ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਪੰਜਾਬ ਰਾਜਪਾਲ ਦੀ ਰੈਲੀ 'ਚ ਹੋਏ ਸ਼ਾਮਲ, ਸੁਖਬੀਰ ਬਾਦਲ ਵੀ ਰਹੇ ਮੌਜੂਦ
ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਜਦੋਂ ਅਕਾਲੀ ਦਲ ਤੇ ਭਾਜਪਾ ਦਾ ਗਠਜੋੜ ਟੁੱਟ ਗਿਆ ਸੀ ਤਾਂ ਦੋਵਾਂ ਪਾਰਟੀਆਂ ਨੇ ਇਕ-ਦੂਜੇ ਤੋਂ ਦੂਰੀਆਂ ਬਣਾ ਲਈਆਂ ਸਨ। ਸਾਲ 2022 ਦੀਆਂ ਵਿਧਾਨ ਸਭਾ ਅਤੇ 2024 ਦੀਆਂ ਲੋਕ ਸਭਾ ਚੋਣਾਂ ਦੋਵਾਂ ਪਾਰਟੀਆਂ ਨੇ ਆਪੋ-ਆਪਣੇ ਪੱਧਰ 'ਤੇ ਲੜੀਆਂ। ਇਨ੍ਹਾਂ ਚੋਣਾਂ 'ਚ ਮਿਲੀ ਕਰਾਰੀ ਹਾਰ ਤੋਂ ਬਾਅਦ ਦੋਵਾਂ ਪਾਰਟੀਆਂ ਨੂੰ ਇੱਕ ਗੱਲ ਸਮਝ ਆ ਗਈ ਹੈ ਕਿ ਪੰਜਾਬ 'ਚ ਇਕ-ਦੂਜੇ ਦਾ ਸਾਥ ਲਏ ਬਿਨਾਂ ਚੱਲਣਾ ਫ਼ਾਇਦੇ ਦਾ ਸੌਦਾ ਨਹੀਂ ਹੈ।
Publish Date: Tue, 10 Feb 2026 02:42 PM (IST)
Updated Date: Tue, 10 Feb 2026 02:48 PM (IST)
ਇੰਦਰਪ੍ਰੀਤ ਸਿੰਘ, ਚੰਡੀਗੜ੍ਹ : ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ 'ਚ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਦੂਜੇ ਦਿਨ ਦੀ ਯਾਤਰਾ ਦੌਰਾਨ ਮੰਗਲਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਅਤੇ ਭਾਜਪਾ ਆਗੂ ਅਸ਼ਵਨੀ ਸ਼ਰਮਾ ਵੀ ਪਹੁੰਚੇ।
ਪਹਿਲੀ ਨਜ਼ਰੇ ਦੇਖਣ 'ਚ ਇਹ ਸਿਰਫ਼ ਨਸ਼ਿਆਂ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਦੀ ਦਿਸ਼ਾ 'ਚ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਚੁੱਕਿਆ ਗਿਆ ਕਦਮ ਦਿਖਾਈ ਦਿੰਦਾ ਹੈ, ਪਰ ਸੱਤਾ ਦੇ ਗਲਿਆਰਿਆਂ 'ਚ ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਜੰਮੀ ਬਰਫ਼ ਦੇ ਪਿਘਲਣ ਦੇ ਸੰਕੇਤ ਵਜੋਂ ਵੀ ਮਹਿਸੂਸ ਕੀਤਾ ਜਾ ਰਿਹਾ ਹੈ।
ਸਿਆਸੀ ਸਬੰਧਾਂ ਵਿੱਚ ਬਦਲਾਅ ਦੀ ਚਰਚਾ
ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਜਦੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਗਠਜੋੜ ਟੁੱਟ ਗਿਆ ਸੀ, ਤਾਂ ਦੋਵਾਂ ਪਾਰਟੀਆਂ ਨੇ ਇਕ-ਦੂਜੇ ਤੋਂ ਦੂਰੀਆਂ ਬਣਾ ਲਈਆਂ ਸਨ। ਸਾਲ 2022 ਦੀਆਂ ਵਿਧਾਨ ਸਭਾ ਅਤੇ 2024 ਦੀਆਂ ਲੋਕ ਸਭਾ ਚੋਣਾਂ ਦੋਵਾਂ ਪਾਰਟੀਆਂ ਨੇ ਆਪੋ-ਆਪਣੇ ਪੱਧਰ 'ਤੇ ਲੜੀਆਂ। ਇਨ੍ਹਾਂ ਚੋਣਾਂ 'ਚ ਮਿਲੀ ਕਰਾਰੀ ਹਾਰ ਤੋਂ ਬਾਅਦ ਦੋਵਾਂ ਪਾਰਟੀਆਂ ਨੂੰ ਇੱਕ ਗੱਲ ਸਮਝ ਆ ਗਈ ਹੈ ਕਿ ਪੰਜਾਬ 'ਚ ਇਕ-ਦੂਜੇ ਦਾ ਸਾਥ ਲਏ ਬਿਨਾਂ ਚੱਲਣਾ ਫ਼ਾਇਦੇ ਦਾ ਸੌਦਾ ਨਹੀਂ ਹੈ।
ਹਾਲਾਂਕਿ, ਅਜਿਹੇ ਕਈ ਮੌਕੇ ਆਏ ਜਦੋਂ ਦੋਵਾਂ ਪਾਰਟੀਆਂ ਵਿਚਾਲੇ ਦੂਰੀਆਂ ਖ਼ਤਮ ਹੋ ਸਕਦੀਆਂ ਸਨ, ਪਰ ਅਜਿਹਾ ਹੋਇਆ ਨਹੀਂ। ਇੱਥੋਂ ਤਕ ਕਿ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਕੈਪਟਨ ਅਮਰਿੰਦਰ ਸਿੰਘ ਵਰਗੇ ਆਗੂਆਂ ਵੱਲੋਂ ਗਠਜੋੜ ਨੂੰ ਜ਼ਰੂਰੀ ਦੱਸਣ ਵਾਲੇ ਖੁੱਲ੍ਹੇ ਬਿਆਨ ਵੀ ਕੰਮ ਨਹੀਂ ਆਏ।
ਮੁੜ ਤੇਜ਼ ਹੋਈਆਂ ਸਿਆਸੀ ਅਟਕਲਾਂ
ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਹੁੰਚਣ ਅਤੇ ਭੋਗ 'ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਆਉਣ ਨਾਲ ਉੱਠੀਆਂ ਅਟਕਲਾਂ ਵੀ ਹੌਲੀ-ਹੌਲੀ ਸ਼ਾਂਤ ਹੋ ਗਈਆਂ ਸਨ। ਅਜਿਹੇ 'ਚ ਹੁਣ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਨਸ਼ਿਆਂ ਖ਼ਿਲਾਫ਼ 'ਪਦ ਯਾਤਰਾ' ਦੌਰਾਨ ਸੁਖਬੀਰ ਬਾਦਲ ਦੇ ਪਹੁੰਚਣ ਨੇ ਸਿਆਸੀ ਚਰਚਾਵਾਂ ਨੂੰ ਮੁੜ ਹਵਾ ਦੇ ਦਿੱਤੀ ਹੈ।