ਮਾਈ ਭਾਗੋ ਪ੍ਰੈਪਰੇਟਰੀ ਇੰਸਟੀਚਿਊਟ ਦੀਆਂ ਮਹਿਲਾ ਕੈਡਿਟਾਂ ਸਨਮਾਨਿਤ, ਮਹਿਕਪ੍ਰੀਤ ਕੌਰ ਨੇ ਦੇਸ਼ ’ਚੋਂ ਪਹਿਲਾ ਤੇ ਕੋਮਲਪ੍ਰੀਤ ਕੌਰ ਨੇ 18ਵਾਂ ਰੈਂਕ ਕੀਤਾ ਹਾਸਲ
ਏਅਰ ਫੋਰਸ ਅਕੈਡਮੀ ਮੈਰਿਟ ਸੂਚੀ ’ਚ ਮਹਿਕਪ੍ਰੀਤ ਕੌਰ ਨੇ ਦੇਸ਼ ਭਰ ਵਿਚੋਂ ਪਹਿਲਾ ਰੈਂਕ ਹਾਸਲ ਕੀਤਾ ਹੈ, ਜਦਕਿ ਕੋਮਲਪ੍ਰੀਤ ਕੌਰ ਨੇ ਆਲ ਇੰਡੀਆ 18ਵਾਂ ਰੈਂਕ ਹਾਸਲ ਕਰ ਕੇ ਐੱਨਡੀਏ, ਖੜਕਵਾਸਲਾ ਅਕੈਡਮੀ ਵਿਚ ਆਪਣੀ ਜਗ੍ਹਾ ਪੱਕੀ ਕੀਤੀ ਹੈ, ਜੋ ਰੱਖਿਆ ਸੇਵਾਵਾਂ ’ਚ ਮਹਿਲਾਵਾਂ ਦੀ ਪ੍ਰਾਪਤੀਆਂ ਦੀ ਸੂਚੀ ’ਚ ਇਕ ਵੱਡਾ ਮੀਲ ਪੱਥਰ ਹੈ।
Publish Date: Sat, 06 Jun 2026 08:24 AM (IST)
Updated Date: Sat, 06 Jun 2026 08:28 AM (IST)
ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਏਅਰ ਫੋਰਸ ਕਾਮਨ ਐਡਮਿਸ਼ਨ ਟੈਸਟ (ਏ.ਐੱਫ.ਸੀ.ਏ.ਟੀ.) ਅਤੇ ਨੈਸ਼ਨਲ ਡਿਫੈਂਸ ਅਕੈਡਮੀ (ਐੱਨ.ਡੀ.ਏ.) ਮੈਰਿਟ ਸੂਚੀਆਂ ’ਚ ਸ਼ਾਨਦਾਰ ਪ੍ਰਾਪਤੀਆਂ ਹਾਸਲ ਕਰਨ ਲਈ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੀਆਂ ਦੋ ਮਹਿਲਾ ਕੈਡਿਟਾਂ ਦਾ ਸਨਮਾਨ ਕੀਤਾ। ਏਅਰ ਫੋਰਸ ਅਕੈਡਮੀ ਮੈਰਿਟ ਸੂਚੀ ’ਚ ਮਹਿਕਪ੍ਰੀਤ ਕੌਰ ਨੇ ਦੇਸ਼ ਭਰ ਵਿਚੋਂ ਪਹਿਲਾ ਰੈਂਕ ਹਾਸਲ ਕੀਤਾ ਹੈ, ਜਦਕਿ ਕੋਮਲਪ੍ਰੀਤ ਕੌਰ ਨੇ ਆਲ ਇੰਡੀਆ 18ਵਾਂ ਰੈਂਕ ਹਾਸਲ ਕਰ ਕੇ ਐੱਨਡੀਏ, ਖੜਕਵਾਸਲਾ ਅਕੈਡਮੀ ਵਿਚ ਆਪਣੀ ਜਗ੍ਹਾ ਪੱਕੀ ਕੀਤੀ ਹੈ, ਜੋ ਰੱਖਿਆ ਸੇਵਾਵਾਂ ’ਚ ਮਹਿਲਾਵਾਂ ਦੀ ਪ੍ਰਾਪਤੀਆਂ ਦੀ ਸੂਚੀ ’ਚ ਇਕ ਵੱਡਾ ਮੀਲ ਪੱਥਰ ਹੈ।
ਅਰੋੜਾ ਨੇ ਪੰਜਾਬ ਦੀਆਂ ਧੀਆਂ ਦੇ ਅਦੁੱਤੀ ਜਜ਼ਬੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਲੱਖਾਂ ਉਮੀਦਵਾਰਾਂ ’ਚੋਂ ਏਐੱਫਸੀਏਟੀ ’ਚ ਪਹਿਲਾ ਤੇ ਐੱਨਡੀਏ ਪ੍ਰੀਖਿਆ ’ਚ 18ਵਾਂ ਸਥਾਨ ਪ੍ਰਾਪਤ ਕਰਨਾ, ਸਾਡੀਆਂ ਧੀਆਂ ’ਚ ਸਫ਼ਲਤਾ ਹਾਸਲ ਕਰਨ ਦੇ ਦ੍ਰਿੜ੍ਹ ਇਰਾਦੇ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਸਾਲ 2022 ਤੋਂ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਤੇ ਮਾਈ ਭਾਗੋ ਪ੍ਰੈਪਰੇਟਰੀ ਇੰਸਟੀਚਿਊਟ ਦੇ 377 ਕੈਡਿਟਾਂ ਨੇ ਭਾਰਤੀ ਹਥਿਆਰਬੰਦ ਬਲਾਂ ’ਚ ਅਫ਼ਸਰ ਵਜੋਂ ਕਮਿਸ਼ਨ ਹਾਸਲ ਕੀਤਾ ਹੈ।
ਉਨ੍ਹਾਂ ਕਿਹਾ ਕਿ ਜਲਦੀ ਹੁਸ਼ਿਆਰਪੁਰ ਦੇ ਬਜਵਾੜਾ ਵਿਖੇ ਸਰਦਾਰ ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਨਾਮ ਦੀ ਇਕ ਹੋਰ ਸੰਸਥਾ ਦਾ ਉਦਘਾਟਨ ਕੀਤਾ ਜਾਵੇਗਾ ਤਾਂ ਜੋ ਹੋਰ ਨੌਜਵਾਨਾਂ ਆਰਮਡ ਫੋਰਸਿਜ਼ ’ਚ ਅਫਸਰਾਂ ਵਜੋਂ ਕਮਿਸ਼ਨ ਪ੍ਰਾਪਤ ਕਰ ਸਕਣ। ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਕਾਸ ਪ੍ਰਤਾਪ ਨੇ ਕਿਹਾ ਕਿ ਇਹ ਨਤੀਜੇ ਰਾਜ ਦੇ ਲੜਕੀਆਂ ਅਤੇ ਮੁੰਡਿਆਂ ਲਈ ਰੱਖਿਆ ਸਿਖਲਾਈ ’ਚ ਕੇਂਦ੍ਰਿਤ ਪਹੁੰਚ ਦੀ ਪ੍ਰਤੱਖ ਤਸਵੀਰ ਪੇਸ਼ ਕਰਦੇ ਹਨ। ਮਹਿਕਪ੍ਰੀਤ ਤੇ ਕੋਮਲਪ੍ਰੀਤ ਨੇ ਬੰਦਿਸ਼ਾਂ ਨੂੰ ਉਲੰਘਦਿਆਂ ਇਕ ਨਵੀਂ ਲੀਹ ਪਾ ਦਿੱਤੀ ਹੈ, ਜੋ ਛੋਟੇ ਕਸਬਿਆਂ ਤੇ ਪਿੰਡਾਂ ਦੀ ਹਰੇਕ ਧੀ ਲਈ ਪ੍ਰੇਰਣਾ ਹੈ।