ਉਪ ਮੁੱਖ ਮੰਤਰੀ ਦਾ ਕੋਈ ਸੰਵਿਧਾਨਕ ਅਹੁਦਾ ਨਹੀਂ, ਆਗੂ ਦੀ ਚੋਣ ਕਾਰਗੁਜ਼ਾਰੀ ਅਨੁਸਾਰ ਹੋਵੇ ਜਾਤੀ ਦੇ ਅਧਾਰ ’ਤੇ ਨਹੀਂ : ਰਾਜਾ ਵੜਿੰਗ
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇਕ ਧਰਮ ਨਿਰਪੱਖ ਪਾਰਟੀ ਹੈ ਅਤੇ ਜਾਤ ਜਾਂ ਧਰਮ ’ਚ ਵਿਸ਼ਵਾਸ ਨਹੀਂ ਰੱਖਦੀ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕਾਂਗਰਸ ਪਾਰਟੀ ਨੇ ਚੰਨੀ ਨੂੰ ਮੁੱਖ ਮੰਤਰੀ ਕਿਉਂ ਨਿਯੁਕਤ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ‘ਮੈਨੂੰ ਨਹੀਂ ਲੱਗਦਾ ਕਿ ਅਜਿਹਾ ਹੋਇਆ।’
Publish Date: Tue, 17 Feb 2026 08:42 AM (IST)
Updated Date: Tue, 17 Feb 2026 08:46 AM (IST)
ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਉਪ ਮੁੱਖ ਮੰਤਰੀ ਦਾ ਕੋਈ ਸੰਵਿਧਾਨਕ ਅਹੁਦਾ ਨਹੀਂ ਹੈ। ਕਿਸੇ ਵੀ ਆਗੂ ਨੂੰ ਖੁਸ਼ ਕਰਨ ਲਈ ਇਹ ਦਿੱਤਾ ਜਾ ਸਕਦਾ ਹੈ। ਵੜਿੰਗ ਦਾ ਇਹ ਬਿਆਨ ਆਮ ਆਦਮੀ ਪਾਰਟੀ ਵੱਲੋਂ ਸੂਬੇ ਦੇ ਦੋ ਉਪ ਮੁੱਖ ਮੰਤਰੀਆਂ ਲਗਾਉਣ ਦੀਆਂ ਅਟਕਲਾਂ ਦੇ ਮੱਦੇਨਜ਼ਰ ਸਾਹਮਣੇ ਆਇਆ ਹੈ। ਦਿਲਚਸਪ ਗੱਲ ਹੈ ਕਿ ਕਾਂਗਰਸ ਨੇ ਕੈਪਟਨ ਸਰਕਾਰ ਦੌਰਾਨ ਖੁਦ 2021 ’ਚ ਦੋ ਉਪ ਮੁੱਖ ਮੰਤਰੀਆਂ ਦੀ ਨਿਯੁਕਤੀ ਕਰਕੇ ਇਹ ਪ੍ਰਥਾ ਸ਼ੁਰੂ ਕੀਤੀ ਸੀ। ਕਾਂਗਰਸ ਨੇ ਕੈਪਟਨ ਦੀ ਥਾਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਅਤੇ ਸੁਖਜਿੰਦਰ ਸਿੰਘ ਰੰਧਾਵਾ ਅਤੇ ਓਪੀ ਸੋਨੀ ਨੂੰ ਉਪ ਮੁੱਖ ਮੰਤਰੀ ਨਿਯੁਕਤ ਕੀਤਾ ਸੀ। ਕਾਂਗਰਸ ਨੇ ਉਸ ਵਕਤ ਅਨੁਸੂਚਿਤ ਜਾਤੀ, ਹਿੰਦੂ ਅਤੇ ਜੱਟ ਸਿੱਖ ਸਮੀਕਰਣ ਬਣਾਇਆ ਸੀ।
ਹੁਣ ਸੂਬੇ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਕ ਅਨੁਸੂਚਿਤ ਜਾਤੀ ਵਰਗ ਅਤੇ ਇਕ ਹਿੰਦੂ ਜਾਂ ਪਿਛੜੀ ਸ੍ਰੇਣੀ ਵਰਗ ਨਾਲ ਸਬੰਧਤ ਆਗੂ ਨੂੰ ਉਪ ਮੁੱਖ ਮੰਤਰੀ ਨਿਯੁਕਤ ਕਰਨ ਬਾਰੇ ਚਰਚਾਵਾਂ ਚੱਲ ਰਹੀਆਂ ਹਨ ਤਾਂ ਵੜਿੰਗ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਇਹ ਪ੍ਰਥਾ ਇਸ ਸਮੇਂ ਪੰਜਾਬ ’ਚ ਪ੍ਰਚਲਿਤ ਹੈ। ਉਨ੍ਹਾਂ ਕਿਹਾ ਕਿ ‘ਮੈਂ ਇੱਕ ਜੱਟ ਸਿੱਖ ਹਾਂ। ਤਾਂ ਕੀ ਸਾਰੇ ਜੱਟ ਸਿੱਖ ਮੇਰੇ ਨਾਲ ਜੁੜਦੇ ਹਨ ਜਾਂ ਜੇ ਕੋਈ ਦਲਿਤ ਹੈ ਤਾਂ ਕੀ ਸਾਰਾ ਦਲਿਤ ਭਾਈਚਾਰਾ ਉਸ ਨਾਲ ਜੁੜਦਾ ਹੈ? ਅਜਿਹਾ ਨਹੀਂ ਹੁੰਦਾ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇਕ ਧਰਮ ਨਿਰਪੱਖ ਪਾਰਟੀ ਹੈ ਅਤੇ ਜਾਤ ਜਾਂ ਧਰਮ ’ਚ ਵਿਸ਼ਵਾਸ ਨਹੀਂ ਰੱਖਦੀ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕਾਂਗਰਸ ਪਾਰਟੀ ਨੇ ਚੰਨੀ ਨੂੰ ਮੁੱਖ ਮੰਤਰੀ ਕਿਉਂ ਨਿਯੁਕਤ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ‘ਮੈਨੂੰ ਨਹੀਂ ਲੱਗਦਾ ਕਿ ਅਜਿਹਾ ਹੋਇਆ।’ ਉਨ੍ਹਾਂ ਕਿਹਾ ਕਿ ਯੋਗਤਾ ਦਾ ਆਧਾਰ ਆਗੂ ਦੀ ਕਾਰਗੁਜ਼ਾਰੀ ਹੋਣੀ ਚਾਹੀਦੀ ਹੈ, ਜਾਤੀ ਨਹੀਂ।
ਮੋਗਾ ਵਿਚ ਆਮ ਆਦਮੀ ਪਾਰਟੀ ਦੀ ਨਸ਼ਾ ਵਿਰੋਧੀ ਰੈਲੀ ਬਾਰੇ ਵੜਿੰਗ ਨੇ ਕਿਹਾ ਕਿ ਕਈ ਵਾਰ ਰਾਜਪਾਲ ਨਸ਼ਿਆਂ ਵਿਰੁੱਧ ਪੈਦਲ ਯਾਤਰਾ ਦੀ ਅਗਵਾਈ ਕਰਦੇ ਹਨ। ਸਰਕਾਰ ਨਸ਼ਿਆਂ ਵਿਰੁੱਧ ਮੁਹਿੰਮ ਚਲਾਉਂਦੀ ਹੈ, ਪਰ ਨਤੀਜੇ ਜ਼ਮੀਨੀ ਪੱਧਰ ’ਤੇ ਦਿਖਾਈ ਨਹੀਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਰੈਲੀਆਂ ’ਤੇ ਕਰੋੜਾਂ ਰੁਪਏ ਖ਼ਰਚ ਕਰ ਰਹੀ ਹੈ ਪਰ ਜ਼ਮੀਨੀ ਪੱਧਰ ’ਤੇ ਹਕੀਕਤ ਕੁੱਝ ਹੋਰ ਹੈ।