ਸਿੱਖਿਆ ਮੰਤਰੀ ਦਾ ਵੱਡਾ ਦਾਅਵਾ: ਹੁਣ ਡਿਗਰੀ ਪੂਰੀ ਹੁੰਦਿਆਂ ਹੀ ਉਦਯੋਗਾਂ ਲਈ ਤਿਆਰ ਹੋਣਗੇ ਵਿਦਿਆਰਥੀ, ਲਾਜ਼ਮੀ ਹੋਵੇਗੀ ਇੰਟਰਨਸ਼ਿਪ
ਬੈਂਸ ਨੇ ਦੱਸਿਆ ਕਿ ਨਵੇਂ ਕੋਰਸਾਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਅਤੇ ਮਸ਼ੀਨ ਲਰਨਿੰਗ ਵਿੱਚ ਬੀਟੈਕ, ਰੋਬੋਟਿਕਸ ਅਤੇ ਏਆਈ ਵਿੱਚ ਬੀਟੈਕ, ਬੀਫਾਰਮੇਸੀ, ਬੀਐੱਸਸੀ ਐਗਰੀਕਲਚਰ ਅਤੇ ਐੱਮਸੀਏ, ਐੱਮਬੀਏ ਤੇ ਐੱਮਐੱਸਸੀ ਦੇ ਪੰਜ ਸਾਲਾ ਇੰਟੀਗ੍ਰੇਟਿਡ ਪ੍ਰੋਗਰਾਮ ਸ਼ਾਮਲ ਹਨ।
Publish Date: Sun, 07 Jun 2026 08:28 AM (IST)
Updated Date: Sun, 07 Jun 2026 08:32 AM (IST)
ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ: ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਉਚੇਰੀ ਸਿੱਖਿਆ ਨੂੰ ਰੋਜ਼ਗਾਰ ਅਤੇ ਉਦਯੋਗਾਂ ਦੀਆਂ ਲੋੜਾਂ ਅਨੁਸਾਰ ਢਾਲਣ ਲਈ ਵਚਨਬੱਧ ਹੈ। ਇਸੇ ਤਹਿਤ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ, ਗੁਰਦਾਸਪੁਰ ਵਿੱਚ ਮੌਜੂਦਾ ਅਕਾਦਮਿਕ ਸੈਸ਼ਨ ਤੋਂ ਪੰਜ ਨਵੇਂ ਹੁਨਰ ਅਤੇ ਉਦਯੋਗ-ਅਧਾਰਿਤ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ।
ਬੈਂਸ ਨੇ ਦੱਸਿਆ ਕਿ ਨਵੇਂ ਕੋਰਸਾਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਅਤੇ ਮਸ਼ੀਨ ਲਰਨਿੰਗ ਵਿੱਚ ਬੀਟੈਕ, ਰੋਬੋਟਿਕਸ ਅਤੇ ਏਆਈ ਵਿੱਚ ਬੀਟੈਕ, ਬੀਫਾਰਮੇਸੀ, ਬੀਐੱਸਸੀ ਐਗਰੀਕਲਚਰ ਅਤੇ ਐੱਮਸੀਏ, ਐੱਮਬੀਏ ਤੇ ਐੱਮਐੱਸਸੀ ਦੇ ਪੰਜ ਸਾਲਾ ਇੰਟੀਗ੍ਰੇਟਿਡ ਪ੍ਰੋਗਰਾਮ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਪਹਿਲ ਉਚੇਰੀ ਸਿੱਖਿਆ ਨੂੰ ਰੋਜ਼ਗਾਰ-ਕੇਂਦਰਿਤ ਅਤੇ ਵਿਸ਼ਵ ਪੱਧਰ ’ਤੇ ਮੁਕਾਬਲੇਯੋਗ ਬਣਾਉਣ ਦੇ ਵੱਡੇ ਟੀਚੇ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਸਿਧਾਂਤਕ ਅਤੇ ਪ੍ਰੀਖਿਆ-ਕੇਂਦਰਿਤ ਸਿੱਖਿਆ ਦਾ ਪੁਰਾਣਾ ਮਾਡਲ ਹੁਣ ਕਾਰਗਰ ਨਹੀਂ ਰਿਹਾ। ਇਸ ਲਈ ਪਾਠਕ੍ਰਮ ਨੂੰ ਵਿਹਾਰਕ ਸਿਖਲਾਈ, ਪ੍ਰਯੋਗਸ਼ਾਲਾ-ਅਧਾਰਿਤ ਅਧਿਐਨ ਅਤੇ ਅਸਲ ਸਮੱਸਿਆਵਾਂ ਦੇ ਹੱਲ ਨਾਲ ਜੋੜਿਆ ਜਾ ਰਿਹਾ ਹੈ। ਸਿੱਖਿਆ ਮੰਤਰੀ ਨੇ ਕਿਹਾ ਕਿ ਹਰ ਵਿਦਿਆਰਥੀ ਲਈ ਇੱਕ ਸਮੈਸਟਰ ਦੀ ਲਾਜ਼ਮੀ ਇੰਟਰਨਸ਼ਿਪ ਅਤੇ ਲਾਈਵ ਪ੍ਰੋਜੈਕਟਾਂ ਵਿੱਚ ਭਾਗ ਲੈਣਾ ਜ਼ਰੂਰੀ ਹੋਵੇਗਾ ਤਾਂ ਜੋ ਡਿਗਰੀ ਪੂਰੀ ਕਰਨ ਤੱਕ ਉਹ ਉਦਯੋਗ ਲਈ ਤਿਆਰ ਹੋ ਸਕੇ।
ਉਨ੍ਹਾਂ ਕਿਹਾ ਕਿ ਇਹ ਸਿਰਫ਼ ਪਾਠਕ੍ਰਮ ਵਿੱਚ ਤਬਦੀਲੀ ਨਹੀਂ, ਸਗੋਂ ਪੰਜਾਬ ਦੇ ਨੌਜਵਾਨਾਂ ਲਈ ਸਿੱਖਣ, ਰੋਜ਼ਗਾਰ ਹਾਸਲ ਕਰਨ ਅਤੇ ਅੱਗੇ ਵਧਣ ਦੇ ਮੌਕਿਆਂ ਨੂੰ ਮਜ਼ਬੂਤ ਕਰਨ ਵਾਲਾ ਕਦਮ ਹੈ। ਬੈਂਸ ਨੇ ਕਿਹਾ ਕਿ ਇਸ ਨਾਲ ਹੁਨਰਮੰਦ ਨੌਜਵਾਨਾਂ ਦੇ ਸੂਬੇ ਤੋਂ ਬਾਹਰ ਜਾਣ ਦੇ ਰੁਝਾਨ ਨੂੰ ਵੀ ਰੋਕਣ ਵਿੱਚ ਮਦਦ ਮਿਲੇਗੀ ਅਤੇ ਵਿਦਿਆਰਥੀਆਂ ਨੂੰ ਗੁਣਵੱਤਾ ਭਰਪੂਰ ਤਕਨੀਕੀ ਅਤੇ ਪੇਸ਼ੇਵਰ ਸਿੱਖਿਆ ਪੰਜਾਬ ਵਿੱਚ ਹੀ ਉਪਲਬਧ ਹੋਵੇਗੀ।