ਡਾ. ਰਣਵੀਰ ਸਿੰਘ ਨੂੰ ‘ਐਜੂਕੇਟਰ ਆਫ਼ ਦਿ ਈਅਰ’ ਐਵਾਰਡ
ਡਾ. ਰਣਵੀਰ ਸਿੰਘ ਨੂੰ ਲਗਾਤਾਰ ਵੱਖ-ਵੱਖ ਰਾਸ਼ਟਰੀ ਮੰਚਾਂ ’ਤੇ ਸਨਮਾਨ ਮਿਲ ਰਹੇ ਹਨ ਤੇ ਉਹ ਖਰੜ ਤੇ ਮੁਹਾਲੀ ਦਾ ਨਾਂ ਦੇਸ਼ ਭਰ ’ਚ ਰੌਸ਼ਨ ਕਰ ਰਹੇ ਹਨ।
Publish Date: Tue, 26 May 2026 05:43 PM (IST)
Updated Date: Thu, 28 May 2026 12:21 PM (IST)
ਪੰਜਾਬੀ ਜਾਗਰਣ ਰਿਪੋਰਟਰ, ਮੁਹਾਲੀ : ਪੰਜਾਬ ਲਈ ਮਾਣ ਤੇ ਗੌਰਵ ਦਾ ਪਲ ਉਸ ਵੇਲੇ ਬਣਿਆ ਜਦੋਂ ਇਲਾਕੇ ਪ੍ਰਸਿੱਧ ਯੂਥ ਆਈਕਨ ਤੇ ਪ੍ਰੇਰਣਾਦਾਇਕ ਸ਼ਖ਼ਸੀਅਤ ਡਾ. ਰਣਵੀਰ ਸਿੰਘ ਨੂੰ ਇੰਡੀਅਨ ਐਜੂਕੇਸ਼ਨ ਸਮਿਟ 2026 ਦੇ 33ਵੇਂ ਐਡੀਸ਼ਨ ’ਚ ਵੱਕਾਰੀ ‘ਐਜੂਕੇਟਰ ਆਫ਼ ਦਿ ਈਅਰ 2026’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਸਨਮਾਨ ਸਮਾਰੋਹ ’ਚ ਦੇਸ਼ ਭਰ ਤੋਂ ਕਈ ਉੱਘੀਆਂ ਸ਼ਖ਼ਸੀਅਤਾਂ, ਉਦਯੋਗ ਜਗਤ ਨਾਲ ਜੁੜੇ ਵਿਅਕਤੀਆਂ ਤੇ ਸਿੱਖਿਆ ਸ਼ਾਸਤਰੀਆਂ ਨੇ ਹਿੱਸਾ ਲਿਆ। ਡਾ. ਰਣਵੀਰ ਸਿੰਘ ਨੂੰ ਇਹ ਸਨਮਾਨ ਉਨ੍ਹਾਂ ਦੀ ਲਗਾਤਾਰ ਪ੍ਰੇਰਣਾਦਾਇਕ ਲੀਡਰਸ਼ਿਪ, ਯੂਥ ਮੋਟੀਵੇਸ਼ਨ, ਸਮਾਜਿਕ ਯੋਗਦਾਨ ਤੇ ਨੌਜਵਾਨਾਂ ਨੂੰ ਜ਼ਿੰਦਗੀ ’ਚ ਅੱਗੇ ਵਧਣ ਲਈ ਪ੍ਰੇਰਿਤ ਕਰਨ ਦੇ ਜਜ਼ਬੇ ਲਈ ਦਿੱਤਾ ਗਿਆ ਹੈ। ਉਹ ਲਗਾਤਾਰ ਆਪਣੀ ਅਗਾਂਹਵਧੂ ਸੋਚ, ਵਿਜ਼ਨ ਤੇ ਸਮਾਜ ਪ੍ਰਤੀ ਸਮਰਪਣ ਭਾਵਨਾ ਨਾਲ ਨੌਜਵਾਨਾਂ ਲਈ ਇਕ ਮਜ਼ਬੂਤ ਪ੍ਰੇਰਣਾ ਸਰੋਤ ਬਣ ਕੇ ਉੱਭਰੇ ਹਨ। ਇਸ ਵੱਡੇ ਰਾਸ਼ਟਰੀ ਮੰਚ ’ਤੇ ਉਨ੍ਹਾਂ ਨੂੰ ਇਕ ਵਿਸ਼ੇਸ਼ ਬੁਲਾਰੇ ਵਜੋਂ ਵੀ ਸੱਦਾ ਦਿੱਤਾ ਗਿਆ ਸੀ।
ਸਮਾਗਮ ਦੌਰਾਨ ਉਨ੍ਹਾਂ ਨੇ ਆਪਣੇ ਜੀਵਨ ਦੇ ਅਨੁਭਵ, ਸੰਘਰਸ਼ ਤੇ ਸਫ਼ਲਤਾ ਦੀ ਯਾਤਰਾ ਹਾਜ਼ਰੀਨ ਨਾਲ ਸਾਂਝੀ ਕੀਤੀ। ਉਨ੍ਹਾਂ ਦੇ ਪ੍ਰੇਰਣਾਦਾਇਕ ਸ਼ਬਦਾਂ ਨੇ ਹਰ ਵਿਅਕਤੀ ਨੂੰ ਬਹੁਤ ਪ੍ਰਭਾਵਿਤ ਕੀਤਾ ਤੇ ਸਾਰਿਆਂ ਨੇ ਖੜ੍ਹੇ ਹੋ ਕੇ ਜ਼ੋਰਦਾਰ ਤਾੜੀਆਂ ਨਾਲ ਉਨ੍ਹਾਂ ਦਾ ਸਨਮਾਨ ਕੀਤਾ। ਡਾ. ਰਣਵੀਰ ਸਿੰਘ ਨੇ ਕਿਹਾ ਕਿੁ ਸਫ਼ਲਤਾ ਸਿਰਫ਼ ਸੁਪਨੇ ਦੇਖਣ ਨਾਲ ਨਹੀਂ ਮਿਲਦੀ, ਉਸ ਲਈ ਸਖ਼ਤ ਮਿਹਨਤ, ਹੌਸਲਾ ਤੇ ਲਗਨ ਨਾਲ ਅੱਗੇ ਵਧਣਾ ਪੈਂਦਾ ਹੈ। ਉਨ੍ਹਾਂ ਦੀ ਇਹ ਉਪਲੱਬਧੀ ਸਿਰਫ਼ ਨਿੱਜੀ ਮਾਣ ਨਹੀਂ ਸਗੋਂ ਪੂਰੇ ਪੰਜਾਬ ਲਈ ਗੌਰਵ ਦੀ ਗੱਲ ਹੈ। ਡਾ. ਰਣਵੀਰ ਸਿੰਘ ਨੂੰ ਲਗਾਤਾਰ ਵੱਖ-ਵੱਖ ਰਾਸ਼ਟਰੀ ਮੰਚਾਂ ’ਤੇ ਸਨਮਾਨ ਮਿਲ ਰਹੇ ਹਨ ਤੇ ਉਹ ਖਰੜ ਤੇ ਮੁਹਾਲੀ ਦਾ ਨਾਂ ਦੇਸ਼ ਭਰ ’ਚ ਰੌਸ਼ਨ ਕਰ ਰਹੇ ਹਨ।