ਡਾ. ਵਰਮਾ ਨੂੰ ਦਿੱਤਾ ਭੂਸ਼ਨ ਧਿਆਨਪੁਰੀ ਯਾਦਗਾਰੀ ਐਵਾਰਡ
ਡਾ. ਵਰਮਾ ਨੂੰ ਦਿੱਤਾ ਭੂਸ਼ਨ ਧਿਆਨਪੁਰੀ ਯਾਦਗਾਰੀ ਅਵਾਰਡ
Publish Date: Sat, 08 Nov 2025 06:24 PM (IST)
Updated Date: Sat, 08 Nov 2025 06:25 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਸਵਪਨ ਫਾਊਂਡੇਸ਼ਨ, ਪਟਿਆਲਾ (ਰਜਿ:) ਵੱਲੋਂ ਟੀਐੱਸ ਸੈਂਟਰਲ ਸਟੇਟ ਲਾਇਬਰੇਰੀ ਦੇ ਸਹਿਯੋਗ ਨਾਲ ਤੀਜਾ ਭੂਸ਼ਨ ਧਿਆਨਪੁਰੀ ਯਾਦਗਾਰੀ, ਵਾਰਤਕ ਸਨਮਾਨ ਉੱਘੇ ਲੇਖਕ ਡਾ. ਸਤੀਸ਼ ਕੁਮਾਰ ਵਰਮਾ ਨੂੰ ਦਿੱਤਾ ਗਿਆ। ਇਸ ਮੌਕੇ ਭਾਰਤੀ ਸਾਹਿਤ ਅਕਾਦਮੀ ਵੱਲੋਂ ਯੁਵਾ ਸਹਿਤੀ ਤਹਿਤ ਨੌਜਵਾਨ ਕਵੀਆਂ ਦਾ ਕਵੀ ਦਰਬਾਰ ਕਰਵਾਇਆ ਗਿਆ। ਸਭ ਤੋਂ ਪਹਿਲਾਂ ਸੰਦੀਪ ਜਸਵਾਲ ਨੇ ਸਾਰੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਉਪਰੰਤ ਉੱਘੇ ਪੱਤਰਕਾਰ ਤੇ ਰੰਗਕਰਮੀ ਪ੍ਰੀਤਮ ਰੁਪਾਲ ਨੇ ਡਾ. ਵਰਮਾ ਨੂੰ ਬਹੁਪੱਖੀ ਪ੍ਰਤਿਭਾ ਦਾ ਮਾਲਕ ਕਿਹਾ ਤੇ ਉਨ੍ਹਾਂ ਨੂੰ ਪਿੰਡਾਂ ਵਾਲਿਆਂ ਦਾ ਹਤੈਸ਼ੀ ਦੱਸਿਆ। ਅਗਲੇ ਬੁਲਾਰਿਆਂ ’ਚ ਉੱਘੇ ਕਵੀ ਹਰਵਿੰਦਰ ਸਿੰਘ ਨੇ ਕਿਹਾ ਕਿ ਡਾ. ਵਰਮਾ ਨੂੰ ਵਾਰਤਕ ਦੀ ਭਾਸ਼ਾ ਬਾਰੇ ਪਤਾ, ਉਨ੍ਹਾਂ ਨੂੰ ਪਤਾ ਹੈ ਕਿ ਵਾਕ ਕਿਵੇਂ ਬਣਦਾ ਹੈ। ਇਸ ਤੋਂ ਬਾਅਦ ਉੱਘੇ ਰੰਗਕਰਮੀ ਸੰਜੀਵਨ ਸਿੰਘ ਨੇ ਵਰਮਾ ਨਾਲ ਨਿੱਜੀ ਸਬੰਧਾਂ ਬਾਰੇ ਦੱਸਦੇ ਹੋਏ ਉਨ੍ਹਾਂ ਨੂੰ ਨਿੱਘਾ ਬੰਦਾ ਕਿਹਾ। ਇਸ ਉਪਰੰਤ ਡਾ. ਵਰਮਾ ਦਾ ਫੁਲਕਾਰੀ ਸਨਮਾਨ ਤੇ ਇਕ ਹਜ਼ਾਰ ਨਕਦ ਰਾਸ਼ੀ ਦੇ ਕੇ ਸਨਮਾਨ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿਚੋਂ ਬੋਲਦਿਆਂ ਕਹਾਣੀਕਾਰ ਬਲਜੀਤ ਨੇ ਕਿਹਾ ਕਿ ਇਹ ਸਨਮਾਨ ਪਹਿਲਾਂ ਵੀ ਵਧੀਆ ਸਹਿਤਕਾਰਾਂ ਨੂੰ ਦਿੱਤੇ ਗਏ ਤੇ ਅਗਾਂਹ ਵੀ ਦਿੱਤੇ ਜਾਂਦੇ ਰਹਿਣਗੇ। ਉੱਘੇ ਲੇਖਕ ਤੇ ਅਨੁਵਾਦਕ ਜੰਗ ਬਹਾਦੁਰ ਗੋਇਲ ਨੇ ਡਾ. ਵਰਮਾ ਨੂੰ ਹਰਫਨਮੌਲਾ ਸਾਹਿਤਕਾਰ ਦੱਸਦੇ ਹੋਏ ਚਾਨਣਮੁਨਾਰਾ ਕਿਹਾ। ਦਿੱਲੀ ਤੋਂ ਖ਼ਾਸ ਤੌਰ ਤੇ ਆਏ ਅੱਜ ਦੇ ਸਮਾਗਮ ਦੇ ਮੁੱਖ ਮਹਿਮਾਨ ਉੱਘੇ ਕਵੀ, ਆਲੋਚਕ ਤੇ ਚਿੰਤਕ ਡਾ. ਵਨੀਤਾ ਨੇ ਆਪਣੀ ਗੱਲ ਕਹਿੰਦੇ ਹੋਏ ਕਿਹਾ ਕਿ ਇਨ੍ਹਾਂ ਨੇ ਹਰ ਵਿਧਾ ਤੇ ਸਾਹਿਤਕ ਕਾਰਜ ਕਰਕੇ ਇਕ ਰਾਹ ਦਸੇਰੇ ਦਾ ਕੰਮ ਕੀਤਾ ਤੇ ਉਨ੍ਹਾਂ ਨੇ ਡਾ. ਸਤੀਸ਼ ਦੇ ਨੈਨੋ ਨਾਟਕਾਂ ਬਾਰੇ ਵੀ ਗੱਲ ਕੀਤੀ। ਆਖ਼ਰ ਵਿਚ ਪ੍ਰਧਾਨਗੀ ਭਾਸ਼ਨ ਦਿੰਦਿਆਂ ਉੱਘੇ ਕਵੀ, ਨਾਵਲਕਾਰ, ਆਲੋਚਕ ਡਾ. ਮਨਮੋਹਨ ਨੇ ਕਿਹਾ ਕਿ ਮੈਂ ਡਾ. ਵਰਮਾ ਨੂੰ ਉਨ੍ਹਾਂ ਦੀਆਂ ਕਿਤਾਬਾਂ ਰਾਹੀਂ ਜ਼ਿਆਦਾ ਜਾਣਿਆ ਹੈ। ਉਨ੍ਹਾਂ ਕਿਹਾ ਕਿ ਡਾ. ਵਰਮਾ ਜਿਸ ਪਾਏ ਦੇ ਲੇਖਕ ਨੇ ਇਨ੍ਹਾਂ ਨੂੰ ਬਹੁਤ ਕੁਝ ਬਹੁਤ ਪਹਿਲਾਂ ਮਿਲ ਜਾਣਾ ਚਾਹੀਦਾ ਸੀ। ਉਨ੍ਹਾਂ ਨੇ ਡਾ. ਵਰਮਾ ਦੀ ਵਾਰਤਕ ਦੀ ਵਾਕ ਬਣਤਰ ਦੀ ਤਾਰੀਫ਼ ਕੀਤੀ। ਸਮਾਗਮ ਦੇ ਅਗਲੇ ਦੌਰ ਵਿਚ ਭਾਰਤੀ ਸਾਹਿਤ ਅਕਾਦਮੀ ਵੱਲੋਂ ਯੁਵਾ ਸਹਿਤੀ ਤਹਿਤ ਨੌਜਵਾਨ ਕਵੀਆਂ ਦਾ ਕਵੀ ਦਰਬਾਰ ਕਰਵਾਇਆ ਗਿਆ। ਸਭ ਤੋਂ ਪਹਿਲਾਂ ਸੰਧੂ ਗਗਨ ਨੇ ਆਪਣੀ ਕਵਿਤਾ ਰੁੱਖ ਤੇ ਘਰ, ਚੋਰੀ ਦੀ ਕਵਿਤਾ ਆਦਿ ਸੁਣਾ ਕੇ ਭਰਪੂਰ ਦਾਦ ਖੱਟੀ। ਇਸ ਉਪਰੰਤ ਚੰਡੀਗੜ੍ਹ ਵਾਸੀ ਹਿੰਦੀ ਸ਼ਾਇਰਾ ਬਬੀਤਾ ਕਪੂਰ ਨੇ ਆਪਣੀ ਗ਼ਜ਼ਲ ਹਰ ਦਿਨ ਕੀਮਤ ਘਟਦੀ ਬੜ੍ਹਤੀ ਰਹਿਤੀ ਯਹ ਮੈਂ ਹੂੰ ਯਾ ਮੁਝ ਮੇਂ ਬਾਜ਼ਾਰ ਕੋਈ ਸੁਣਾਕੇ ਕਵੀ ਦਰਬਾਰ ਨੂੰ ਦੋ ਭਾਸ਼ਾਈ ਬਣਾ ਦਿੱਤਾ। ਨਵਾਂ ਸ਼ਹਿਰ ਤੋਂ ਆਏ ਸ਼ਾਇਰ ਅਨੀ ਕਾਠਗੜ੍ਹ ਨੇ ਪਰਿੰਦੇ ਪਾਲਤੂ ਜੈਸੇ ਉਡਾਏ... ਹਰਾ ਜੰਗਲ ਮਿਟਾ ਆਦਿ ਵਧੀਆਂ ਸ਼ਿਅਰਾਂ ਤੇ ਪੇਸ਼ਕਾਰੀ ਨਾਲ ਸਰੋਤਿਆਂ ਦਾ ਮਨ ਮੋਹਿਆ। ਰਾਮਪੁਰ ਤੋਂ ਆਏ ਸ਼ਾਇਰ ਅਮਰਿੰਦਰ ਸੋਹਲ ਨੇ ਹਾਲੇ ਨਾ ਖ਼ੁਦ ਨੂੰ ਦੇਖ ਹੁੰਦਾ ਨਾ ਆਪਣੇ ਖਾਬ ਵੀ, ਦਿਨ ਬਦਲਣਗੇ ਜਦ ਦੇਖ ਲਾਂਗੇ ਦੁੱਲੇ ਦੀ ਢਾਬ ਵੀ । ਕਵੀ ਦਰਬਾਰ ਦੇ ਪ੍ਰਧਾਨਗੀ ਮੰਡਲ ਵਿਚੋਂ ਸਭ ਤੋਂ ਪਹਿਲਾਂ ਬੋਲਦਿਆਂ ਕਹਾਣੀਕਾਰ, ਅਨੁਵਾਦਕ ਸੁਭਾਸ਼ ਭਾਸਕਰ ਨੇ ਕਵੀ ਦਰਬਾਰ ਨੂੰ ਕਾਮਯਾਬ ਦੱਸਿਆ ਤੇ ਉਨ੍ਹਾਂ ਆਪਣੀ ਕਵਿਤਾ ਵੀ ਸੁਣਾਈ ਸ਼ਾਇਰ ਰਮਨ ਸੰਧੂ ਆਪਣੇ ਸ਼ਿਅਰ ਖ਼ੁਦਾ ਤੋਂ ਮਖ਼ਮਲੀ ਰਾਹ ਲੈਣ ਦੀ ਜ਼ਿੱਦ ਹੀ ਨਹੀਂ ਕਰਦਾ, ਇਹ ਕੈਸਾ ਸ਼ਖ਼ਸ ਹੈ ਕੰਢਿਆਂ ਤੇ ਤੁਰਦਾ ਸੀ ਨਹੀਂ ਕਰਦਾ ਆਦਿ ਸੁਣਾਏ ਤੇ ਖ਼ੂਬ ਤਾੜੀਆਂ ਵੱਜੀਆਂ। ਆਖ਼ਰ ਵਿਚ ਉੱਘੇ ਸ਼ਾਇਰ ਐੱਸ. ਨਸੀਮ ਨੇ ਸਮਾਗਮ ਨੂੰ ਤੇ ਆਪਣੇ ਸ਼ਿਅਰ ਭਟਕਣ ਦਾ ਸ਼ੌਕ ਨਹੀਂ ਮਜ਼ਬੂਰੀ ਹੈ, ਸ਼ਾਇਦ ਉਸ ਦੀ ਨਾਭੀ ਵਿਚ ਕਸਤੂਰੀ ਹੈ । ਇਸ ਸਮਾਗਮ ਦਾ ਸੰਚਾਲਨ ਸਵਪਨ ਫਾਊਂਡੇਸ਼ਨ ਦੇ ਜਨਰਲ ਸਕੱਤਰ ਜਗਦੀਪ ਸਿੱਧੂ ਨੇ ਬਾਖ਼ੂਬੀ ਕੀਤਾ। ਪ੍ਰਧਾਨ ਡਾ. ਕੁਲਪਿੰਦਰ ਸ਼ਰਮਾ ਨੇ ਸਾਰੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਹ ਸਮਾਗਮ ਡਾ. ਸੁਰਿੰਦਰ ਗਿੱਲ, ਕੇਵਲਜੀਤ ਪਾਲ ਅਜਨਬੀ, ਸੁਖਵਿੰਦਰ ਸਿੱਧੂ, ਭੁਪਿੰਦਰ ਸਿੰਘ ਮਾਨ, ਮੰਦਰ ਗਿੱਲ, ਹਰਬੰਸ ਕੌਰ ਗਿੱਲ, ਗੁਰਦੇਵ ਗਿੱਲ, ਗੁਲ ਚੌਹਾਨ, ਪਵਨਦੀਪ, ਦਵਿੰਦਰ ਸਿੰਘ ਬੋਹਾ, ਵਰਿੰਦਰ ਸਿੰਘ ਆਦਿ ਨੇ ਸ਼ਿਰਕਤ ਕੀਤੀ।