- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਨ੍ਹਾਂ ਕਿਹਾ ਕਿ 2025 ਵਿਚ ਦੇਸ਼ ਦੇ ਜਲ ਸਰੋਤ ਮੰਤਰੀ ਨੇ ਪਾਰਲੀਮੈਂਟ ਵਿਚ ਕਿਹਾ ਕਿ ਪੰਜਾਬ ਕੈਂਸਰ ਦਾ ਘਰ ਬਣ ਗਿਆ ਹੈ। ਸਾਡੀ ਕਿਸੇ ਵੀ ਰਾਜਸੀ ਧਿਰ ਨੂੰ ਇਸ ਪ੍ਰਤੀ ਚਿੰਤਾ ਨਹੀਂ ਹੈ। ਸਾਡੇ ਦਰਿਆਈ ਪਾਣੀ ਨੂੰ ਕੇਂਦਰ ਸਰਕਾਰਾਂ ਨੇ ਗ਼ੈਰ-ਸੰਵਿਧਾਨਕ ਸਮਝੌਤਿਆਂ ਰਾਹੀਂ ਪੰਜਾਬ ਤੋਂ ਖੋਹ ਕੇ ਗ਼ੈਰ-ਰਾਏਪੇਰੀਅਨ ਰਾਜਾਂ ਨੂੰ ਜਬਰੀ ਦੇ ਦਿੱਤਾ ਹੈ। ਪਾਣੀਆਂ ਬਾਰੇ ਕੋਈ ਵੀ ਸਮਝੌਤਾ ਪੰਜਾਬ ਵਿਧਾਨ ਸਭਾ ਨੇ ਕਦੀ ਪਾਸ ਨਹੀਂ ਕੀਤਾ।

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ। ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ, ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਪਾਣੀ ਵਿਚ ਵੱਡੀ ਪੱਧਰ ’ਤੇ ਯੂਰੇਨੀਅਮ, ਲੈੱਡ, ਫਲੋਰਾਈਡ, ਆਰਸੀਨਿਕਸ, ਭਾਰੇ ਮੈਟਲ ਅਤੇ ਨਾਈਟ੍ਰੇਟਸ ਹੋਣ ਦੀਆਂ ਖ਼ਬਰਾਂ ਨਾਲ ਕੈਂਸਰ ਫੈਲ ਜਾਣ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ। ਰਿਪੋਰਟਾਂ ਅਨੁਸਾਰ ਜੇ ਫੌਰੀ ਕਦਮ ਨਾ ਪੁੱਟੇ ਗਏ ਤਾਂ ਚਾਰ ਸਾਲਾਂ ਦੇ ਅੰਦਰ-ਅੰਦਰ ਪੰਜਾਬ ਦੇ ਹਰ ਘਰ ਵਿਚ ਕੈਂਸਰ ਅਤੇ ਕਾਲੇ ਪੀਲੀਏ ਵਰਗੀਆਂ ਬਿਮਾਰੀਆਂ ਆਮ ਹੋਣਗੀਆਂ।
ਉਨ੍ਹਾਂ ਕਿਹਾ ਕਿ 2025 ਵਿਚ ਦੇਸ਼ ਦੇ ਜਲ ਸਰੋਤ ਮੰਤਰੀ ਨੇ ਪਾਰਲੀਮੈਂਟ ਵਿਚ ਕਿਹਾ ਕਿ ਪੰਜਾਬ ਕੈਂਸਰ ਦਾ ਘਰ ਬਣ ਗਿਆ ਹੈ। ਸਾਡੀ ਕਿਸੇ ਵੀ ਰਾਜਸੀ ਧਿਰ ਨੂੰ ਇਸ ਪ੍ਰਤੀ ਚਿੰਤਾ ਨਹੀਂ ਹੈ। ਸਾਡੇ ਦਰਿਆਈ ਪਾਣੀ ਨੂੰ ਕੇਂਦਰ ਸਰਕਾਰਾਂ ਨੇ ਗ਼ੈਰ-ਸੰਵਿਧਾਨਕ ਸਮਝੌਤਿਆਂ ਰਾਹੀਂ ਪੰਜਾਬ ਤੋਂ ਖੋਹ ਕੇ ਗ਼ੈਰ-ਰਾਏਪੇਰੀਅਨ ਰਾਜਾਂ ਨੂੰ ਜਬਰੀ ਦੇ ਦਿੱਤਾ ਹੈ। ਪਾਣੀਆਂ ਬਾਰੇ ਕੋਈ ਵੀ ਸਮਝੌਤਾ ਪੰਜਾਬ ਵਿਧਾਨ ਸਭਾ ਨੇ ਕਦੀ ਪਾਸ ਨਹੀਂ ਕੀਤਾ। ਧਰਤੀ ਹੇਠਲਾ ਪਾਣੀ ਬੁਰੀ ਤਰ੍ਹਾਂ ਪਲੀਤ ਹੋ ਗਿਆ ਹੈ ਅਤੇ ਤੀਸਰੀ ਤਹਿ ਦਾ ਪਾਣੀ ਨਾ ਪੀਣ ਯੋਗ ਹੈ ਅਤੇ ਨਾ ਹੀ ਫ਼ਸਲਾਂ ਨੂੰ ਲਾਉਣ ਯੋਗ। ਇਸ ਲਈ ਸਾਡੇ ਕੋਲ ਆਪਣਾ ਪਾਣੀ ਵਾਪਸ ਲੈਣ ਲਈ ਅੰਦੋਲਨ ਕਰਨ ਤੋਂ ਬਿਨਾਂ ਕੋਈ ਰਸਤਾ ਨਹੀਂ। ਪੰਜਾਬ ਨਾਲ ਬਹੁਤ ਸਾਰੇ ਸੰਵਿਧਾਨਕ ਧੱਕੇ ਹੋਏ ਹਨ, ਇਸੇ ਲਈ ਸਾਨੂੰ ਸੰਵਿਧਾਨਕ ਇਨਸਾਫ਼ ਲੈਣ ਲਈ ਲੜਾਈ ਲੜਨੀ ਪਵੇਗੀ।
ਰਾਜੇਵਾਲ ਨੇ ਕਿਹਾ ਕਿ ਪੰਜਾਬ ਵਿਚ ਆਏ ਹੜ੍ਹਾਂ ਨਾਲ 25 ਹਜ਼ਾਰ ਕਰੋੜ ਦਾ ਨੁਕਸਾਨ ਹੋਇਆ। ਹੜ੍ਹਾਂ ਤੋਂ ਬਾਅਦ ਬਾਕੀ ਬਚਦੀ ਝੋਨੇ ਦੀ ਫ਼ਸਲ ਦਾ ਝਾੜ 10 ਕੁਇੰਟਲ ਪ੍ਰਤੀ ਏਕੜ ਘੱਟ ਗਿਆ। ਉਸ ਤੋਂ ਬਾਅਦ ਕਣਕ ਦੀ ਫ਼ਸਲ ਵਿਚ ਵੀ 8 ਤੋਂ 10 ਕੁਇੰਟਲ ਪ੍ਰਤੀ ਏਕੜ ਝਾੜ ਘਟਿਆ। ਮੱਕੀ ਦੀ ਫ਼ਸਲ ’ਚ 15 ਤੋਂ 20 ਕੁਇੰਟਲ ਦਾ ਝਾੜ ਘੱਟ ਗਿਆ। ਇਸ ਵੇਲੇ ਗੰਨੇ ਦਾ ਝਾੜ 100 ਤੋਂ 150 ਕੁਇੰਟਲ ਪ੍ਰਤੀ ਏਕੜ ਘੱਟ ਨਿਕਲ ਰਿਹਾ ਹੈ ਅਤੇ ਮੌਜੂਦਾ ਆਲੂ ਦੀ ਫ਼ਸਲ ਦਾ ਕੋਈ ਭਾਅ ਹੀ ਨਹੀਂ। ਕਿਸਾਨ ਬਰਬਾਦ ਹੋ ਰਿਹਾ ਹੈ। ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਅੱਜ ਪੰਜਾਬ ਨੂੰ ਇਕ ਅਜਿਹੀ ਖੇਤੀ ਬੀਮਾ ਸਕੀਮ ਦੀ ਲੋੜ ਹੈ, ਜਿਸ ਵਿਚ ਹਰ ਏਕੜ ਨੂੰ ਯੂਨਿਟ ਮੰਨ ਕੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ।
ਆਗੂਆਂ ਨੇ ਐਲਾਨ ਕੀਤਾ ਕਿ ਪੰਜਾਬ ਦੇ ਪਾਣੀਆਂ, ਕਿਸਾਨਾਂ ਦੀ ਕਰਜ਼ਾ ਮੁਕਤੀ, ਐੱਮਐੱਸਪੀ ਅਤੇ ਹੋਰ ਮੰਗਾਂ ਲਈ ਅੰਦੋਲਨ ਕਰਨ ਲਈ ਛੇਤੀ ਹੀ ਲੋਕਾਂ ਨਾਲ ਤਾਲਮੇਲ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਇਸ ਤੋਂ ਪਹਿਲਾਂ 6 ਫਰਵਰੀ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਵੱਡੀ ਗਿਣਤੀ ਵਿਚ ਕਿਸਾਨਾਂ ਦਾ ਇਕੱਠ ਕਰ ਕੇ ਅਰਦਾਸ ਕੀਤੀ ਜਾਵੇਗੀ। ਉਸ ਤੋਂ ਬਾਅਦ ਤਾਲਮੇਲ ਮੁਹਿੰਮ ਨਾਲ ਲੋਕਾਂ ਨੂੰ ਵੱਡੇ ਸੰਘਰਸ਼ ਲਈ ਤਿਆਰ ਕੀਤਾ ਜਾਵੇਗਾ। ਉਨ੍ਹਾਂ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ 6 ਫਰਵਰੀ ਨੂੰ ਅਰਦਾਸ ਸਮੇਂ ਸ੍ਰੀ ਦਰਬਾਰ ਸਾਹਿਬ ਵਿਖੇ ਇਕੱਠੇ ਹੋਣ। ਤਾਲਮੇਲ ਸ਼ੁਰੂ ਕਰਨ ਅਤੇ ਹੋਰ ਮੰਗਾਂ ਦੀ ਵਿਸਥਾਰ ਦਾ ਐਲਾਨ ਅਰਦਾਸ ਤੋਂ ਬਾਅਦ ਕੀਤਾ ਜਾਵੇਗਾ।