ਜੇ ਅਸੀਂ ਸੱਚਮੁੱਚ ਲੋਕਤੰਤਰ ਨੂੰ ਮਜ਼ਬੂਤ ਬਣਾਉਣਾ ਚਾਹੁੰਦੇ ਹਾਂ ਤਾਂ ਰਾਜਨੀਤਿਕ ਆਗੂਆਂ ਨੂੰ ਆਪਣੀ ਭਾਸ਼ਾ, ਸੋਚ ਅਤੇ ਵਿਹਾਰ ‘ਤੇ ਵਿਚਾਰ ਕਰਨਾ ਪਵੇਗਾ। ਔਰਤਾਂ ਦੀ ਇੱਜ਼ਤ, ਉਨ੍ਹਾਂ ਦੀ ਭਾਗੀਦਾਰੀ ਅਤੇ ਉਨ੍ਹਾਂ ਦੀ ਆਵਾਜ਼ ਦਾ ਸਤਿਕਾਰ ਕਰਨਾ ਹੀ ਸਿਹਤਮੰਦ ਰਾਜਨੀਤੀ ਦੀ ਨਿਸ਼ਾਨੀ ਹੈ। ਉਨ੍ਹਾਂ ਸੁਨੇਹਾ ਦਿੱਤਾ ਕਿ ਪੰਜਾਬ ਦੀ ਸਿਆਸਤ ਵਿੱਚ ਨਿੱਜੀ ਤਨਜ਼ ਅਤੇ ਲਿੰਗ-ਅਧਾਰਿਤ ਟਿੱਪਣੀਆਂ ਤੋਂ ਉੱਪਰ ਉਠ ਕੇ ਇੱਕ ਸੰਵੇਦਨਸ਼ੀਲ ਅਤੇ ਸਮਾਨਤਾ ਵਾਲਾ ਮਾਹੌਲ ਬਣਾਉਣਾ ਪਵੇਗਾ ਤਾਂ ਜੋ ਔਰਤਾਂ ਨਿਡਰ ਹੋ ਕੇ ਸਿਆਸਤ ਵਿੱਚ ਆਪਣੀ ਜਗ੍ਹਾ ਬਣਾ ਸਕਣ।

ਚੰਡੀਗੜ੍ਹ: ਅਧਿਕਾਰ ਸੰਘਰਸ਼ ਪਾਰਟੀ ਦੇ ਕੌਮੀ ਬੁਲਾਰੇ ਇਕਬਾਲ ਸਿੰਘ ਬੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਹਿਲਾਂ ਮੈਨੂੰ ਪਾਰਟੀ ਦਾ ਕੌਮੀ ਸਪੋਕਸਮੈਨ ਲਗਾਉਣ ਅਤੇ ਪਾਰਟੀ ਦੇ ਪਹਿਲੇ ਸਥਾਪਨਾ ਦਿਵਸ ਅਤੇ ਇੰਟਰਨੈਸ਼ਨਲ ਵੂਮੈਨ ਡੇਅ 'ਤੇ ਦਾਸ ਨੂੰ ਵਿਧਾਨ ਸਭਾ ਹਲਕਾ ਸ਼ੁਤਰਾਣਾ ਦਾ ਇੰਚਾਰਜ ਲਗਾਉਣ ਲਈ ਮੈਂ ਪਾਰਟੀ ਦੀ ਪੂਰੀ ਟੀਮ ਦਾ ਧੰਨਵਾਦੀ ਹਾਂ।
ਬੱਲ ਨੇ ਪੰਜਾਬ ਦੀ ਮੌਜੂਦਾ ਰਾਜਨੀਤੀ 'ਤੇ ਗੱਲ ਕਰਦਿਆਂ ਕਿਹਾ ਕਿ ਰਵਾਇਤੀ ਲੀਡਰ ਪੰਜਾਬ ਦੇ ਅਸਲ ਮੁੱਦੇ ਛੱਡ ਕੇ ਹਲਕੀ ਰਾਜਨੀਤੀ/ਦੂਸ਼ਣਬਾਜ਼ੀ 'ਤੇ ਉਤਰ ਆਏ ਹਨ।
ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ਵਿੱਚ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਸੱਤ੍ਹਾਧਾਰੀ, ਆਮ ਆਦਮੀ ਪਾਰਟੀ ਵੱਲੋਂ ਔਰਤਾਂ ਖ਼ਿਲਾਫ਼ ਸੋਸ਼ਲ ਮੀਡੀਆ 'ਤੇ ਕੀਤੀ ਗਈ ਟਿੱਪਣੀ ਸਬੰਧੀ ਘੇਰਿਆ ਗਿਆ ਅਤੇ ਪੰਜਾਬ ਕਾਂਗਰਸ ਵੱਲੋਂ ਵੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਔਰਤਾਂ ਬਾਰੇ ਕੀਤੀਆਂ ਗਈਆਂ ਇਤਰਾਜ਼ਯੋਗ ਟਿੱਪਣੀਆਂ ਦਾ ਮੁੱਦਾ ਚੁੱਕਿਆ ਗਿਆ। ਇਸ ਦੇ ਚਲਦੇ ਅਧਿਕਾਰ ਸੰਘਰਸ਼ ਪਾਰਟੀ ਦੇ ਕੌਮੀ ਬੁਲਾਰੇ ਇਕਬਾਲ ਸਿੰਘ ਬੱਲ ਨੇ ਇਸ ਵਰਤਾਰੇ ਦੀ ਸਖਤ ਨਿੰਦਾ ਕੀਤੀ ਅਤੇ ਇਸ 'ਤੇ ਚਿੰਤਾ ਵੀ ਜ਼ਾਹਰ ਕੀਤੀ। ਉਨ੍ਹਾਂ ਇਸ ਵਰਤਾਰੇ ਨੂੰ ਸ਼ਰਮਨਾਕ ਦੱਸਦਿਆਂ ਕਿਹਾ ਕਿ ਗੁਰਬਾਣੀ ਵਿੱਚ ਔਰਤਾਂ ਨੂੰ ਗੁਰੂ ਸਾਹਿਬਾਨਾ ਵੱਲੋਂ ਉੱਚਾ ਦਰਜ ਦਿੱਤਾ ਗਿਆ ਹੈ ਅਤੇ
"ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ" ਰਾਹੀਂ ਔਰਤਾਂ ਨੂੰ ਸਮਾਜ ਵਿੱਚ ਬਰਾਬਰੀ, ਸਤਿਕਾਰ ਅਤੇ ਉੱਚਾ ਦਰਜਾ ਦੇਣ ਦਾ ਸੁਨੇਹਾ ਦਿੱਤਾ ਹੈ। ਪਰ ਜਦੋਂ ਰਵਾਇਤੀ ਪਾਰਟੀਆਂ ਦੇ ਸਿਆਸੀ ਆਗੂਆਂ ਦੀ ਔਰਤਾਂ ਬਾਰੇ ਅਜਿਹੀ ਮਾਨਸਿਕਤਾ ਬਾਹਰ ਆਉਂਦੀ ਹੈ ਤਾਂ ਔਰਤਾਂ ਦੀ ਉਨ੍ਹਾਂ ਦੇ ਮਨ ਵਿਚਲੀ ਤਸਵੀਰ ਉਜਾਗਰ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਟਿੱਪਣੀਆਂ ਸਾਡੇ ਸਮਾਜ ਵਿੱਚ ਮੌਜੂਦ ਰੂੜੀਵਾਦੀ ਸੋਚ ਦਾ ਦਰਪਣ ਹਨ, ਜਿੱਥੇ ਅਜੇ ਵੀ ਔਰਤਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ। ਉਨ੍ਹਾਂ ਸਮਾਜ ਅਤੇ ਸਿਆਸਤ ਵਿੱਚ ਔਰਤਾਂ ਦੇ ਮਾਣ -ਸਨਮਾਨ ਨੂੰ ਬਹਾਲ ਕਰਨ ਦੀ ਗੱਲ ਕੀਤੀ ਤੇ ਕਿਹਾ ਕਿ ਔਰਤਾਂ ਲਈ ਰਾਜਨੀਤੀ ਇੱਕ ਬਰਾਬਰੀ ਦਾ ਮੰਚ ਹੋਣਾ ਚਾਹੀਦਾ ਹੈ ਅਤੇ ਅਧਿਕਾਰ ਸੰਘਰਸ਼ ਪਾਰਟੀ ਅਜਿਹਾ ਕਰ ਰਹੀ ਹੈ। ਜੇ ਅਸੀਂ ਸੱਚਮੁੱਚ ਲੋਕਤੰਤਰ ਨੂੰ ਮਜ਼ਬੂਤ ਬਣਾਉਣਾ ਚਾਹੁੰਦੇ ਹਾਂ ਤਾਂ ਰਾਜਨੀਤਿਕ ਆਗੂਆਂ ਨੂੰ ਆਪਣੀ ਭਾਸ਼ਾ, ਸੋਚ ਅਤੇ ਵਿਹਾਰ ‘ਤੇ ਵਿਚਾਰ ਕਰਨਾ ਪਵੇਗਾ। ਔਰਤਾਂ ਦੀ ਇੱਜ਼ਤ, ਉਨ੍ਹਾਂ ਦੀ ਭਾਗੀਦਾਰੀ ਅਤੇ ਉਨ੍ਹਾਂ ਦੀ ਆਵਾਜ਼ ਦਾ ਸਤਿਕਾਰ ਕਰਨਾ ਹੀ ਸਿਹਤਮੰਦ ਰਾਜਨੀਤੀ ਦੀ ਨਿਸ਼ਾਨੀ ਹੈ। ਉਨ੍ਹਾਂ ਸੁਨੇਹਾ ਦਿੱਤਾ ਕਿ ਪੰਜਾਬ ਦੀ ਸਿਆਸਤ ਵਿੱਚ ਨਿੱਜੀ ਤਨਜ਼ ਅਤੇ ਲਿੰਗ-ਅਧਾਰਿਤ ਟਿੱਪਣੀਆਂ ਤੋਂ ਉੱਪਰ ਉਠ ਕੇ ਇੱਕ ਸੰਵੇਦਨਸ਼ੀਲ ਅਤੇ ਸਮਾਨਤਾ ਵਾਲਾ ਮਾਹੌਲ ਬਣਾਉਣਾ ਪਵੇਗਾ ਤਾਂ ਜੋ ਔਰਤਾਂ ਨਿਡਰ ਹੋ ਕੇ ਸਿਆਸਤ ਵਿੱਚ ਆਪਣੀ ਜਗ੍ਹਾ ਬਣਾ ਸਕਣ।