਪੰਚ, ਬਲਵਿੰਦਰ ਅੰਟਾਲਾ, ਮਨਦੀਪ ਰਾਣਾ, ਸੰਜੀਵ ਭਗਵਾਸੀ, ਅਰਜਨ ਸਿੰਘ, ਦਵਿੰਦਰ ਸਿੰਘ, ਬੱਬੂ ਕੁੜਾਵਾਲਾ, ਪੁਸ਼ਪਿੰਦਰ ਮਹਿਤਾ, ਭਾਰਤਵਾਜ, ਵਿਕਾਸ ਜੈਨ, ਐਡਵੋਕੇਟ ਵਿਕਰਾਂਤ, ਰਾਜ ਕਿਸ਼ਨ, ਸੂਬੇਦਾਰ ਰਵਿੰਦਰ ਆਦਿ ਮੌਜੂਦ ਸਨ।