ਜ਼ਮਾਨਤ ’ਤੇ ਬਾਹਰ ਆ ਕੇ ਦੁਬਾਰਾ ਨਸ਼ੇ ਦਾ ਧੰਦਾ ਕਰਨ ਵਾਲਾ ਕਾਬੂ
ਆਪਰੇਸ਼ਨ ਸੈੱਲ ਵਲੋਂ ਗ੍ਰਿਫਤਾਰ ਮੁਲਜ਼ਮ
Publish Date: Mon, 15 Sep 2025 07:29 PM (IST)
Updated Date: Mon, 15 Sep 2025 07:29 PM (IST)

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਆਪ੍ਰੇਸ਼ਨ ਸੈੱਲ ਦੀ ਟੀਮ ਨੇ ਜ਼ਮਾਨਤ ’ਤੇ ਬਾਹਰ ਆ ਕੇ ਦੁਬਾਰਾ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਇੰਦਰਾ ਕਾਲੋਨੀ ਵਾਸੀ ਪਰਵੀਨ ਕੁਮਾਰ (44) ਵਜੋਂ ਹੋਈ ਹੈ। ਉਸ ਦੇ ਕਬਜ਼ੇ ਤੋਂ ਪੁਲਿਸ ਨੇ 398 ਗ੍ਰਾਮ ਚਰਸ ਬਰਾਮਦ ਕੀਤੀ ਹੈ। ਇਹ ਕਾਰਵਾਈ ਇੰਸਪੈਕਟਰ ਰਣਜੀਤ ਸਿੰਘ ਦੀ ਅਗਵਾਈ ਹੇਠ ਕੀਤੀ ਗਈ। ਪੁਲਿਸ ਨੂੰ 13 ਸਤੰਬਰ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਰਵੀਨ ਕੁਮਾਰ ਨਸ਼ੇ ਦੀ ਸਮੱਗਲਿੰਗ ’ਚ ਸ਼ਾਮਲ ਹੈ ਅਤੇ ਇਲਾਕੇ ’ਚ ਚਰਸ ਦੀ ਸਪਲਾਈ ਕਰਨ ਵਾਲਾ ਹੈ। ਇਸ ਤੋਂ ਬਾਅਦ ਪੁਲਿਸ ਨੇ ਜਾਲ ਵਿਛਾ ਕੇ ਉਸ ਨੂੰ ਕਾਬੂ ਕਰ ਲਿਆ। ਉਸ ਖ਼ਿਲਾਫ਼ ਥਾਣਾ ਆਈਟੀ ਪਾਰਕ ’ਚ ਐੱਨਡੀਪੀਐੱਸ ਐਕਟ ਦੀ ਧਾਰਾ 20 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਾਂਚ ’ਚ ਖੁਲਾਸਾ ਹੋਇਆ ਹੈ ਕਿ ਪਰਵੀਨ ਕੁਮਾਰ ਲੰਮੇ ਸਮੇਂ ਤੋਂ ਨਸ਼ੇ ਦੀ ਸਮੱਗਲਿੰਗ ’ਚ ਲਿਪਤ ਹੈ। ਸਾਲ 2016 ’ਚ ਪੁਲਿਸ ਨੇ ਉਸ ਨੂੰ 1.2 ਕਿਲੋਗ੍ਰਾਮ ਚਰਸ ਨਾਲ ਗ੍ਰਿਫਤਾਰ ਕੀਤਾ ਸੀ, ਜਿਸ ’ਚ ਉਸ ਨੂੰ 10 ਸਾਲ ਦੀ ਕੈਦ ਅਤੇ ਇੱਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਹੋਈ ਸੀ। ਸਾਲ 2019 ’ਚ ਵੀ ਉਹ ਹਿਮਾਚਲ ਪ੍ਰਦੇਸ਼ ਬਿਲਾਸਪੁਰ ’ਚ ਐੱਨਡੀਪੀਐੱਸ ਐਕਟ ਦੀ ਧਾਰਾ 29 ਹੇਠ ਗ੍ਰਿਫ਼ਤਾਰ ਹੋਇਆ ਸੀ। ਇਸ ਤੋਂ ਇਲਾਵਾ ਸਾਲ 2007 ’ਚ ਵੀ ਉਸ ’ਤੇ ਚੋਰੀ ਦਾ ਕੇਸ ਦਰਜ ਹੈ। ਪਰਵੀਨ ਇਸ ਵੇਲੇ ਜ਼ਮਾਨਤ ’ਤੇ ਸੀ, ਪਰ ਉਸ ਨੇ ਫਿਰ ਤੋਂ ਨਸ਼ੇ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ ਸੀ।