- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੁੱਧਵਾਰ ਨੂੰ ਹੋਈ ਸੁਣਵਾਈ ਦੌਰਾਨ ਪੰਜਾਬ ਦੇ ਪੁਲਿਸ ਮਹਾਨਿਰਦੇਸ਼ਕ (DGP) ਗੌਰਵ ਯਾਦਵ ਖੁਦ ਅਦਾਲਤ ਵਿੱਚ ਪੇਸ਼ ਹੋਏ। ਕੋਰਟ ਨੇ ਡੀਜੀਪੀ ਨੂੰ ਕਿਹਾ ਕਿ ਉਹ ਇਹ ਸਮਝ ਸਕਦੇ ਹਨ ਕਿ ਆਖਰ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਕਿਉਂ ਤਲਬ ਕੀਤਾ ਗਿਆ ਹੈ।

ਰਾਜ ਬਿਊਰੋ, ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਖ਼ਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਥਿਤ ਇੰਟਰਵਿਊ ਤੋਂ ਬਾਅਦ ਪੰਜਾਬ ਵਿੱਚ ਵਿਗੜ ਰਹੀ ਕਾਨੂੰਨ ਵਿਵਸਥਾ ਨੂੰ ਗੰਭੀਰਤਾ ਨਾਲ ਲੈਂਦਿਆਂ ਸਖ਼ਤ ਰੁਖ਼ ਅਖਤਿਆਰ ਕੀਤਾ ਹੈ। ਹਾਈ ਕੋਰਟ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਅਪਰਾਧ ਅਤੇ ਅਪਰਾਧੀਆਂ ਨੂੰ ਜਿਸ ਤਰ੍ਹਾਂ ਖੁੱਲ੍ਹੇਆਮ ਵਡਿਆਇਆ ਜਾ ਰਿਹਾ ਹੈ, ਉਹ ਬੇਹੱਦ ਚਿੰਤਾਜਨਕ ਹੈ ਅਤੇ ਇਸ ਨਾਲ ਆਮ ਜਨਤਾ ਵਿੱਚ ਕਾਨੂੰਨ ਦਾ ਡਰ ਖ਼ਤਮ ਹੁੰਦਾ ਨਜ਼ਰ ਆ ਰਿਹਾ ਹੈ।
ਬੁੱਧਵਾਰ ਨੂੰ ਹੋਈ ਸੁਣਵਾਈ ਦੌਰਾਨ ਪੰਜਾਬ ਦੇ ਪੁਲਿਸ ਮਹਾਨਿਰਦੇਸ਼ਕ (DGP) ਗੌਰਵ ਯਾਦਵ ਖੁਦ ਅਦਾਲਤ ਵਿੱਚ ਪੇਸ਼ ਹੋਏ। ਕੋਰਟ ਨੇ ਡੀਜੀਪੀ ਨੂੰ ਕਿਹਾ ਕਿ ਉਹ ਇਹ ਸਮਝ ਸਕਦੇ ਹਨ ਕਿ ਆਖਰ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਕਿਉਂ ਤਲਬ ਕੀਤਾ ਗਿਆ ਹੈ।
ਅਦਾਲਤ ਨੇ ਟਿੱਪਣੀ ਕੀਤੀ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਅਜਿਹੀਆਂ ਕਈ ਉਦਾਹਰਨਾਂ ਹਨ ਜਿੱਥੇ ਦਿਨ-ਦਿਹਾੜੇ, ਹਜ਼ਾਰਾਂ ਲੋਕਾਂ ਦੀ ਮੌਜੂਦਗੀ ਵਿੱਚ ਸ਼ੂਟਰ ਕਤਲ ਕਰਕੇ ਫ਼ਰਾਰ ਹੋ ਜਾਂਦੇ ਹਨ, ਜਦਕਿ ਮੌਕੇ 'ਤੇ ਪੁਲਿਸ ਵੀ ਮੌਜੂਦ ਹੁੰਦੀ ਹੈ। ਇਸ ਤੋਂ ਬਾਅਦ ਇਨ੍ਹਾਂ ਅਪਰਾਧਾਂ ਨੂੰ ਸੋਸ਼ਲ ਮੀਡੀਆ 'ਤੇ 'ਗਲੋਰੀਫਾਈ' (ਵਡਿਆਇਆ) ਕੀਤਾ ਜਾਂਦਾ ਹੈ, ਜੋ ਸਥਿਤੀ ਨੂੰ ਹੋਰ ਭਿਆਨਕ ਬਣਾਉਂਦਾ ਹੈ। ਹਾਈ ਕੋਰਟ ਨੇ ਸਵਾਲ ਚੁੱਕਿਆ ਕਿ ਪੁਲਿਸ ਥਾਣੇ ਦੇ ਅੰਦਰ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਕਿਵੇਂ ਹੋਇਆ ਅਤੇ ਅਪਰਾਧੀਆਂ ਦੇ ਹੌਸਲੇ ਇੰਨੇ ਬੁਲੰਦ ਕਿਵੇਂ ਹੋ ਗਏ ਕਿ ਉਹ ਬੇਖ਼ੌਫ ਹੋ ਕੇ ਗੋਲੀਆਂ ਚਲਾ ਕੇ ਭੱਜ ਜਾਂਦੇ ਹਨ।
ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਤੋਂ ਬਾਅਦ ਕਿੰਨੀਆਂ ਗੋਲੀਬਾਰੀ ਅਤੇ ਕਤਲ ਹੋਏ? ਹਾਈ ਕੋਰਟ ਨੇ ਪੰਜਾਬ ਡੀਜੀਪੀ ਨੂੰ ਰਿਕਾਰਡ ਦਾਇਰ ਕਰਨ ਦੇ ਨਿਰਦੇਸ਼ ਦਿੱਤੇ।
ਇੱਕ ਹਫ਼ਤੇ ਵਿੱਚ ਦਾਖ਼ਲ ਕਰੋ ਹਲਫ਼ਨਾਮਾ
ਅਦਾਲਤ ਨੇ ਡੀਜੀਪੀ ਨੂੰ ਨਿਰਦੇਸ਼ ਦਿੱਤਾ ਕਿ ਇੱਕ ਹਫ਼ਤੇ ਦੇ ਅੰਦਰ ਹਲਫ਼ਨਾਮਾ ਦਾਖ਼ਲ ਕਰਕੇ ਦੱਸਿਆ ਜਾਵੇ ਕਿ ਇੰਟਰਵਿਊ ਸਾਹਮਣੇ ਆਉਣ ਤੋਂ ਬਾਅਦ ਸ਼ੂਟਿੰਗ ਅਤੇ ਕਤਲ ਦੇ ਕਿੰਨੇ ਮਾਮਲਿਆਂ ਵਿੱਚ ਅਪਰਾਧੀਆਂ ਦੀ ਪਛਾਣ ਕੀਤੀ ਗਈ ਹੈ, ਉਨ੍ਹਾਂ ਵਿੱਚੋਂ ਕਿੰਨੇ ਗ੍ਰਿਫ਼ਤਾਰ ਕੀਤੇ ਗਏ ਜਾਂ ਮੁਕਾਬਲੇ ਵਿੱਚ ਮਾਰੇ ਗਏ ਹਨ ਅਤੇ ਕਿੰਨੇ ਅਜੇ ਵੀ ਫ਼ਰਾਰ ਹਨ। ਨਾਲ ਹੀ ਫ਼ਰਾਰ ਮੁਲਜ਼ਮਾਂ ਨੂੰ ਫੜਨ ਲਈ ਚੁੱਕੇ ਜਾ ਰਹੇ ਕਦਮਾਂ ਦਾ ਪੂਰਾ ਵੇਰਵਾ ਦੇਣ ਲਈ ਵੀ ਕਿਹਾ ਗਿਆ ਹੈ।
ਫ਼ਿਰੌਤੀ (Extortion) ਦੇ ਵਧਦੇ ਮਾਮਲਿਆਂ 'ਤੇ ਕੋਰਟ ਨੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਫ਼ਿਰੌਤੀ ਹੁਣ ਇੱਕ ਤਰ੍ਹਾਂ ਦੀ "ਇੰਡਸਟਰੀ" ਬਣ ਚੁੱਕੀ ਹੈ। ਅਦਾਲਤ ਨੇ ਨਿਰਦੇਸ਼ ਦਿੱਤਾ ਕਿ ਡੀਜੀਪੀ ਇਹ ਜਾਣਕਾਰੀ ਦੇਣ ਕਿ ਕਿੰਨੀਆਂ ਫ਼ਿਰੌਤੀ ਦੀਆਂ ਕਾਲਾਂ ਆਈਆਂ, ਕਿੰਨੀ ਰਕਮ ਵਸੂਲੀ ਗਈ, ਉਸ ਵਿੱਚੋਂ ਕਿੰਨੀ ਰਾਸ਼ੀ ਬਰਾਮਦ ਹੋਈ ਅਤੇ ਫ਼ਿਰੌਤੀ ਦੀ ਰਕਮ ਦੀ 'ਮਨੀ ਟ੍ਰੇਲ' ਲੱਭਣ ਲਈ ਕੀ ਕਾਰਵਾਈ ਕੀਤੀ ਗਈ।
'ਆਪ੍ਰੇਸ਼ਨ ਪ੍ਰਹਾਰ' ਤਹਿਤ 3000 ਗ੍ਰਿਫ਼ਤਾਰੀਆਂ
ਡੀਜੀਪੀ ਨੇ ਅਦਾਲਤ ਨੂੰ ਦੱਸਿਆ ਕਿ ‘ਆਪ੍ਰੇਸ਼ਨ ਪ੍ਰਹਾਰ’ ਤਹਿਤ ਹੁਣ ਤੱਕ ਕਰੀਬ 3000 ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ ਅਤੇ ਇਸ ਸਬੰਧੀ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਦੇ ਆਧੁਨਿਕੀਕਰਨ 'ਤੇ 297 ਕਰੋੜ ਰੁਪਏ ਖ਼ਰਚ ਕੀਤੇ ਜਾ ਰਹੇ ਹਨ। ਵਰਤਮਾਨ ਵਿੱਚ ਪੰਜਾਬ ਵਿੱਚ ਕਰੀਬ 88 ਹਜ਼ਾਰ ਪੁਲਿਸ ਕਰਮੀ ਤਾਇਨਾਤ ਹਨ ਅਤੇ 6000 ਨਵੀਆਂ ਭਰਤੀਆਂ ਪ੍ਰਕਿਰਿਆ ਅਧੀਨ ਹਨ। ਗੈਂਗਸਟਰਾਂ ਦਾ ਗੁਣਗਾਨ ਕਰਨ ਵਾਲੀਆਂ ਹਜ਼ਾਰਾਂ ਵੀਡੀਓਜ਼ ਸੋਸ਼ਲ ਮੀਡੀਆ ਤੋਂ ਹਟਵਾਈਆਂ ਜਾ ਚੁੱਕੀਆਂ ਹਨ।
ਹਾਈਕੋਰਟ ਨੇ ਵੀਆਈਪੀ (VIP) ਸੁਰੱਖਿਆ ਵਿੱਚ ਤਾਇਨਾਤ ਪੁਲਿਸ ਫੋਰਸ ਦਾ ਵੇਰਵਾ ਵੀ ਮੰਗਿਆ ਅਤੇ ਸਪੱਸ਼ਟ ਕੀਤਾ ਕਿ ਜੇਕਰ ਭਵਿੱਖ ਵਿੱਚ ਕਿਸੇ ਇਲਾਕੇ ਵਿੱਚ ਪੁਲਿਸ ਦੀ ਮੌਜੂਦਗੀ ਦੇ ਬਾਵਜੂਦ ਕਤਲ ਹੁੰਦਾ ਹੈ ਅਤੇ ਮੁਲਜ਼ਮ ਫ਼ਰਾਰ ਹੋ ਜਾਂਦੇ ਹਨ, ਤਾਂ ਸਬੰਧਤ ਐੱਸ.ਐੱਸ.ਪੀ. (SSP) ਦੀ ਜ਼ਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ। ਅਦਾਲਤ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਸੁਣਵਾਈ ਵਿਆਪਕ ਲੋਕ ਹਿੱਤ ਵਿੱਚ ਕਰ ਰਹੀ ਹੈ, ਤਾਂ ਜੋ ਪੰਜਾਬ ਦੇ ਆਮ ਲੋਕਾਂ ਦਾ ਕਾਨੂੰਨ 'ਤੇ ਭਰੋਸਾ ਬਣਿਆ ਰਹੇ ਅਤੇ ਇਹ ਧਾਰਨਾ ਨਾ ਬਣੇ ਕਿ ਰਾਜ ‘ਗੈਂਗਸਟਰ ਸਟੇਟ’ ਵੱਲ ਵਧ ਰਿਹਾ ਹੈ।