ਢਕੌਲੀ ਕਮਿਊਨਿਟੀ ਹੈਲਥ ਸੈਂਟਰ ’ਚ 5 ਸਾਲਾਂ ਬਾਅਦ ਹੋਈ ਪਹਿਲੀ ਸਿਜ਼ੇਰੀਅਨ ਡਲਿਵਰੀ
ਢਕੌਲੀ ਕਮਿਊਨਿਟੀ ਹੈਲਥ ਸੈਂਟਰ ’ਚ 5 ਸਾਲਾਂ ਬਾਅਦ ਹੋਈ ਪਹਿਲੀ ਸਿਜ਼ੇਰੀਅਨ ਡਿਲੀਵਰੀ,
Publish Date: Mon, 04 May 2026 09:03 PM (IST)
Updated Date: Mon, 04 May 2026 09:05 PM (IST)

- ਹੁਣ ਗੰਭੀਰ ਮਾਮਲਿਆਂ ’ਚ ਵੀ ਬਾਹਰ ਨਹੀਂ ਜਾਣਾ ਪਵੇਗਾ ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ ਜ਼ੀਰਕਪੁਰ : ਢਕੌਲੀ ਸਥਿਤ ਕਮਿਊਨਿਟੀ ਹੈਲਥ ਸੈਂਟਰ ਤੋਂ ਸਥਾਨਕ ਵਾਸੀਆਂ ਲਈ ਰਾਹਤ ਦੀ ਖ਼ਬਰ ਹੈ। ਪਿਛਲੇ 5 ਸਾਲਾਂ ਤੋਂ ਜਿਸ ਆਪ੍ਰੇਸ਼ਨ ਥੀਏਟਰ ਵਿਚ ਸਿਜ਼ੇਰੀਅਨ ਡਲਿਵਰੀ ਦੀ ਸਹੂਲਤ ਬੰਦ ਪਈ ਸੀ, ਉੱਥੇ ਹੁਣ ਮੁੜ ਕਿਲਕਾਰੀਆਂ ਗੂੰਜਣ ਲੱਗੀਆਂ ਹਨ। ਅਪ੍ਰੈਲ ਮਹੀਨੇ ਵਿਚ ਇੱਥੇ 5 ਸਾਲਾਂ ਬਾਅਦ ਪਹਿਲੀ ਸਫ਼ਲ ਸਿਜ਼ੇਰੀਅਨ ਡਲਿਵਰੀ ਕੀਤੀ ਗਈ ਹੈ। ਕੋਰੋਨਾ ਕਾਲ ਤੋਂ ਬਾਅਦ ਇੱਥੋਂ ਦੀਆਂ ਓਟੀ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਸਨ, ਜਿਸ ਕਾਰਨ ਮਰੀਜ਼ਾਂ ਨੂੰ ਮਜਬੂਰੀ ਵਿਚ ਨਿੱਜੀ ਹਸਪਤਾਲਾਂ ਜਾਂ ਚੰਡੀਗੜ੍ਹ ਦੇ ਸੈਕਟਰ-32 ਅਤੇ ਪੀਜੀਆਈ ਰੈਫਰ ਕਰਨਾ ਪੈਂਦਾ ਸੀ। ਹਾਲਾਂਕਿ, ਹਸਪਤਾਲ ਵਿਚ ਅਜੇ ਵੀ ਪੱਕੇ ਗਾਇਨੀਕੋਲੋਜਿਸਟ ਦੀ ਘਾਟ ਹੈ, ਪਰ ਬਦਲਵੇਂ ਪ੍ਰਬੰਧਾਂ ਤਹਿਤ ਗੰਭੀਰ ਮਾਮਲਿਆਂ ਨੂੰ ਸੰਭਾਲਿਆ ਜਾ ਰਿਹਾ ਹੈ। ਬਦਲਵੇਂ ਪ੍ਰਬੰਧਾਂ ਨਾਲ ਮਿਲ ਰਹੀ ਰਾਹਤ : ਢਕੌਲੀ ਸੀਐੱਚਸੀ ਵਿਚ ਗਾਇਨੀਕੋਲੋਜਿਸਟ ਦੀ ਪੋਸਟ ਤਾਂ ਹੈ, ਪਰ ਮੌਜੂਦਾ ਸਮੇਂ ਵਿਚ ਇੱਥੇ ਕੋਈ ਪੱਕੇ ਤੌਰ ’ਤੇ ਡਾਕਟਰ ਤਾਇਨਾਤ ਨਹੀਂ ਹੈ। ਪਹਿਲਾਂ ਇੱਥੇ ਗਾਇਨੀਕੋਲੋਜਿਸਟ ਸਨ ਅਤੇ ਹਰ ਤਰ੍ਹਾਂ ਦੀ ਨਾਰਮਲ ਡਲਿਵਰੀ ਹੁੰਦੀ ਸੀ, ਪਰ ਦਸੰਬਰ 2024 ਵਿਚ ਡਾਕਟਰ ਦੇ ਚਲੇ ਜਾਣ ਤੋਂ ਬਾਅਦ ਕੋਈ ਨਵਾਂ ਡਾਕਟਰ ਨਹੀਂ ਆਇਆ। ਫਿਲਹਾਲ, ਮਰੀਜ਼ਾਂ ਦੀ ਸਹੂਲਤ ਨੂੰ ਦੇਖਦੇ ਹੋਏ ਸਿਹਤ ਵਿਭਾਗ ਨੇ ਸੋਮਵਾਰ ਤੋਂ ਵੀਰਵਾਰ ਤੱਕ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਇਕ ਗਾਇਨੀਕੋਲੋਜਿਸਟ ਦੀ ਡਿਊਟੀ ਲਗਾਈ ਹੈ। ਖ਼ਾਸ ਗੱਲ ਇਹ ਹੈ ਕਿ ਇਸ ਸੀਮਤ ਸਮੇਂ ਦੌਰਾਨ ਡਾਕਟਰ ਨਾ ਸਿਰਫ਼ ਓਪੀਡੀ ਦੇਖ ਰਹੇ ਹਨ, ਸਗੋਂ ਗੰਭੀਰ ਮਾਮਲਿਆਂ ਵਿਚ ਸਿਜ਼ੇਰੀਅਨ ਆਪ੍ਰੇਸ਼ਨ ਵੀ ਕਰ ਰਹੇ ਹਨ। ਹਸਪਤਾਲ ਦੇ ਰਿਕਾਰਡ ਅਨੁਸਾਰ ਪਿਛਲੇ ਕੁਝ ਮਹੀਨਿਆਂ ਤੋਂ ਓਟੀ ਨੂੰ ਪੂਰੀ ਤਰ੍ਹਾਂ ਚਾਲੂ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਇੱਥੇ ਸਿਰਫ਼ ਨਾਰਮਲ ਡਲਿਵਰੀ ਹੀ ਸੰਭਵ ਸੀ ਅਤੇ ਥੋੜ੍ਹਾ ਜਿਹਾ ਵੀ ਪੇਚੀਦਾ ਮਾਮਲਾ ਹੋਣ ਤੇ ਗਰਭਵਤੀ ਔਰਤਾਂ ਨੂੰ ਚੰਡੀਗੜ੍ਹ ਦੇ ਵੱਡੇ ਹਸਪਤਾਲਾਂ ਵਿਚ ਰੈਫ਼ਰ ਕਰ ਦਿੱਤਾ ਜਾਂਦਾ ਸੀ। ਐੱਸਐੱਮਓ ਨੇ ਸਪੱਸ਼ਟ ਕੀਤਾ ਹੈ ਕਿ ਇਹ ਸਹੂਲਤ ਦੁਪਹਿਰ 2 ਵਜੇ ਤੱਕ ਹੈ, ਉਸ ਤੋਂ ਬਾਅਦ ਦੇਰ ਰਾਤ ਆਉਣ ਵਾਲੇ ਗੰਭੀਰ ਮਾਮਲਿਆਂ ਨੂੰ ਅਜੇ ਵੀ ਰੈਫ਼ਰ ਕੀਤਾ ਜਾ ਰਿਹਾ ਹੈ। ਢਕੌਲੀ ਸੀਐੱਚਸੀ ’ਚ ਸੁਧਰਦੀ ਸਿਹਤ : ਢਕੌਲੀ ਹੈਲਥ ਸੈਂਟਰ ਵਿਚ ਪਿਛਲੇ ਚਾਰ ਮਹੀਨਿਆਂ ਦੌਰਾਨ ਹੋਈਆਂ ਡਲਿਵਰੀਆਂ ਅਤੇ ਸਰਜਰੀਆਂ ਦਾ ਡਾਟਾ ਸਪੱਸ਼ਟ ਕਰਦਾ ਹੈ ਕਿ ਇੱਥੇ ਓਪੀਡੀ ਅਤੇ ਆਈਪੀਡੀ ਸੇਵਾਵਾਂ ਵਿਚ ਸੁਧਾਰ ਹੋਇਆ ਹੈ। ਅਪ੍ਰੈਲ ਮਹੀਨੇ ਵਿਚ ਨਾ ਸਿਰਫ਼ 8 ਨਾਰਮਲ ਡਲਿਵਰੀਆਂ ਹੋਈਆਂ, ਸਗੋਂ 5 ਸਾਲਾਂ ਦਾ ਰਿਕਾਰਡ ਤੋੜਦਿਆਂ ਇਕ ਸਿਜ਼ੇਰੀਅਨ ਡਲਿਵਰੀ ਵੀ ਦਰਜ ਕੀਤੀ ਗਈ। ----- ਮਹੀਨਾ - ਨਾਰਮਲ ਡਲਿਵਰੀ - ਸਿਜ਼ੇਰੀਅਨ ਡਲਿਵਰੀ ਜਨਵਰੀ - 24 - 00 ਫਰਵਰੀ - 18 - 00 ਮਾਰਚ - 15 - 00 ਅਪ੍ਰੈਲ - 08 - 01 ----- ਕੋਟਸ ਤਾਇਨਾਤੀ ਲਈ ਕੋਸ਼ਿਸ਼ਾਂ ਜਾਰੀ : ‘ਸਾਡੇ ਕੋਲ ਫਿਲਹਾਲ ਸਥਾਈ ਗਾਇਨੀਕੋਲੋਜਿਸਟ ਡਾਕਟਰ ਨਹੀਂ ਹੈ। ਦੂਜੀ ਥਾਂ ਤੋਂ ਹਫ਼ਤੇ ਵਿਚ 4 ਦਿਨਾਂ ਲਈ ਡਾਕਟਰ ਇੱਥੇ ਡਿਊਟੀ ਦੇਣ ਆ ਰਹੇ ਹਨ। ਇਸ ਸੀਮਤ ਸਮੇਂ ਦੌਰਾਨ ਅਸੀਂ ਨਾਰਮਲ ਅਤੇ ਗੰਭੀਰ ਡਲਿਵਰੀ ਦੇ ਕੇਸ ਸੰਭਾਲ ਰਹੇ ਹਾਂ। ਹੈਲਥ ਸੈਂਟਰ ਦੀ ਓਟੀ ਹੁਣ ਪੂਰੀ ਤਰ੍ਹਾਂ ਸੁਚਾਰੂ ਹੈ ਅਤੇ 5 ਸਾਲਾਂ ਬਾਅਦ ਪਹਿਲੀ ਸਿਜ਼ੇਰੀਅਨ ਡਲਿਵਰੀ ਹੋਣਾ ਸਾਡੇ ਲਈ ਵੱਡੀ ਪ੍ਰਾਪਤੀ ਹੈ। ਸਾਡੀ ਕੋਸ਼ਿਸ਼ ਹੈ ਕਿ ਇੱਥੇ ਗਾਇਨੀਕੋਲੋਜਿਸਟ ਦੀ ਪੱਕੀ ਤਾਇਨਾਤੀ ਕਰਵਾਈ ਜਾਵੇ ਤਾਂ ਜੋ ਇਲਾਕੇ ਦੇ ਲੋਕਾਂ ਨੂੰ 24 ਘੰਟੇ ਇਸ ਸਹੂਲਤ ਦਾ ਲਾਭ ਮਿਲ ਸਕੇ।’ ਡਾ. ਗਗਨਦੀਪ ਸਿੰਘ ਸ਼ੇਰਗਿੱਲ, ਐੱਸਐੱਮਓ, ਸੀਐੱਚਸੀ ਢਕੌਲੀ।