ਇਨ੍ਹਾਂ ਦੋਸ਼ੀਆਂ ਦੇ ਨਾਮ ਤੇ ਤਸਵੀਰਾਂ ਜਨਤਕ ਕਰ ਕੇ ਸਾਫ ਸੁਨੇਹਾ ਦਿੱਤਾ ਗਿਆ ਹੈ ਕਿ ਹੁਣ ਬਚਣਾ ਮੁਸ਼ਕਲ ਹੈ। ‘ਗੈਂਗਸਟਰ-ਫ੍ਰੀ ਪੰਜਾਬ’ ਮੁਹਿੰਮ ਤਹਿਤ ਸੂਬਾ ਸਰਕਾਰ ਨੇ ਸ਼ੁੱਕਰਵਾਰ ਨੂੰ 28 ਵੱਡੇ ਗੈਂਗਸਟਰਾਂ ਖ਼ਿਲਾਫ਼ ਹੁਣ ਤੱਕ ਦੀ ਸਭ ਤੋਂ ਸਖ਼ਤ ਕਾਰਵਾਈ ਕੀਤੀ ਹੈ। ਇਹ ਸਾਰੇ ਦੋਸ਼ੀ ਲੰਬੇ ਸਮੇਂ ਤੋਂ ਫ਼ਰਾਰ ਹਨ ਅਤੇ ਦੇਸ਼-ਵਿਦੇਸ਼ ’ਚ ਬੈਠ ਕੇ ਪੰਜਾਬ ਵਿਚ ਅਪਰਾਧ ਦੀ ਕਮਾਨ ਸੰਭਾਲ ਰਹੇ ਹਨ।

ਰੋਹਿਤ ਕੁਮਾਰ, ਜਾਗਰਣ, ਚੰਡੀਗੜ੍ਹ : ਪੰਜਾਬ ’ਚ ਸੰਗਠਿਤ ਅਪਰਾਧ ਖ਼ਿਲਾਫ਼ ਸਰਕਾਰ ਨੇ ਹੁਣ ਸਿੱਧੀ ਜੰਗ ਦਾ ਐਲਾਨ ਕਰ ਦਿੱਤਾ ਹੈ। ਵਿਦੇਸ਼ਾਂ ’ਚ ਬੈਠ ਕੇ ਹਤਿਆ, ਰੰਗਦਾਰੀ ਤੇ ਨਸ਼ਿਆਂ ਦੇ ਨੈੱਟਵਰਕ ਨੂੰ ਚਲਾਉਣ ਵਾਲੇ 28 ਇਸ਼ਤਿਹਾਰੀ ਮੁਜ਼ਰਿਮਾਂ ਦੀ ਪਛਾਣ ਕਰਦੇ ਹੋਏ ਸਰਕਾਰ ਨੇ ਉਨ੍ਹਾਂ ’ਤੇ 5 ਤੋਂ 10 ਲੱਖ ਰੁਪਏ ਤੱਕ ਦਾ ਇਨਾਮ ਐਲਾਨਿਆ ਗਿਆ ਹੈ। ਇਨ੍ਹਾਂ ਦੋਸ਼ੀਆਂ ਦੇ ਨਾਮ ਤੇ ਤਸਵੀਰਾਂ ਜਨਤਕ ਕਰ ਕੇ ਸਾਫ ਸੁਨੇਹਾ ਦਿੱਤਾ ਗਿਆ ਹੈ ਕਿ ਹੁਣ ਬਚਣਾ ਮੁਸ਼ਕਲ ਹੈ। ‘ਗੈਂਗਸਟਰ-ਫ੍ਰੀ ਪੰਜਾਬ’ ਮੁਹਿੰਮ ਤਹਿਤ ਸੂਬਾ ਸਰਕਾਰ ਨੇ ਸ਼ੁੱਕਰਵਾਰ ਨੂੰ 28 ਵੱਡੇ ਗੈਂਗਸਟਰਾਂ ਖ਼ਿਲਾਫ਼ ਹੁਣ ਤੱਕ ਦੀ ਸਭ ਤੋਂ ਸਖ਼ਤ ਕਾਰਵਾਈ ਕੀਤੀ ਹੈ। ਇਹ ਸਾਰੇ ਦੋਸ਼ੀ ਲੰਬੇ ਸਮੇਂ ਤੋਂ ਫ਼ਰਾਰ ਹਨ ਅਤੇ ਦੇਸ਼-ਵਿਦੇਸ਼ ’ਚ ਬੈਠ ਕੇ ਪੰਜਾਬ ਵਿਚ ਅਪਰਾਧ ਦੀ ਕਮਾਨ ਸੰਭਾਲ ਰਹੇ ਹਨ।
ਸਰਕਾਰ ਵੱਲੋਂ ਜਾਰੀ ਕੀਤੀ ਸੂਚੀ ’ਚ ਸ਼ਾਮਲ ਇਨ੍ਹਾਂ ਇਸ਼ਤਿਹਾਰੀ ਮੁਜ਼ਰਿਮਾਂ ਖ਼ਿਲਾਫ਼ ਪੰਜਾਬ ਦੇ ਨਾਲ-ਨਾਲ ਹਰਿਆਣਾ, ਰਾਜਸਥਾਨ, ਦਿੱਲੀ ਤੇ ਮਹਾਰਾਸ਼ਟਰ ’ਚ ਵੀ ਮਾਮਲੇ ਦਰਜ ਹਨ। ਪੁਲਿਸ ਅਨੁਸਾਰ, ਇਹ ਗੈਂਗਸਟਰ ਵਿਦੇਸ਼ਾਂ ’ਚ ਸੁਰੱਖਿਅਤ ਥਾਵਾਂ ਤੋਂ ਹੱਤਿਆ ਦੀ ਸਾਜ਼ਿਸ਼ ਰਚਦੇ ਹਨ, ਰੰਗਦਾਰੀ ਵਸੂਲ ਕਰਦੇ ਹਨ ਅਤੇ ਨਸ਼ਿਆਂ ਤੇ ਹਥਿਆਰਾਂ ਦੀ ਸਪਲਾਈ ਕਰਵਾਉਂਦੇ ਹਨ।
10 ਲੱਖ ਇਨਾਮ: ਟਾਪ ‘ਹਾਈ-ਵੈਲਿਊ’ ਟਾਰਗੇਟ
ਇਸ ਸੂਚੀ ’ਚ ਸਭ ਤੋਂ ਉੱਪਰ ਲਖਬੀਰ ਸਿੰਘ ਉਰਫ ਲੰਡਾ (ਤਰਨਤਾਰਨ) ਦਾ ਨਾਮ ਹੈ, ਜੋ ਕੈਨੇਡਾ ’ਚ ਬੈਠ ਕੇ ਅੱਤਵਾਦੀ ਤੇ ਨਾਰਕੋ ਨੈੱਟਵਰਕ ਚਲਾ ਰਿਹਾ ਹੈ। ਉਸ 'ਤੇ 33 ਤੋਂ ਵੱਧ ਮਾਮਲੇ ਦਰਜ ਹਨ ਅਤੇ ਉਹ ਮੋਹਾਲੀ ਆਰਪੀਜੀ ਹਮਲੇ ਦਾ ਮਾਸਟਰਮਾਈਂਡ ਮੰਨਿਆ ਜਾਂਦਾ ਹੈ।
ਹਰਵਿੰਦਰ ਸਿੰਘ ਉਰਫ ਰਿੰਦਾ ਵੀ ਟਾਪ ਸੂਚੀ ’ਚ ਸ਼ਾਮਲ ਹੈ, ਜੋ ਪਾਕਿਸਤਾਨ ਤੋਂ ਨੈੱਟਵਰਕ ਚਲਾਉਂਦਾ ਰਿਹਾ ਹੈ ਅਤੇ ਅੱਤਵਾਦੀ-ਗੈਂਗਸਟਰ ਗਠਜੋੜ ਦੀ ਮਹੱਤਵਪੂਰਨ ਕੜੀ ਮੰਨਿਆ ਜਾਂਦਾ ਹੈ।
ਗੌਰਵ ਪਟਿਆਲ ਉਰਫ ਲੱਕੀ ਪਟਿਆਲ ਬੰਬੀਹਾ ਗੈਂਗ ਦਾ ਵਿਦੇਸ਼ੀ ਸਰਗਨਾ ਹੈ, ਜਿਸ 'ਤੇ ਕਈ ਹਾਈ-ਪ੍ਰੋਫਾਈਲ ਹੱਤਿਆਵਾਂ ਦੇ ਦੋਸ਼ ਹਨ।
ਬਲਵਿੰਦਰ ਸਿੰਘ ਉਰਫ ਡੋਨੀ ਬਾਲ ਤੇ ਪ੍ਰਭਦੀਪ ਸਿੰਘ ਉਰਫ ਪ੍ਰਭ ਦਾਸੂਵਾਲ ਵੀ 10 ਲੱਖ ਇਨਾਮ ਵਾਲੇ ਗੈਂਗਸਟਰਾਂ ’ਚ ਸ਼ਾਮਲ ਹਨ, ਜੋ ਵੱਖ-ਵੱਖ ਗੈਂਗ ਨੈੱਟਵਰਕ ਨਾਲ ਜੁੜੇ ਹਨ।
ਇਸ ਤੋਂ ਇਲਾਵਾ ਸਤਿੰਦਰਜੀਤ ਸਿੰਘ, ਸਤਬੀਰ ਸਿੰਘ ਸਮੇਤ ਹੋਰ ਸ਼੍ਰੇਣੀ-ਏ ਗੈਂਗਸਟਰ ਵੀ ਇਸ ਸ਼੍ਰੇਣੀ ’ਚ ਹਨ।
5 ਲੱਖ ਇਨਾਮ: ਨੈੱਟਵਰਕ ਚਲਾਉਣ ਵਾਲੇ ਆਪ੍ਰੇਟਰ
5 ਲੱਖ ਇਨਾਮ ਵਾਲੀ ਸੂਚੀ ’ਚ ਰੋਹਿਤ ਗੋਦਾਰਾ (ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ) ਪ੍ਰਮੁੱਖ ਨਾਮ ਹੈ, ਜੋ ਸਿੱਧੂ ਮੂਸੇਵਾਲਾ ਹੱਤਿਆਕਾਂਡ ’ਚ ਵੀ ਦੋਸ਼ੀ ਹੈ ਤੇ ਯੂਰਪ ਤੋਂ ਨੈੱਟਵਰਕ ਚਲਾ ਰਿਹਾ ਹੈ।
ਹੈਰੀ ਬਾਕਸਰ ਉਰਫ ਹਰਿਚੰਦ ਅਮਰੀਕਾ ’ਚ ਲੁਕਿਆ ਦੱਸਿਆ ਜਾ ਰਿਹਾ ਹੈ ਅਤੇ ਹੱਤਿਆ ਤੇ ਰੰਗਦਾਰੀ ਦੇ ਮਾਮਲਿਆਂ ’ਚ ਲੁੜੀਂਦਾ ਹੈ।
ਆਦਿੱਤਿਆ ਕਪੂਰ ਉਰਫ ਮਾਖਨ ਵਰਗੇ ਕਈ ਸਥਾਨਕ ਆਪ੍ਰੇਟਿਵ ਵੀ ਇਸ ਸੂਚੀ ’ਚ ਸ਼ਾਮਲ ਹਨ, ਜੋ ਵਿਦੇਸ਼ੀ ਗੈਂਗਸਟਰਾਂ ਦੇ ਨਿਰਦੇਸ਼ਾਂ 'ਤੇ ਕੰਮ ਕਰਦੇ ਹਨ।
ਇਸ ਤੋਂ ਇਲਾਵਾ ਸਰਵਨ ਸਿੰਘ, ਗੁਰਵਿੰਦਰ ਸਿੰਘ, ਅਮਰਜੀਤ ਸਿੰਘ, ਮਨਪ੍ਰੀਤ ਸਿੰਘ, ਸੋਨੂੰ ਖਤਰੀ, ਮੁਹੰਮਦ ਯਾਸੀਨ ਅਖਤਰ, ਕਿਸ਼ਰ ਸਿੰਘ ਜੂਰਨਤਾ ਸਮੇਤ ਹੋਰ ਨਾਮ ਵੀ ਇਸ ਸੂਚੀ ’ਚ ਸ਼ਾਮਲ ਹਨ।
ਤਿੰਨ ਮਹਾਦੀਪਾਂ ’ਚ ਫੈਲਿਆ ਅਪਰਾਧ ਨੈੱਟਵਰਕ
ਜਾਂਚ ਏਜੰਸੀਆਂ ਅਨੁਸਾਰ ਇਹ ਸਾਰੇ ਇਸ਼ਤਿਹਾਰੀ ਮੁਜ਼ਰਿਮ ਕੈਨੇਡਾ, ਅਮਰੀਕਾ, ਯੂਕੇ, ਯੂਏਈ, ਜਰਮਨੀ, ਬ੍ਰਾਜ਼ੀਲ, ਆਸਟ੍ਰੇਲੀਆ ਤੇ ਪਾਕਿਸਤਾਨ ਵਰਗੇ ਦੇਸ਼ਾਂ ’ਚ ਛਿਪੇ ਹੋਏ ਹਨ।
ਇੱਥੇ ਤੋਂ ਇਹ ਐਨਕ੍ਰਿਪਟਿਡ ਐਪ, ਸੋਸ਼ਲ ਮੀਡੀਆ ਤੇ ਹਵਾਲਾ ਚੈਨਲਾਂ ਜ਼ਰੀਏ ਆਪਣੇ ਗੁਰਗਿਆਂ ਨੂੰ ਨਿਰਦੇਸ਼ ਦਿੰਦੇ ਹਨ। ਕਈ ਮਾਮਲਿਆਂ ’ਚ ਨਾਬਾਲਿਗਾਂ ਨੂੰ ਵੀ ਗੈਂਗ ’ਚ ਸ਼ਾਮਲ ਕਰ ਕੇ ਅਪਰਾਧ ਕਰਵਾਏ ਜਾ ਰਹੇ ਹਨ।
‘ਓਪਰੇਸ਼ਨ ਪ੍ਰਹਾਰ’ ਤਹਿਤ ਸ਼ਿਕੰਜਾ
ਪੰਜਾਬ ਪੁਲਿਸ ਨੇ ਇਨ੍ਹਾਂ ਗੈਂਗਸਟਰਾਂ ਖ਼ਿਲਾਫ਼ “ਓਪਰੇਸ਼ਨ ਪ੍ਰਹਾਰ” ਤਹਿਤ ਵਿਸ਼ਾਲ ਮੁਹਿੰਮ ਸ਼ੁਰੂ ਕੀਤੀ ਹੈ।
* 23 ਦੋਸ਼ੀਆਂ ਖ਼ਿਲਾਫ਼ ਇੰਟਰਪੋਲ ਦੇ ਰੈੱਡ ਕਾਰਨਰ ਨੋਟਿਸ ਜਾਰੀ।
* ਵਿਦੇਸ਼ਾਂ ਤੋਂ ਪ੍ਰਤਿਆਰਪਣ ਦੀ ਪ੍ਰਕਿਰਿਆ ਤੇਜ਼।
* ਸਰਕਾਰ ਨੇ 93946-93946 ਹੈਲਪਲਾਈਨ ਜਾਰੀ ਕਰ ਕੇ ਆਮ ਲੋਕਾਂ ਤੋਂ ਜਾਣਕਾਰੀ ਦੇਣ ਦੀ ਅਪੀਲ ਕੀਤੀ ਹੈ ਤੇ ਮੁਖਬਰਾਂ ਦੀ ਪਛਾਣ ਗੁਪਤ ਰੱਖਣ ਦਾ ਭਰੋਸਾ ਦਿੱਤਾ ਹੈ।
* ਪੰਜਾਬ ’ਚ ਗੈਂਗਸਟਰ ਨੈੱਟਵਰਕ ਹੁਣ ਸਿਰਫ ਸਥਾਨਕ ਨਹੀਂ, ਬਲਕਿ ਅੰਤਰਰਾਸ਼ਟਰੀ ਖ਼ਤਰਾ ਬਣ ਚੁੱਕਾ ਹੈ। ਸਰਕਾਰ ਦੀ ਇਹ ਸੂਚੀ ਸਿਰਫ ਇਨਾਮ ਦਾ ਐਲਾਨ ਨਹੀਂ, ਬਲਕਿ ਉਨ੍ਹਾਂ ਗੈਂਗਸਟਰਾਂ ਖ਼ਿਲਾਫ਼ ਖੁੱਲੀ ਚਿਤਾਵਨੀ ਹੈ ਜੋ ਵਿਦੇਸ਼ਾਂ ’ਚ ਬੈਠ ਕੇ ਪੰਜਾਬ ਦੀ ਸ਼ਾਂਤੀ ਨੂੰ ਚੁਣੌਤੀ ਦੇ ਰਹੇ ਹਨ।