ਜਨਰਲ ਵਰਗ ਦਾ ਵਫ਼ਦ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਮਿਲਿਆ

ਗੁਰਮੀਤ ਸਿੰਘ ਸ਼ਾਹੀ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਜਨਰਲ ਕੈਟਾਗਰੀ ਵੈਲਫੇਅਰ ਫੈਡਰੇਸ਼ਨ ਪੰਜਾਬ, ਜੁਆਇੰਟ ਐਕਸ਼ਨ ਕਮੇਟੀ ਜਨਰਲ ਕੈਟਾਗਰੀ ਅਤੇ ਜਨਰਲ ਕੈਟਾਗਰੀ ਵੈਲਫੇਅਰ ਫੈਡਰੇਸ਼ਨ ਪੀਐੱਸਈਬੀ ਪੰਜਾਬ ਦਾ ਵਫ਼ਦ ਕਾਂਗਰਸ ਪਾਰਟੀ ਦੇ ਪ੍ਰਮੁੱਖ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਮਿਲਿਆ। ਜਥੇਬੰਦੀਆਂ ਦੇ ਆਗੂਆਂ ਸੁਖਬੀਰਇੰਦਰ ਸਿੰਘ, ਸ਼ਿਆਮ ਲਾਲ ਸ਼ਰਮਾ, ਕੁਲਜੀਤ ਸਿੰਘ ਰਟੌਲ ਅਤੇ ਜਸਵੀਰ ਸਿੰਘ ਗੜਾਂਗ ਨੇ ਜਨਰਲ ਵਰਗ ਦੇ ਲੋਕਾਂ ਨੂੰ ਆ ਰਹੀਆਂ ਵੱਖ-ਵੱਖ ਸਮੱਸਿਆਵਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਆਗੂਆਂ ਨੇ ਦੱਸਿਆ ਕਿ ਕਾਂਗਰਸ ਸਰਕਾਰ ਨੇ ਸਾਲ 2021 ਵਿਚ ਕਮਿਸ਼ਨ ਫਾਰ ਜਨਰਲ ਕੈਟਾਗਰੀ ਪੰਜਾਬ ਦਾ ਗਠਨ ਕੀਤਾ ਸੀ। ਜਿਸ ਦਾ ਚੇਅਰਮੈਨ ਡਾ. ਨਵਜੋਤ ਦਹੀਆ ਨੂੰ ਲਾਇਆ ਸੀ, ਵਾਇਸ ਚੇਅਰਮੈਨ ਅਤੇ ਇਕ ਮੈਂਬਰ ਵੀ ਨਿਯੁਕਤ ਕੀਤਾ ਗਿਆ ਸੀ ਪਰ ਪੰਜਾਬ ਦੀ ਮੌਜੂਦਾ ਸਰਕਾਰ ਨੇ ਚਾਰ ਸਾਲਾ ਦਾ ਸਮਾਂ ਬੀਤ ਜਾਣ ’ਤੇ ਵੀ ਇਸ ਕਮਿਸ਼ਨ ਦਾ ਨਾ ਤਾਂ ਚੇਅਰਮੈਨ ਲਾਇਆ ਅਤੇ ਨਾ ਹੀ ਕੋਈ ਦਫ਼ਤਰੀ ਅਮਲਾ ਨਿਯੁਕਤ ਹੈ। ਆਗੂਆਂ ਨੇ ਪ੍ਰਤਾਪ ਸਿੰਘ ਬਾਜਵਾ ਦੇ ਧਿਆਨ ਵਿਚ ਇਹ ਵੀ ਲਿਆਂਦਾ ਕਿ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ’ਤੇ ਜਨਰਲ ਵਰਗ ਦੇ ਕਾਲਜ ਪੜ੍ਹਦੇ ਵਿਦਿਆਰਥੀਆਂ ਲਈ ਮੁੱਖ ਮੰਤਰੀ ਵਜੀਫ਼ਾ ਯੋਜਨਾ ਸ਼ੁਰੂ ਕੀਤੀ ਸੀ। ਜਿਸ ਦੀ ਵੰਡ ਬਜਟ ਵਿਚ ਰੱਖਣ ਦੇ ਬਾਵਜੂਦ ਵੀ ਨਹੀਂ ਕੀਤੀ ਜਾ ਰਹੀ। ਸਰਕਾਰ ਨੇ ਆਪਣੇ ਪਹਿਲੇ ਸਾਲ ਵਿਚ ਲਗਭਗ 30 ਕਰੋੜ ਰੁਪਏ ਦੀ ਰਾਸ਼ੀ ਬਜਟ ਵਿਚ ਰੱਖੀ ਸੀ ਪਰ ਵਿਦਿਆਰਥੀਆਂ ਨੂੰ ਨਹੀਂ ਦਿੱਤੀ ਗਈ। ਦੂਜੇ ਸਾਲ ਬਜਟ ਵਿਚ ਇਸ ਸਕੀਮ ਲਈ ਕੋਈ ਰਾਸ਼ੀ ਨਹੀਂ ਰਖੀ ਗਈ ਅਤੇ ਤੀਜੇ ਸਾਲ ਵਿਚ ਲਗਭਗ 6 ਕਰੋੜ ਦੀ ਰਾਸ਼ੀ ਬਜਟ ਵਿਚ ਰੱਖੀ ਗਈ ਪਰ ਅਫਸੋਸ ਦੀ ਗੱਲ ਇਹ ਰਾਸ਼ੀ ਵੀ ਜਨਰਲ ਵਰਗ ਦੇ ਵਿਦਿਆਰਥੀਆਂ ਨੂੰ ਨਹੀਂ ਦਿੱਤੀ ਜਾ ਰਹੀ। ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਪੰਜਾਬ ਵਿਚ ਨੌਕਰੀਆਂ ਵਿਚ ਭਰਤੀ ਕਰਨ ਸਮੇਂ ਜੋ ਉਮੀਦਵਾਰ ਬਾਹਰਲੇ ਰਾਜਾਂ ਤੋਂ ਰੱਖੇ ਜਾਂਦੇ ਹਨ, ਉਨ੍ਹਾਂ ਸਾਰਿਆਂ ਉਮੀਦਵਾਰਾਂ ਨੂੰ ਜਰਨਲ ਵਰਗ ਦੀਆਂ ਸੀਟਾਂ ਵਿਰੁੱਧ ਭਰਤੀ ਕੀਤਾ ਜਾਂਦਾ ਹੈ। ਭਾਵੇਂ ਉਹ ਕਿਸੇ ਵੀ ਕੈਟਾਗਰੀ ਨਾਲ ਸਬੰਧ ਰੱਖਦੇ ਹੋਣ ਜਨਰਲ ਵਰਗ ਦੇ ਆਰਥਿਕ ਤੌਰ ’ਤੇ ਗਰੀਬ ਲੋਕਾਂ ਨੂੰ ਜੋ ਰਾਖਵਾਂਕਰਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੂੰ ਐੱਸਸੀ ਅਤੇ ਬੀਸੀ ਕੈਟਾਗਰੀ ਵਾਂਗ ਸਾਰੀਆਂ ਰਿਆਇਤਾਂ ਦਾ ਲਾਭ ਮਿਲਣਾ ਚਾਹੀਦਾ ਹੈ। ਆਗੂਆਂ ਨੇ ਇਹ ਵੀ ਮੰਗ ਰੱਖੀ ਕਿ ਕਾਂਗਰਸ ਪਾਰਟੀ ਵਿਚ ਜਨਰਲ ਕੈਟਾਗਰੀ ਦੇ ਰਾਜਨੀਤਿਕ ਵਿੰਗ ਵੀ ਸਥਾਪਿਤ ਕੀਤੇ ਜਾਣ।