ਖਰੜ 'ਚ ਰੈਸਟੋਰੈਂਟ ‘ਤੇ ਐਕਸਾਈਜ਼ ਵਿਭਾਗ ਦੀ ਰੇਡ, 88 ਪੇਟੀਆਂ ਚੰਡੀਗੜ੍ਹ ਸੇਲ ਦੀ ਸ਼ਰਾਬ ਬਰਾਮਦ
ਜਦੋਂ ਅਧਿਕਾਰੀਆਂ ਨੇ ਸ਼ਰਾਬ ਰੱਖਣ ਸਬੰਧੀ ਪਾਸ ਜਾਂ ਪਰਮਿਟ ਦੀ ਮੰਗ ਕੀਤੀ ਤਾਂ ਦੋਸ਼ੀ ਕੋਈ ਵੀ ਵੈਲਿਡ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ। ਇਸ ਤੋਂ ਬਾਅਦ ਦੋਸ਼ੀ ਦੇ ਖ਼ਿਲਾਫ਼ ਪੰਜਾਬ ਐਕਸਾਈਜ਼ ਐਕਟ 1914 ਦੀ ਧਾਰਾ 61 ਅਤੇ 68 ਤਹਿਤ ਥਾਣਾ ਖਰੜ ਸਿਟੀ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ।
Publish Date: Sun, 08 Mar 2026 10:30 AM (IST)
Updated Date: Sun, 08 Mar 2026 10:34 AM (IST)
ਰਣਜੀਤ ਸਿੰਘ ਰਾਣਾ, ਐਸ ਏ ਐਸ ਨਗਰ: ਪੰਜਾਬ ਆਬਕਾਰੀ ਵਿਭਾਗ ਵੱਲੋਂ ਗੈਰਕਾਨੂੰਨੀ ਸ਼ਰਾਬ ਖ਼ਿਲਾਫ਼ ਚਲਾਏ ਜਾ ਰਹੇ ਅਭਿਆਨ ਤਹਿਤ ਵੱਡੀ ਕਾਰਵਾਈ ਕਰਦੇ ਹੋਏ ਖਰੜ ਦੇ ਇੱਕ ਰੈਸਟੋਰੈਂਟ ਤੋਂ ਚੰਡੀਗੜ੍ਹ ਵਿੱਚ ਵਿਕਣਯੋਗ ਵੱਡੀ ਮਾਤਰਾ ਵਿੱਚ ਸ਼ਰਾਬ ਬਰਾਮਦ ਕੀਤੀ ਗਈ ਹੈ।
ਆਬਕਾਰੀ ਵਿਭਾਗ ਦੇ ਇੰਸਪੈਕਟਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਟੀਮ ਨੇ ਰੋਪੜ ਰੇਂਜ ਦੇ ਅਸਿਸਟੈਂਟ ਕਮਿਸ਼ਨਰ ਅਸ਼ੋਕ ਮਲਹੋਤਰਾ ਦੀ ਦੇਖ-ਰੇਖ ਵਿੱਚ ਗੁਪਤ ਸੂਚਨਾ ਦੇ ਆਧਾਰ ‘ਤੇ ਫੂਡ ਵੇ 43 ਰੈਸਟੋਰੈਂਟ, ਲਾਂਡਰਾ ਰੋਡ ਖਰੜ ਵਿੱਚ ਛਾਪੇਮਾਰੀ ਕੀਤੀ।
ਜਾਂਚ ਦੌਰਾਨ ਟੀਮ ਨੂੰ ਰੈਸਟੋਰੈਂਟ ਤੋਂ ਚੰਡੀਗੜ੍ਹ ਵਿੱਚ ਵਿਕਰੀ ਲਈ ਨਿਰਧਾਰਤ ਵੱਡੀ ਮਾਤਰਾ ਵਿੱਚ ਸ਼ਰਾਬ ਬਰਾਮਦ ਹੋਈ। ਬਰਾਮਦ ਸ਼ਰਾਬ ਵਿੱਚ ਵੱਖ-ਵੱਖ ਬ੍ਰਾਂਡਾਂ ਦੀਆਂ 41 ਪੇਟੀਆਂ ਇੰਗਲਿਸ਼ ਵਿਸਕੀ ਅਤੇ 47 ਪੇਟੀਆਂ ਬੀਅਰ ਸ਼ਾਮਲ ਹਨ।
ਛਾਪੇਮਾਰੀ ਦੌਰਾਨ ਰੈਸਟੋਰੈਂਟ ਦੇ ਮਾਲਕ ਦਵਿੰਦਰ ਕੁਮਾਰ ਅਰੋੜਾ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ ਗਿਆ। ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਰੈਸਟੋਰੈਂਟ ਪਿਛਲੇ ਕਰੀਬ ਇੱਕ ਮਹੀਨੇ ਤੋਂ ਬਿਨਾਂ ਕਿਸੇ ਵੈਧ ਲਾਇਸੈਂਸ ਦੇ ਗਾਹਕਾਂ ਨੂੰ ਗੈਰਕਾਨੂੰਨੀ ਤਰੀਕੇ ਨਾਲ ਸ਼ਰਾਬ ਵੇਚਣ ਅਤੇ ਪਰੋਸਣ ਦਾ ਕੰਮ ਕਰ ਰਿਹਾ ਸੀ।
ਜਦੋਂ ਅਧਿਕਾਰੀਆਂ ਨੇ ਸ਼ਰਾਬ ਰੱਖਣ ਸਬੰਧੀ ਪਾਸ ਜਾਂ ਪਰਮਿਟ ਦੀ ਮੰਗ ਕੀਤੀ ਤਾਂ ਦੋਸ਼ੀ ਕੋਈ ਵੀ ਵੈਲਿਡ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ। ਇਸ ਤੋਂ ਬਾਅਦ ਦੋਸ਼ੀ ਦੇ ਖ਼ਿਲਾਫ਼ ਪੰਜਾਬ ਐਕਸਾਈਜ਼ ਐਕਟ 1914 ਦੀ ਧਾਰਾ 61 ਅਤੇ 68 ਤਹਿਤ ਥਾਣਾ ਖਰੜ ਸਿਟੀ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ।
ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਗੈਰਕਾਨੂੰਨੀ ਸ਼ਰਾਬ ਦੇ ਕਾਰੋਬਾਰ ਦੇ ਖ਼ਿਲਾਫ਼ ਮੁਹਿੰਮ ਅੱਗੇ ਵੀ ਜਾਰੀ ਰਹੇਗੀ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।