ਵਿਧਾਨ ਸਭਾ ਦੇ ਘਰਾਓ ਲਈ ਜਾਂਦੇ ਕੱਚੇ ਮੁਲਾਜ਼ਮਾਂ ਨੂੰ ਚੰਡੀਗੜ੍ਹ ਬਾਰਡਰ 'ਤੇ ਰੋਕਿਆ, ਪਾਣੀ ਦੀਆਂ ਬੁਛਾੜਾਂ ਮਾਰੀਆਂ ਤੇ ਅੱਥਰੂ ਗੈਸ ਦੇ ਗੋਲੇ ਛੱਡੇ; ਕਈ ਜ਼ਖ਼ਮੀ
ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੱਚੀਆਂ ਕੰਧਾਂ ਤੇ ਕੱਚੇ ਮੁਲਾਜ਼ਮ ਰਹਿਣ ਨਹੀਂ ਦੇਣੇ, ਨਾਅਰੇ ਤਹਿਤ ਵਾਅਦੇ ਕੀਤੇ ਸੀ ਪਰ ਸਰਕਾਰ ਬਣਿਆਂ ਚਾਰ ਸਾਲ ਦਾ ਸਮਾਂ ਬੀਤ ਜਾਣ ਤੋਂ ਬਾਅਦ ਅਜੇ ਤਕ ਵੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਨਹੀਂ ਕੀਤਾ ਗਿਆ।
Publish Date: Sun, 08 Mar 2026 05:07 PM (IST)
Updated Date: Sun, 08 Mar 2026 05:17 PM (IST)
ਰਣਜੀਤ ਸਿੰਘ ਰਾਣਾ, ਐਸਏਐਸ ਨਗਰ : ਪੰਜਾਬ ਤੋਂ ਕੱਚੇ ਮੁਲਾਜ਼ਮਾਂ ਦੀਆਂ ਅਲੱਗ-ਅਲੱਗ ਜਥੇਬੰਦੀਆਂ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਮੋਹਾਲੀ ਵਿਖੇ ਇਕੱਠ ਕਰ ਕੇ ਵਿਧਾਨ ਸਭਾ ਦਾ ਘਰਾਓ ਕਰਨ ਜਾ ਰਹੀਆਂ ਸੀ। ਮੋਹਾਲੀ ਦੀ ਬੁੜੈਲ ਜੇਲ੍ਹ ਕੋਲ ਚੰਡੀਗੜ੍ਹ ਪੁਲਿਸ ਵੱਲੋਂ ਬੈਰੀਕੇਡ ਲਗਾ ਕੇ ਇਨ੍ਹਾਂ ਨੂੰ ਰੋਕ ਲਿਆ ਗਿਆ। ਜਬਰਨ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਕੱਚੇ ਮੁਲਾਜ਼ਮਾਂ 'ਤੇ ਚੰਡੀਗੜ੍ਹ ਪੁਲਿਸ ਨੇ ਜਲ ਤੋਪਾਂ ਨਾਲ ਪਾਣੀ ਦੀਆਂ ਬੁਛਾੜਾਂ ਛੱਡੀਆਂ ਤੇ ਅੱਥਰੂ ਗੈਸ ਦੇ ਗੋਲੇ ਵੀ ਛੱਡੇ ਜਿਸ ਵਿਚ ਪੰਜ ਤੋਂ ਛੇ ਔਰਤਾਂ ਅਤੇ 8 ਤੋਂ 10 ਮਰਦ ਜ਼ਖਮੀ ਹੋ ਗਏ।
ਇਹ ਕੱਚੇ ਮੁਲਾਜ਼ਮ ਅਲੱਗ-ਅਲੱਗ ਕੈਟਾਗਰੀ ਤੋਂ ਮੋਹਾਲੀ ਵਿਖੇ ਇਕੱਠੇ ਹੋਏ ਸਨ। ਕੱਚੇ ਮੁਲਾਜ਼ਮਾਂ ਨੇ ਇਕੱਠੇ ਹੋ ਕੇ ਅੱਜ ਸੰਘਰਸ਼ ਤਿੱਖਾ ਕਰਨ ਲਈ ਪਹਿਲਾ ਮੋਹਾਲੀ ਵਿਖੇ ਦੋ ਤੋਂ ਤਿੰਨ ਘੰਟੇ ਮੀਟਿੰਗਾਂ ਕੀਤੀਆਂ ਤੇ ਫਿਰ ਘਿਰਾਏ ਲਈ ਵਿਧਾਨ ਸਭਾ ਵੱਲ ਚਾਲੇ ਪਾਏ। ਇਨ੍ਹਾਂ ਦਾ ਦੋਸ਼ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੱਚੀਆਂ ਕੰਧਾਂ ਤੇ ਕੱਚੇ ਮੁਲਾਜ਼ਮ ਰਹਿਣ ਨਹੀਂ ਦੇਣੇ, ਨਾਅਰੇ ਤਹਿਤ ਵਾਅਦੇ ਕੀਤੇ ਸੀ ਪਰ ਸਰਕਾਰ ਬਣਿਆਂ ਚਾਰ ਸਾਲ ਦਾ ਸਮਾਂ ਬੀਤ ਜਾਣ ਤੋਂ ਬਾਅਦ ਅਜੇ ਤਕ ਵੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਨਹੀਂ ਕੀਤਾ ਗਿਆ।