ਸਿੱਖਾਂ ਨੂੰ ਚਿੜਾਉਣ ਲਈ ਡੇਰਾ ਮੁਖੀ ਨੂੰ ਦਿੱਤੀ ਜਾ ਰਹੀ ਪੈਰੋਲ : ਰਵੀਇੰਦਰ ਸਿੰਘ
ਰਵੀਇੰਦਰ ਸਿੰਘ ਨੇ ਕਿਹਾ ਕਿ ਪੰਜਾਬ ਪੁਲਿਸ ਜੇਲ੍ਹ ’ਚੋਂ ਉਸ ਨੂੰ ਰਿਮਾਂਡ ’ਤੇ ਨਹੀਂ ਲੈ ਸਕੀ, ਕਿਉਂਕਿ ਹਰਿਆਣਾ ਸਰਕਾਰ ਉਸ ਦੀ ਪੁਸ਼ਤ-ਪੁਨਾਹੀ ਕਰ ਰਹੀ ਸੀ ਪਰ ਹੁਣ ਜਦੋਂ ਉਹ ਖੁੱਲ੍ਹੇਆਮ ਆਪਣੇ ਮਹਿਲ ’ਚ ਪਹੁੰਚ ਰਿਹਾ ਹੈ ਤਾਂ ਬੇਅਦਬੀਆਂ ਤੇ ਮੌੜ ਬੰਬ ਕਾਂਡ ’ਚ ਉਸ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਜਾਂਦਾ?
Publish Date: Tue, 26 May 2026 05:46 PM (IST)
Updated Date: Thu, 28 May 2026 12:20 PM (IST)
ਪੰਜਾਬੀ ਜਾਗਰਣ ਰਿਪੋਰਟਰ, ਮੁਹਾਲੀ : ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਦੇ ਸਰਪ੍ਰਸਤ ਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਵੀਇੰਦਰ ਸਿੰਘ ਨੇ ਜਾਰੀ ਬਿਆਨ ’ਚ ਕਿਹਾ ਕਿ ਸਿੱਖ ਕੌਮ ਨੂੰ ਚਿੜਾਉਣ ਲਈ ਹੀ ਗੁਰਮੀਤ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦੇ ਕੇ ਜੇਲ੍ਹ ’ਚੋਂ ਬਾਹਰ ਕੱਢਿਆ ਜਾ ਰਿਹਾ ਹੈ, ਕਿਉਂਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ, ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਨ ਵਰਗੇ ਗੁਨਾਹ ਦੇ ਨਾਲ-ਨਾਲ ਬੇਅਦਬੀ ਦੀਆਂ ਘਟਨਾਵਾਂ ਲਈ ਵੀ ਜ਼ਿੰਮੇਵਾਰ ਹੈ। ਰਵੀਇੰਦਰ ਸਿੰਘ ਨੇ ਕਿਹਾ ਕਿ ਵੱਖ-ਵੱਖ ਜਾਂਚ ਰਿਪੋਰਟਾਂ ਤੋਂ ਇਲਾਵਾ 2015 ’ਚ ਹੋਈਆਂ ਬੇਅਦਬੀਆਂ ਦੇ ਦੋਸ਼ੀ ਉਸ ਦਾ ਨਾਂ ਸ਼ਰੇਆਮ ਟੀਵੀ ਚੈਨਲ ’ਤੇ ਲੈ ਚੁੱਕੇ ਹਨ। ਇਸ ਦੇ ਬਾਵਜੂਦ ਹੁਣ ਤੱਕ ਡੇਰਾ ਮੁਖੀ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਤੱਕ ਨਹੀਂ ਕੀਤੀ ਗਈ।
ਜਬਰ-ਜਨਾਹ ਵਰਗੇ ਬੱਜ਼ਰ ਗੁਨਾਹ ਦੇ ਦੋਸ਼ ’ਚ ਸਜ਼ਾ ਯਾਫ਼ਤਾ ਮੁਜਰਿਮ ਨੂੰ ਇਸ ਤਰ੍ਹਾਂ ਸਾਲ ਵਿਚ ਕਈ ਵਾਰ ਪੈਰੋਲ ਦੇਣਾ, ਇਹ ਸਾਬਤ ਕਰਦਾ ਹੈ ਕਿ ਅਜਿਹੇ ਦੁਸ਼ਕਰਮੀ ’ਤੇ ਸਰਕਾਰ ਖ਼ਾਸ ਮਿਹਰਬਾਨ ਹਨ, ਜਦੋਂਕਿ ਦੂਜੇ ਪਾਸੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੱਖਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਇੱਥੋਂ ਤੱਕ ਕਿ ਆਪਣੇ ਬਜ਼ੁਰਗ ਮਾਪਿਆਂ ਦੀ ਬਿਮਾਰੀ ਜਾਂ ਮੌਤ ਹੋਣ ’ਤੇ ਵੀ ਉਨ੍ਹਾਂ ਨੂੰ ਜੇਲ੍ਹ ਤੋਂ ਬਾਹਰ ਨਹੀਂ ਭੇਜਿਆ ਜਾਂਦਾ ਪਰ ਕਤਲ ਤੇ ਜਬਰ ਜਨਾਹ ਮਾਮਲਿਆਂ ਦੇ ਦੋਸ਼ੀ ਡੇਰਾ ਮੁਖੀ ਜੇਲ੍ਹ ’ਚ ਐਸ਼ੋ-ਆਰਾਮ ਦੀ ਜ਼ਿੰਦਗੀ ਬਤੀਤ ਕਰ ਰਿਹਾ ਹੈ, ਉਸ ਦਾ ਜਦੋਂ ਦਿਲ ਕਰਦਾ ਸਰਕਾਰ ਉਸ ਨੂੰ ਬਾਹਰ ਭੇਜ ਦਿੰਦੀ ਹੈ।
ਰ ਵੀਇੰਦਰ ਸਿੰਘ ਨੇ ਕਿਹਾ ਕਿ ਪੰਜਾਬ ਪੁਲਿਸ ਜੇਲ੍ਹ ’ਚੋਂ ਉਸ ਨੂੰ ਰਿਮਾਂਡ ’ਤੇ ਨਹੀਂ ਲੈ ਸਕੀ, ਕਿਉਂਕਿ ਹਰਿਆਣਾ ਸਰਕਾਰ ਉਸ ਦੀ ਪੁਸ਼ਤ-ਪੁਨਾਹੀ ਕਰ ਰਹੀ ਸੀ ਪਰ ਹੁਣ ਜਦੋਂ ਉਹ ਖੁੱਲ੍ਹੇਆਮ ਆਪਣੇ ਮਹਿਲ ’ਚ ਪਹੁੰਚ ਰਿਹਾ ਹੈ ਤਾਂ ਬੇਅਦਬੀਆਂ ਤੇ ਮੌੜ ਬੰਬ ਕਾਂਡ ’ਚ ਉਸ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਜਾਂਦਾ? ਇਸ ਤੋਂ ਪਤਾ ਚੱਲਦਾ ਹੈ ਕਿ ਸਾਰੀਆਂ ਸਰਕਾਰਾਂ ਉਸ ਦੀ ਆਗਿਆ ਅਨੁਸਾਰ ਹੀ ਚੱਲ ਰਹੀਆਂ ਹਨ।