ਸਕਰੂਟਨੀ ’ਚ ਭਾਰੀ ਹੰਗਾਮਾ : ਨਾਮਜ਼ਦਗੀ ਜਾਂਚ ਦੌਰਾਨ ਦੇਰ ਸ਼ਾਮ ਤੱਕ ਚੱਲਿਆ ਹਾਈਵੋਲਟੇਜ਼ ਡਰਾਮਾ
ਸਕਰੂਟਨੀ 'ਚ ਭਾਰੀ ਹੰਗਾਮਾ : ਨਾਮਜ਼ਦਗੀ ਜਾਂਚ ਦੌਰਾਨ ਦੇਰ ਸ਼ਾਮ ਤੱਕ ਚੱਲਿਆ ਹਾਈਵੋਲਟੇਜ ਡਰਾਮਾ
Publish Date: Mon, 18 May 2026 10:25 PM (IST)
Updated Date: Mon, 18 May 2026 10:27 PM (IST)

ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ ਜ਼ੀਰਕਪੁਰ : ਜ਼ੀਰਕਪੁਰ ਨਗਰ ਕੌਂਸਲ ਚੋਣਾਂ ਦੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ (ਸਕਰੂਟਨੀ) ਦੌਰਾਨ ਸੋਮਵਾਰ ਨੂੰ ਨਗਰ ਕੌਂਸਲ ਦਫ਼ਤਰ ਇਕ ਸਿਆਸੀ ਅਖਾੜੇ ਵਿਚ ਤਬਦੀਲ ਹੋ ਗਿਆ। ਸਵੇਰ ਤੋਂ ਸ਼ੁਰੂ ਹੋਇਆ ਹਾਈਵੋਲਟੇਜ਼ ਡਰਾਮਾ ਦੇਰ ਸ਼ਾਮ ਤੱਕ ਜਾਰੀ ਰਿਹਾ। ਅਫ਼ਵਾਹਾਂ, ਖ਼ਦਸ਼ਿਆਂ ਅਤੇ ਭਾਰੀ ਨਾਅਰੇਬਾਜ਼ੀ ਦੇ ਵਿਚਕਾਰ ਜਦੋਂ ਰਿਟਰਨਿੰਗ ਅਫ਼ਸਰ-ਕਮ-ਬੀਡੀਪੀਓ. ਬਲਜੀਤ ਸਿੰਘ ਸੋਹੀ ਨੇ 17 ਪੰਨਿਆਂ ਦੀ ਅਧਿਕਾਰਤ ਸੂਚੀ ਜਾਰੀ ਕੀਤੀ, ਤਾਂ ਚੋਣ ਸਮੀਕਰਨ ਪੂਰੀ ਤਰ੍ਹਾਂ ਉਲਟ ਗਏ। ਇਸ ਪੂਰੀ ਪ੍ਰਕਿਰਿਆ ਵਿਚ ਕੁੱਲ 260 ਨਾਮਜ਼ਦਗੀਆਂ ਵਿਚੋਂ 46 ਫਾਰਮ ਪ੍ਰਸ਼ਾਸਨਿਕ ਜਾਂਚ ਦੌਰਾਨ ਰੱਦ (ਰਿਜੈਕਟ) ਕਰ ਦਿੱਤੇ ਗਏ। ਰੱਦ ਕੀਤੇ ਗਏ 46 ਨਾਮਜ਼ਦਗੀ ਫਾਰਮਾਂ ਵਿਚ ਵੱਡੀ ਗਿਣਤੀ ਕਵਰਿੰਗ ਉਮੀਦਵਾਰਾਂ ਦੀ ਹੈ, ਪਰ ਕਈ ਸੀਟਾਂ ’ਤੇ ਮੁੱਖ ਉਮੀਦਵਾਰਾਂ ਦੇ ਫਾਰਮ ਵੀ ਖ਼ਾਰਜ ਹੋਏ ਹਨ। ਭਾਜਪਾ ਦੇ 5 ਅਤੇ ਕਾਂਗਰਸ ਦੇ 3 ਮੁੱਖ ਦਿੱਗਜਾਂ ਸਮੇਤ ‘ਆਪ’ ਦੇ 4 ਕਵਰਿੰਗ ਉਮੀਦਵਾਰ ਅਤੇ 14 ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿਚੋਂ ਬਾਹਰ ਹੋ ਗਏ ਹਨ। ਹੁਣ ਸਭ ਦੀਆਂ ਨਜ਼ਰਾਂ ਨਾਮ ਵਾਪਸੀ ਦੀ ਤਰੀਕ ’ਤੇ ਟਿਕੀਆਂ ਹੋਈਆਂ ਹਨ, ਜਿਸ ਤੋਂ ਬਾਅਦ ਚੋਣ ਮੈਦਾਨ ਦੀ ਅੰਤਿਮ ਅਤੇ ਸਾਫ਼ ਤਸਵੀਰ ਸਾਹਮਣੇ ਆਵੇਗੀ ਅਤੇ ਜ਼ੀਰਕਪੁਰ ਵਿਚ ਚੋਣ ਪ੍ਰਚਾਰ ਪੂਰੀ ਤਰ੍ਹਾਂ ਰਫ਼ਤਾਰ ਫੜੇਗਾ। ਇਸ ਸਕਰੂਟਨੀ ਦਾ ਸਭ ਤੋਂ ਚੌਂਕਾਉਣ ਵਾਲਾ ਪਹਿਲੂ ਇਹ ਰਿਹਾ ਕਿ ਜਿੱਥੇ ਸ਼੍ਰੋਮਣੀ ਅਕਾਲੀ ਦਲ (ਸ਼੍ਰੋਅਦ) ਦਾ ਇਕ ਵੀ ਨਾਮਜ਼ਦਗੀ ਫਾਰਮ ਰੱਦ ਨਹੀਂ ਹੋਇਆ, ਉੱਥੇ ਹੀ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਕਾਂਗਰਸ ਨੂੰ ਤਕੜਾ ਝਟਕਾ ਲੱਗਿਆ ਹੈ। ਦੋਵਾਂ ਹੀ ਪ੍ਰਮੁੱਖ ਵਿਰੋਧੀ ਪਾਰਟੀਆਂ ਦੇ ਕਈ ਫਰੰਟ-ਰਨਰ ਅਤੇ ਦਿੱਗਜ ਆਗੂਆਂ ਦੀਆਂ ਨਾਮਜ਼ਦਗੀਆਂ ਖ਼ਾਰਜ ਕਰ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਦੇ ਕਵਰਿੰਗ ਉਮੀਦਵਾਰਾਂ ਅਤੇ ਵੱਡੀ ਗਿਣਤੀ ਵਿਚ ਆਜ਼ਾਦ ਉਮੀਦਵਾਰਾਂ ਤੇ ਵੀ ਗਾਜ ਡਿੱਗੀ ਹੈ। ਸੂਚੀ ਜਾਰੀ ਹੁੰਦੇ ਹੀ ਭੜਕੇ ਭਾਜਪਾ ਅਤੇ ਕਾਂਗਰਸ ਵਰਕਰਾਂ ਨੇ ਪੱਖਪਾਤ ਦੇ ਦੋਸ਼ ਲਗਾਉਂਦੇ ਹੋਏ ਨਗਰ ਕੌਂਸਲ ਦਫ਼ਤਰ ਦੇ ਬਾਹਰ ਅਤੇ ਮੁੱਖ ਗੇਟ ਤੇ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ, ਜਿਸ ਤੋਂ ਬਾਅਦ ਸਥਿਤੀ ਨੂੰ ਸੰਭਾਲਣ ਲਈ ਭਾਰੀ ਪੁਲਿਸ ਬਲ ਨੂੰ ਮੋਰਚਾ ਸੰਭਾਲਣਾ ਪਿਆ। ----- ਅਫ਼ਵਾਹਾਂ ਦਾ ਬਾਜ਼ਾਰ ਗਰਮ, ਪੁਲਿਸ ਨੇ ਖਦੇੜੇ ਪ੍ਰਦਰਸ਼ਨਕਾਰੀ ਸ਼ਾਮ ਨੂੰ ਲਿਸਟ ਜਾਰੀ ਹੋਣ ਤੋਂ ਠੀਕ ਪਹਿਲਾਂ ਨਗਰ ਕੌਂਸਲ ਦਫ਼ਤਰ ਦੇ ਬਾਹਰ ਇਹ ਅਫ਼ਵਾਹ ਫੈਲ ਗਈ ਕਿ ਭਾਜਪਾ ਅਤੇ ਅਕਾਲੀ ਦਲ ਦੇ ਕਈ ਮੁੱਖ ਚਿਹਰਿਆਂ ਦੇ ਨਾਮਜ਼ਦਗੀ ਫਾਰਮ ਰੱਦ ਕਰ ਦਿੱਤੇ ਗਏ ਹਨ। ਇਸ ਖ਼ਬਰ ਦੇ ਫ਼ੈਲਦਿਆਂ ਹੀ ਭਾਜਪਾ ਦੇ ਸੀਨੀਅਰ ਆਗੂਆਂ ਅਤੇ ਗੁੱਸੇ ਵਿਚ ਆਏ ਵਰਕਰਾਂ ਦਾ ਗੁੱਸਾ ਫੁੱਟ ਪਿਆ। ਉਨ੍ਹਾਂ ਨੇ ਇਸ ਨੂੰ ਸੱਤਾ ਦੇ ਦਬਾਅ ਹੇਠ ਕੀਤੀ ਗਈ ਕਾਰਵਾਈ ਦੱਸਦੇ ਹੋਏ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਮਾਹੌਲ ਇੰਨਾ ਤਣਾਅਪੂਰਨ ਹੋ ਗਿਆ ਕਿ ਪੁਲਿਸ ਨੂੰ ਤੁਰੰਤ ਦਖ਼ਲ ਦੇਣਾ ਪਿਆ ਅਤੇ ਪ੍ਰਦਰਸ਼ਨਕਾਰੀਆਂ ਨੂੰ ਨਗਰ ਕੌਂਸਲ ਦਫ਼ਤਰ ਕੰਪਲੈਕਸ ਤੋਂ ਬਾਹਰ ਖਦੇੜ ਦਿੱਤਾ।