ਰੋਹਤਕ ਦੇ ਕਾਂਗਰਸੀ ਵਿਧਾਇਕ ਬੀਬੀ ਬੱਤਰਾ ਨੇ ਕਿਹਾ ਕਿ ਜੇਕਰ ਵਿਧਾਇਕ ਮਿਲ ਕੇ ਹਿਮਾਚਲ ਪ੍ਰਦੇਸ਼ ਜਾ ਰਹੇ ਹਨ ਤਾਂ ਇਸ ਵਿਚ ਕੋਈ ਬੁਰਾਈ ਨਹੀਂ। ਰਾਜ ਸਭਾ ਚੋਣਾਂ ਵਿਚ ਕਾਂਗਰਸ ਦੀ ਜਿੱਤ ਤੈਅ ਹੈ। ਬਾਦਲੀ ਦੇ ਵਿਧਾਇਕ ਕੁਲਦੀਪ ਵਤਸ ਨੇ ਵੀ ਕਿਹਾ ਕਿ ਸਾਰੇ ਵਿਧਾਇਕ ਭੁਪਿੰਦਰ ਸਿੰਘ ਹੁੱਡਾ ਦੀ ਅਗਵਾਈ ਵਿਚ ਇਕਜੁੱਟ ਹਨ।

ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਹਰਿਆਣਾ ਦੀਆਂ ਰਾਜ ਸਭਾ ਚੋਣਾਂ ਵਿਚ ਕ੍ਰਾਸ ਵੋਟਿੰਗ ਦੇ ਖ਼ਦਸ਼ੇ ਦਰਮਿਆਨ ਕਾਂਗਰਸ ਦੇ 37 ਵਿਧਾਇਕਾਂ ਵਿਚੋਂ 31 ਨੂੰ ਕਾਂਗਰਸ ਸ਼ਾਸਿਤ ਸੂਬੇ ਹਿਮਾਚਲ ਪ੍ਰਦੇਸ਼ ਵਿਚ ਸ਼ਿਫਟ ਕਰ ਦਿੱਤਾ ਗਿਆ ਹੈ। ਸੂਬਾਈ ਕਾਂਗਰਸ ਦੇ ਇੰਚਾਰਜ ਬੀਕੇ ਹਰੀ ਪ੍ਰਸਾਦ, ਸੂਬਾ ਪ੍ਰਧਾਨ ਰਾਓ ਨਰੇਂਦਰ ਸਿੰਘ ਅਤੇ ਰੋਹਤਕ ਦੇ ਸੰਸਦ ਮੈਂਬਰ ਦੀਪੇਂਦਰ ਸਿੰਘ ਹੁੱਡਾ ਨਾਲ ਇਹ ਸਾਰੇ ਵਿਧਾਇਕ ਸ਼ਿਮਲਾ ਨੇੜੇ ਕੁਫਰੀ ’ਚ ਰਹਿਣਗੇ। ਰਾਜ ਸਭਾ ਦੀ ਚੋਣ 16 ਮਾਰਚ ਨੂੰ ਹੋਣੀ ਹੈ। ਇਸ ਲਈ ਉਸੇ ਦਿਨ ਸਵੇਰੇ ਇਨ੍ਹਾਂ ਵਿਧਾਇਕਾਂ ਦੇ ਚੰਡੀਗੜ੍ਹ ਪਰਤਣ ਦੀ ਸੰਭਾਵਨਾ ਹੈ। ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਭੁਪਿੰਦਰ ਸਿੰਘ ਹੁੱਡਾ ਸਣੇ ਛੇ ਕਾਂਗਰਸੀ ਵਿਧਾਇਕ ਹਿਮਾਚਲ ਪ੍ਰਦੇਸ਼ ਦੇ ਦੌਰੇ ’ਤੇ ਨਹੀਂ ਗਏ। ਹੁੱਡਾ ਵੱਲੋਂ ਦਿੱਤੇ ਰਾਤ ਦੇ ਖਾਣੇ ’ਚ 37 ਵਿਧਾਇਕ ਇਕੱਠੇ ਹੋਏ।
ਕਾਂਗਰਸ ਹਾਈ ਕਮਾਨ ਨੇ ਪਾਰਟੀ ਦੇ ਇੰਚਾਰਜ ਬੀਕੇ ਹਰੀ ਪ੍ਰਸਾਦ ਅਤੇ ਵਿਰੋਧੀ ਧਿਰ ਦੇ ਆਗੂ ਭੁਪਿੰਦਰ ਸਿੰਘ ਹੁੱਡਾ ਨੂੰ ਰਾਜ ਸਭਾ ਚੋਣਾਂ ਲਈ ਕੇਂਦਰੀ ਨਿਗਰਾਨ ਨਿਯੁਕਤ ਕੀਤਾ ਹੈ। ਇਨ੍ਹਾਂ ਦੋਵਾਂ ਵੱਡੇ ਆਗੂਆਂ ਦੀ ਜ਼ਿੰਮੇਵਾਰੀ ਹੋਵੇਗੀ ਕਿ ਰਾਜ ਸਭਾ ਚੋਣਾਂ ਵਿਚ ਉਨ੍ਹਾਂ ਦੀ ਪਾਰਟੀ ਦੇ ਵਿਧਾਇਕ ਕ੍ਰਾਸ ਵੋਟਿੰਗ ਨਾ ਕਰ ਸਕਣ। ਪਿਛਲੀਆਂ ਦੋ ਰਾਜ ਸਭਾ ਚੋਣਾਂ ਵਿਚ ਕਾਂਗਰਸੀ ਵਿਧਾਇਕਾਂ ਵੱਲੋਂ ਕ੍ਰਾਸ ਵੋਟਿੰਗ ਕੀਤੀ ਗਈ ਸੀ ਜਿਸ ਕਾਰਨ ਦੋਵੇਂ ਵਾਰ ਭਾਜਪਾ ਸਮਰਥਿਤ ਆਜ਼ਾਦ ਉਮੀਦਵਾਰ ਚੋਣ ਜਿੱਤਦੇ ਰਹੇ ਹਨ। ਇਸ ਵਾਰ ਕਾਂਗਰਸ ਨੇ ਵਿਧਾਇਕਾਂ ਦੀ ਮਰਜ਼ੀ ਦੇ ਉਲਟ ਕਰਮਵੀਰ ਬੋਧ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ ਅਤੇ ਭਾਜਪਾ ਨੇ ਆਪਣੀ ਪਾਰਟੀ ਦੇ ਸੂਬਾਈ ਮੀਤ ਪ੍ਰਧਾਨ ਸਤੀਸ਼ ਨਾਂਦਲ ਨੂੰ ਆਜ਼ਾਦ ਉਮੀਦਵਾਰ ਵਜੋਂ ਉਨ੍ਹਾਂ ਖ਼ਿਲਾਫ਼ ਖੜ੍ਹਾ ਕਰ ਦਿੱਤਾ। ਇਸ ਹਾਲਤ ’ਚ ਨਾ ਸਿਰਫ਼ ਹੁੱਡਾ ਦੀ ਚੁਣੌਤੀ ਵੱਧ ਗਈ ਹੈ ਸਗੋਂ ਭਾਜਪਾ ਵੀ ਹੋਰ ਚੁਕੰਨੀ ਹੋ ਗਈ ਹੈ।
ਹਿਮਾਚਲ ਪ੍ਰਦੇਸ਼ ਨਾ ਜਾਣ ਵਾਲਿਆਂ ਵਿਚ ਭੁਪਿੰਦਰ ਹੁੱਡਾ ਕੇਂਦਰੀ ਨਿਗਰਾਨ ਹਨ ਤੇ ਪੂਰੀ ਚੋਣ ਦੀ ਜ਼ਿੰਮੇਵਾਰੀ ਉਨ੍ਹਾਂ ਦੇ ਸਿਰ ’ਤੇ ਹੈ। ਬਾਦਲੀ ਦੇ ਕਾਂਗਰਸੀ ਵਿਧਾਇਕ ਕੁਲਦੀਪ ਵਤਸ ਦੇ ਪਰਿਵਾਰ ’ਚ ਵਿਆਹ ਹੈ। ਪੁੰਹਾਨਾ ਦੇ ਵਿਧਾਇਕ ਮੁਹੰਮਦ ਇਲਿਆਸ ਦੀ ਤਬੀਅਤ ਠੀਕ ਨਹੀਂ ਹੈ। ਟੋਹਾਣਾ ਦੇ ਵਿਧਾਇਕ ਪਰਮਵੀਰ ਸਿੰਘ ਉਮਰਦਰਾਜ ਹੋ ਚੁੱਕੇ ਹਨ। ਜੁਲਾਨਾ ਦੀ ਵਿਧਾਇਕ ਵਿਨੇਸ਼ ਫੋਗਾਟ ਅਤੇ ਪੰਚਕੁਲਾ ਦੇ ਵਿਧਾਇਕ ਚੰਦਰਮੋਹਨ ਵੀ ਹਿਮਾਚਲ ਪ੍ਰਦੇਸ਼ ਨਹੀਂ ਗਏ। ਕਾਂਗਰਸੀ ਵਿਧਾਇਕਾਂ ਦੇ ਨਾਲ ਸੰਸਦ ਮੈਂਬਰ ਦੀਪੇਂਦਰ ਹੁੱਡਾ ਤੋਂ ਇਲਾਵਾ ਸੰਸਦ ਮੈਂਬਰ ਜੈਪ੍ਰਕਾਸ਼ ਜੇਪੀ, ਸਤਪਾਲ ਬ੍ਰਹਮਚਾਰੀ ਤੇ ਵਰੁਣ ਮੁਲਾਨਾ ਵੀ ਹਿਮਾਚਲ ਪ੍ਰਦੇਸ਼ ਗਏ ਹਨ।
ਰੋਹਤਕ ਦੇ ਕਾਂਗਰਸੀ ਵਿਧਾਇਕ ਬੀਬੀ ਬੱਤਰਾ ਨੇ ਕਿਹਾ ਕਿ ਜੇਕਰ ਵਿਧਾਇਕ ਮਿਲ ਕੇ ਹਿਮਾਚਲ ਪ੍ਰਦੇਸ਼ ਜਾ ਰਹੇ ਹਨ ਤਾਂ ਇਸ ਵਿਚ ਕੋਈ ਬੁਰਾਈ ਨਹੀਂ। ਰਾਜ ਸਭਾ ਚੋਣਾਂ ਵਿਚ ਕਾਂਗਰਸ ਦੀ ਜਿੱਤ ਤੈਅ ਹੈ। ਬਾਦਲੀ ਦੇ ਵਿਧਾਇਕ ਕੁਲਦੀਪ ਵਤਸ ਨੇ ਵੀ ਕਿਹਾ ਕਿ ਸਾਰੇ ਵਿਧਾਇਕ ਭੁਪਿੰਦਰ ਸਿੰਘ ਹੁੱਡਾ ਦੀ ਅਗਵਾਈ ਵਿਚ ਇਕਜੁੱਟ ਹਨ। ਕਾਂਗਰਸ ਦੇ ਸੂਬਾ ਪ੍ਰਧਾਨ ਰਾਓ ਨਰੇਂਦਰ ਸਿੰਘ ਨੇ ਕ੍ਰਾਸ ਵੋਟਿੰਗ ਦੇ ਖ਼ਦਸ਼ਾ ਨੂੰ ਸਿਰੇ ਤੋਂ ਖ਼ਾਰਜ ਕੀਤਾ ਹੈ।
ਰਾਤ ਦੇ ਖਾਣੇ ’ਚ ਸ਼ਾਮਲ ਹੋਏ ਇਹ 37 ਵਿਧਾਇਕ
ਭੁਪਿੰਦਰ ਸਿੰਘ ਹੁੱਡਾ, ਸਰਦਾਰ ਜਰਨੈਲ ਸਿੰਘ, ਭਰਤ ਬੈਨੀਵਾਲ, ਮੁਹੰਮਦ ਇਲਿਆਸ, ਆਫਤਾਬ ਅਹਿਮਦ, ਰਾਮਕਰਨ ਕਾਲਾ, ਇੰਦੂ ਰਾਜ ਨਰਵਾਲ, ਜੱਸੀ ਪੇਟਵਾੜ, ਬਲਰਾਮ ਦਾਂਗੀ, ਦੇਵੇਂਦਰ ਹੰਸ, ਚੰਦਰ ਪ੍ਰਕਾਸ਼, ਨਰੇਸ਼ ਸੇਲਵਾਲ, ਮਨਦੀਪ ਚੱਠਾ, ਰਾਜਵੀਰ ਫਰਟੀਆ, ਸ਼ਕੁੰਤਲਾ ਖਟਕ, ਅਕਰਮ ਖ਼ਾਨ, ਚੰਦਰ ਮੋਹਨ ਬਿਸ਼ਨੋਈ, ਡਾ. ਰਘੁਵੀਰ ਕਾਦਿਆਨ, ਬੀਬੀ ਬੱਤਰਾ, ਵਿਨੇਸ਼ ਫੋਗਾਟ, ਰਘੁਵੀਰ ਤੇਵਤੀਆ, ਪਰਮਵੀਰ ਸਿੰਘ, ਵਿਕਾਸ ਸਹਾਰਨ, ਸ਼ੀਸ਼ਪਾਲ ਕੈਰਵਾਲ, ਪੂਜਾ ਚੌਧਰੀ, ਗੋਕੁਲ ਸੇਤੀਆ, ਮਾਮਨ ਖ਼ਾਨ, ਗੀਤਾ ਭੁੱਕਲ, ਸ਼ੈਲੀ ਚੌਧਰੀ, ਨਿਰਮਲ ਸਿੰਘ, ਅਸ਼ੋਕ ਅਰੋੜਾ, ਕੁਲਦੀਪ ਵਤਸ, ਬਲਵਾਨ ਸਿੰਘ ਦੌਲਤਪੁਰੀਆ, ਮੰਜੂ ਚੌਧਰੀ, ਆਦਿੱਤਿਆ ਸੁਰਜੇਵਾਲਾ, ਰੇਣੂ ਬਾਲਾ ਤੇ ਮੁਹੰਮਦ ਇਸਰਾਈਲ।