ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਵੱਡਾ ਐਲਾਨ ; ਹਰਿਆਣਾ ਦੇ ਸਕੂਲੀ ਪਾਠਕ੍ਰਮ ’ਚ ਸਿੱਖ ਗੁਰੂਆਂ ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਸ਼ਾਮਲ
ਮੁੱਖ ਮੰਤਰੀ ਦੇ ਓਐਸਡੀ ਡਾ. ਪ੍ਰਭਲੀਨ ਸਿੰਘ ਨੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਸਿੱਖ ਭਾਈਚਾਰੇ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਪੂਰੀ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਕਦਮ ਨਾ ਸਿਰਫ਼ ਸਿੱਖ ਇਤਿਹਾਸ ਨੂੰ ਯੋਗ ਸਥਾਨ ਦਿੰਦਾ ਹੈ, ਸਗੋਂ ਸਮਾਵੇਸ਼ੀ ਅਤੇ ਸੰਵੇਦਨਸ਼ੀਲ ਸ਼ਾਸਨ ਦੀ ਮਿਸਾਲ ਵੀ ਪੇਸ਼ ਕਰਦਾ ਹੈ।
Publish Date: Thu, 11 Jun 2026 07:57 PM (IST)
Updated Date: Thu, 11 Jun 2026 07:59 PM (IST)
ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਹਰਿਆਣਾ ਸਰਕਾਰ ਨੇ ਸਿੱਖ ਇਤਿਹਾਸ ਨੂੰ ਸਕੂਲੀ ਸਿੱਖਿਆ ਦਾ ਹਿੱਸਾ ਬਣਾਉਂਦਿਆਂ ਜਮਾਤ ਅੱਠਵੀਂ ਦੇ ਇਤਿਹਾਸ ਪਾਠਕ੍ਰਮ ਵਿੱਚ ਸਿੱਖ ਗੁਰੂਆਂ ਅਤੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਸਬੰਧਤ ਅਧਿਆਏ ਸ਼ਾਮਲ ਕਰ ਦਿੱਤੇ ਹਨ। ਇਸ ਫ਼ੈਸਲੇ ਨਾਲ ਵਿਦਿਆਰਥੀਆਂ ਨੂੰ ਸਿੱਖ ਗੁਰੂਆਂ ਦੇ ਉਪਦੇਸ਼ਾਂ, ਕੁਰਬਾਨੀਆਂ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਸੰਘਰਸ਼ਮਈ ਜੀਵਨ ਬਾਰੇ ਜਾਣਕਾਰੀ ਮਿਲੇਗੀ।
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਮਾਗਮ ਮੌਕੇ ਐਲਾਨ ਕੀਤਾ ਸੀ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿੱਖ ਇਤਿਹਾਸ ਅਤੇ ਗੁਰੂਆਂ ਦੇ ਆਦਰਸ਼ਾਂ ਨਾਲ ਜੋੜਨ ਲਈ ਇਸ ਨੂੰ ਪਾਠਕ੍ਰਮ ਦਾ ਹਿੱਸਾ ਬਣਾਇਆ ਜਾਵੇਗਾ। ਹੁਣ ਸਰਕਾਰ ਨੇ ਇਸ ਐਲਾਨ ਨੂੰ ਅਮਲੀ ਰੂਪ ਦੇ ਦਿੱਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਸਾਰੇ ਸਿੱਖ ਗੁਰੂਆਂ ਨੇ ਮਨੁੱਖਤਾ, ਸਮਾਨਤਾ, ਸੇਵਾ, ਕਰੁਣਾ ਅਤੇ ਸਮਾਜਿਕ ਨਿਆਂ ਦਾ ਸੰਦੇਸ਼ ਦਿੱਤਾ। ਉਨ੍ਹਾਂ ਦੀਆਂ ਸਿੱਖਿਆਵਾਂ ਅੱਜ ਵੀ ਸਮਾਜ ਵਿੱਚ ਸਦਭਾਵਨਾ, ਨੈਤਿਕ ਮੁੱਲਾਂ ਅਤੇ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਨ ਲਈ ਮਾਰਗਦਰਸ਼ਕ ਹਨ।
ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਜੀਵਨ ਵੀ ਨਵੀਂ ਪੀੜ੍ਹੀ ਲਈ ਪ੍ਰੇਰਣਾ ਦਾ ਸਰੋਤ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰੇਰਨਾ ਨਾਲ ਉਨ੍ਹਾਂ ਨੇ ਜ਼ੁਲਮ ਅਤੇ ਬੇਇਨਸਾਫ਼ੀ ਖ਼ਿਲਾਫ਼ ਲੜਾਈ ਲੜੀ ਅਤੇ ਕਮਜ਼ੋਰ ਵਰਗਾਂ ਨੂੰ ਸਨਮਾਨ ਤੇ ਅਧਿਕਾਰ ਦਿਵਾਉਣ ਲਈ ਇਤਿਹਾਸਕ ਯੋਗਦਾਨ ਪਾਇਆ।
ਮੁੱਖ ਮੰਤਰੀ ਦੇ ਓਐਸਡੀ ਡਾ. ਪ੍ਰਭਲੀਨ ਸਿੰਘ ਨੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਸਿੱਖ ਭਾਈਚਾਰੇ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਪੂਰੀ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਕਦਮ ਨਾ ਸਿਰਫ਼ ਸਿੱਖ ਇਤਿਹਾਸ ਨੂੰ ਯੋਗ ਸਥਾਨ ਦਿੰਦਾ ਹੈ, ਸਗੋਂ ਸਮਾਵੇਸ਼ੀ ਅਤੇ ਸੰਵੇਦਨਸ਼ੀਲ ਸ਼ਾਸਨ ਦੀ ਮਿਸਾਲ ਵੀ ਪੇਸ਼ ਕਰਦਾ ਹੈ।