- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਤੋਂ ਇਲਾਵਾ ਬੀਮਾ ਕੰਪਨੀਆਂ ਤੋਂ ਰਕਮ ਵਸੂਲਣ ਲਈ ਕਥਿਤ ਤੌਰ 'ਤੇ ਫ਼ਰਜ਼ੀ ਸੜਕ ਹਾਦਸੇ ਵੀ ਕਰਵਾਏ ਜਾਂਦੇ ਸਨ। ਮਹਿੰਗੇ ਵਾਹਨਾਂ ਦੀ ਚੋਰੀ ਕਰਕੇ ਉਨ੍ਹਾਂ ਨੂੰ ਦੂਜੀਆਂ ਥਾਵਾਂ 'ਤੇ ਭੇਜਣ ਅਤੇ ਜਵੈਲਰੀ ਦੁਕਾਨਾਂ ਨੂੰ ਨਿਸ਼ਾਨਾ ਬਣਾਉਣ ਵਰਗੇ ਮਾਮਲਿਆਂ ਦੀ ਵੀ ਜਾਂਚ ਵਿੱਚ ਪੁਸ਼ਟੀ ਹੋਈ ਹੈ।

ਰੋਹਿਤ ਕੁਮਾਰ, ਚੰਡੀਗੜ੍ਹ: ਕੈਨੇਡਾ ਵਿੱਚ ਫ਼ਰਜ਼ੀ ਸੜਕ ਹਾਦਸਿਆਂ, ਵਾਹਨ ਖ਼ਰੀਦ ਘੁਟਾਲਿਆਂ, ਬੀਮਾ ਧੋਖਾਧੜੀ ਅਤੇ ਜਵੈਲਰੀ ਚੋਰੀ ਦੇ ਜ਼ਰੀਏ ਕਰੋੜਾਂ ਰੁਪਏ ਦੀ ਠੱਗੀ ਕਰਨ ਵਾਲੇ ਕਥਿਤ ਕ੍ਰਿਮੀਨਲ ਟੂਰਿਜ਼ਮ ਨੈੱਟਵਰਕ ਦਾ ਵੱਡਾ ਖ਼ੁਲਾਸਾ ਹੋਇਆ ਹੈ। ਕੈਨੇਡਾਈ ਪੁਲਿਸ ਦੀ ਲੰਬੇ ਸਮੇਂ ਤੱਕ ਚੱਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸੰਗਠਿਤ ਗਿਰੋਹਾਂ ਦੇ ਮੈਂਬਰ ਦੇਸ਼ ਵਿੱਚ ਪਹੁੰਚ ਕੇ ਯੋਜਨਾਬੱਧ ਤਰੀਕੇ ਨਾਲ ਆਰਥਿਕ ਅਪਰਾਧਾਂ ਨੂੰ ਅੰਜਾਮ ਦੇ ਰਹੇ ਸਨ। ਇਸ ਮਾਮਲੇ ਵਿੱਚ ਪੰਜਾਬ ਮੂਲ ਦੇ ਕਈ ਲੋਕਾਂ ਦੇ ਨਾਂ ਵੀ ਜਾਂਚ ਦੇ ਘੇਰੇ ਵਿੱਚ ਆਏ ਹਨ।
DRPS ਵੱਲੋਂ ਚਲਾਏ ਗਏ ਪ੍ਰੋਜੈਕਟ ਜੈੱਟਸੈੱਟਰ ਦੇ ਤਹਿਤ ਹੋਈ ਜਾਂਚ ਵਿੱਚ 46 ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ, ਜਦਕਿ 164 ਸ਼ੱਕੀ ਹਾਲੇ ਵੀ ਫ਼ਰਾਰ ਦੱਸੇ ਜਾ ਰਹੇ ਹਨ। ਪੁਲਿਸ ਅਨੁਸਾਰ ਇਹ ਕੋਈ ਆਮ ਚੋਰੀ ਜਾਂ ਧੋਖਾਧੜੀ ਦਾ ਮਾਮਲਾ ਨਹੀਂ, ਬਲਕਿ ਅੰਤਰਰਾਸ਼ਟਰੀ ਪੱਧਰ 'ਤੇ ਸਰਗਰਮ ਸੰਗਠਿਤ ਨੈੱਟਵਰਕ ਨਾਲ ਜੁੜਿਆ ਪ੍ਰਕਰਣ ਹੈ।
ਜਾਂਚ ਵਿੱਚ ਖ਼ੁਲਾਸਾ ਹੋਇਆ ਕਿ ਗਿਰੋਹ ਦੇ ਮੈਂਬਰ ਵਾਹਨ ਖ਼ਰੀਦ ਅਤੇ ਫਾਈਨੈਂਸਿੰਗ ਨਾਲ ਜੁੜੇ ਫ਼ਰਜ਼ੀ ਦਸਤਾਵੇਜ਼ਾਂ ਦਾ ਇਸਤੇਮਾਲ ਕਰਕੇ ਧੋਖਾਧੜੀ ਕਰਦੇ ਸਨ। ਇਸ ਤੋਂ ਇਲਾਵਾ ਬੀਮਾ ਕੰਪਨੀਆਂ ਤੋਂ ਰਕਮ ਵਸੂਲਣ ਲਈ ਕਥਿਤ ਤੌਰ 'ਤੇ ਫ਼ਰਜ਼ੀ ਸੜਕ ਹਾਦਸੇ ਵੀ ਕਰਵਾਏ ਜਾਂਦੇ ਸਨ। ਮਹਿੰਗੇ ਵਾਹਨਾਂ ਦੀ ਚੋਰੀ ਕਰਕੇ ਉਨ੍ਹਾਂ ਨੂੰ ਦੂਜੀਆਂ ਥਾਵਾਂ 'ਤੇ ਭੇਜਣ ਅਤੇ ਜਵੈਲਰੀ ਦੁਕਾਨਾਂ ਨੂੰ ਨਿਸ਼ਾਨਾ ਬਣਾਉਣ ਵਰਗੇ ਮਾਮਲਿਆਂ ਦੀ ਵੀ ਜਾਂਚ ਵਿੱਚ ਪੁਸ਼ਟੀ ਹੋਈ ਹੈ।
ਪੁਲਿਸ ਦਾ ਕਹਿਣਾ ਹੈ ਕਿ ਇਹ ਨੈੱਟਵਰਕ ਤੇਜ਼ੀ ਨਾਲ ਮੁਨਾਫ਼ਾ ਕਮਾਉਣ ਦੇ ਉਦੇਸ਼ ਨਾਲ ਕੰਮ ਕਰ ਰਿਹਾ ਸੀ। ਅਪਰਾਧਾਂ ਨੂੰ ਅੰਜਾਮ ਦੇਣ ਲਈ ਸੁਚੱਜੇ ਅਤੇ ਯੋਜਨਾਬੱਧ ਤਰੀਕੇ ਅਪਣਾਏ ਗਏ, ਜਿਸ ਨਾਲ ਜਾਂਚ ਏਜੰਸੀਆਂ ਲਈ ਪੂਰੇ ਨੈੱਟਵਰਕ ਤੱਕ ਪਹੁੰਚਣਾ ਚੁਣੌਤੀਪੂਰਨ ਰਿਹਾ। ਕਰੀਬ 5,000 ਘੰਟੇ ਦੀ ਜਾਂਚ ਅਤੇ ਨੌਂ ਤੋਂ ਵੱਧ ਵੱਖ-ਵੱਖ ਮਾਮਲਿਆਂ ਦੀ ਪੜਤਾਲ ਤੋਂ ਬਾਅਦ ਅਧਿਕਾਰੀਆਂ ਨੇ 200 ਤੋਂ ਜ਼ਿਆਦਾ ਘਟਨਾਵਾਂ ਨੂੰ ਇਸ ਨੈੱਟਵਰਕ ਨਾਲ ਜੋੜਿਆ ਹੈ।
ਡੀਆਰਪੀਐੱਸ ਅਨੁਸਾਰ ਕੇਵਲ ਓਂਟਾਰੀਓ ਦੇ ਡਰਹਮ ਖੇਤਰ ਵਿੱਚ ਹੀ ਇਨ੍ਹਾਂ ਅਪਰਾਧਾਂ ਨਾਲ 26.1 ਲੱਖ ਕੈਨੇਡਾਈ ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਜਾਂਚ ਸਾਲ 2019 ਤੋਂ ਜਾਰੀ ਹੈ ਅਤੇ ਹੁਣ ਤੱਕ 1,440 ਤੋਂ ਜ਼ਿਆਦਾ ਦੋਸ਼ ਦਰਜ ਕੀਤੇ ਜਾ ਚੁੱਕੇ ਹਨ।
ਕੈਨੇਡਾਈ ਅਧਿਕਾਰੀਆਂ ਦਾ ਕਹਿਣਾ ਹੈ ਕਿ ‘ਕ੍ਰਿਮੀਨਲ ਟੂਰਿਜ਼ਮ’ ਸੰਗਠਿਤ ਅਪਰਾਧ ਦਾ ਨਵਾਂ ਅਤੇ ਤੇਜ਼ੀ ਨਾਲ ਵਧਦਾ ਸਰੂਪ ਬਣ ਕੇ ਉੱਭਰਿਆ ਹੈ। ਇਸ ਵਿੱਚ ਅਪਰਾਧੀ ਸਰਹੱਦਾਂ ਦੇ ਪਾਰ ਜਾ ਕੇ ਆਰਥਿਕ ਅਪਰਾਧਾਂ ਨੂੰ ਅੰਜਾਮ ਦਿੰਦੇ ਹਨ ਅਤੇ ਫਿਰ ਪਛਾਣ ਲੁਕਾਉਣ ਦਾ ਯਤਨ ਕਰਦੇ ਹਨ। ਅਧਿਕਾਰੀਆਂ ਮੁਤਾਬਕ ਇਸ ਤਰ੍ਹਾਂ ਦੇ ਨੈੱਟਵਰਕ ਨਾਲ ਨਿਪਟਣ ਲਈ ਅੰਤਰਰਾਸ਼ਟਰੀ ਪੱਧਰ 'ਤੇ ਖ਼ੁਫੀਆ ਸੂਚਨਾਵਾਂ ਦੇ ਆਦਾਨ-ਪ੍ਰਦਾਨ ਅਤੇ ਪੁਲਿਸ ਏਜੰਸੀਆਂ ਵਿਚਕਾਰ ਮਜ਼ਬੂਤ ਸਹਿਯੋਗ ਦੀ ਲੋੜ ਹੈ।
ਜਾਂਚ ਏਜੰਸੀਆਂ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਨੈੱਟਵਰਕ ਨਾਲ ਜੁੜੇ ਹੋਰ ਮਾਮਲਿਆਂ ਦਾ ਖ਼ੁਲਾਸਾ ਹੋ ਸਕਦਾ ਹੈ ਅਤੇ ਕਈ ਹੋਰ ਸ਼ੱਕੀਆਂ ਤੱਕ ਵੀ ਜਾਂਚ ਦਾ ਦਾਇਰਾ ਵਧਾਇਆ ਜਾ ਸਕਦਾ ਹੈ।