24 ਘੰਟਿਆਂ ’ਚ ਦੋ ਵੱਖ-ਵੱਖ ਥਾਵਾਂ ’ਤੇ ਦੋ ਲੋਕਾਂ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
ਦੋ ਵੱਖ-ਵੱਖ ਥਾਵਾਂ 'ਤੇ ਦੋ ਲੋਕਾਂ ਨੇ ਫਾਹਾ ਲੈ ਕੇ ਆਤਮਹੱਤਿਆ ਕੀਤੀ
Publish Date: Mon, 15 Sep 2025 07:25 PM (IST)
Updated Date: Mon, 15 Sep 2025 07:26 PM (IST)

ਤਰੁਣ ਭਜਨੀ, ਪੰਜਾਬੀ ਜਾਗਰਣ ਚੰਡੀਗੜ੍ਹ : ਸ਼ਹਿਰ ਵਿੱਚ 24 ਘੰਟਿਆਂ ਦੇ ਅੰਦਰ ਦੋ ਵੱਖ-ਵੱਖ ਥਾਵਾਂ ’ਤੇ ਦੋ ਲੋਕਾਂ ਨੇ ਫਾਹਾ ਲੈ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ। ਦੋਵੇਂ ਹੀ ਮਾਮਲਿਆਂ ਵਿੱਚ ਪੁਲਿਸ ਨੇ ਘਟਨਾ ਵਾਲੀ ਥਾਂ ਦਾ ਨਿਰੀਖਣ ਕਰ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਮੋਰਚਰੀ ਵਿੱਚ ਰਖਵਾਇਆ ਹੈ। ਮੁੱਢਲੀ ਜਾਂਚ ਵਿੱਚ ਕਿਸੇ ਵੀ ਥਾਂ ਤੋਂ ਸੁਸਾਈਡ ਨੋਟ ਨਹੀਂ ਮਿਲਿਆ। ਪਹਿਲਾ ਮਾਮਲਾ ਸੈਕਟਰ-31 ਥਾਣੇ ਹੇਠਾਂ ਆਉਣ ਵਾਲੇ ਹੱਲੋਮਾਜਰਾ ਦਾ ਹੈ। ਇੱਥੇ ਰਹਿਣ ਵਾਲੇ 35 ਸਾਲਾਂ ਦੇ ਸੰਦੀਪ ਨੇ ਐਤਵਾਰ ਦੁਪਹਿਰ ਆਪਣੇ ਘਰ ਵਿੱਚ ਫਾਹਾ ਲੈ ਲਿਆ। ਸੰਦੀਪ ਮਜ਼ਦੂਰੀ ਦਾ ਕੰਮ ਕਰਦਾ ਸੀ ਅਤੇ ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਘਟਨਾ ਦੇ ਸਮੇਂ ਉਸ ਦੀ ਪਤਨੀ ਪਿੰਡ ਵਿੱਚ ਸੀ ਤੇ ਉਹ ਘਰ ਵਿੱਚ ਇਕੱਲਾ ਸੀ। ਦੁਪਹਿਰ ਨੂੰ ਪਰਿਵਾਰਕ ਮੈਂਬਰ ਜਦੋਂ ਕਮਰੇ ਵਿੱਚ ਗਏ ਤਾਂ ਉਸ ਨੂੰ ਪੱਖੇ ਨਾਲ ਲਟਕਿਆ ਹੋਇਆ ਦੇਖਿਆ। ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਉਸ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੂਜੀ ਘਟਨਾ ਸੋਮਵਾਰ ਦੁਪਹਿਰ ਸੈਕਟਰ-26 ਦੀ ਹੈ। ਇੱਥੇ ਰਹਿਣ ਵਾਲੇ ਰਾਜੇਸ਼ ਕੁਮਾਰ ਨੇ ਰੱਸੀ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਹ ਸੈਕਟਰ-29 ਡਿਸਪੈਂਸਰੀ ਵਿੱਚ ਨੌਕਰੀ ਕਰਦਾ ਸੀ। ਰਾਜੇਸ਼ ਦੀ ਪਤਨੀ ਦਾ ਕੁਝ ਮਹੀਨੇ ਪਹਿਲਾਂ ਦੇਹਾਂਤ ਹੋ ਗਿਆ ਸੀ, ਜਿਸ ਤੋਂ ਬਾਅਦ ਉਹ ਮਾਨਸਿਕ ਤੌਰ ’ਤੇ ਪਰੇਸ਼ਾਨ ਸੀ। ਰਾਜੇਸ਼ ਦੇ ਤਿੰਨ ਬੱਚੇ ਹਨ। ਘਟਨਾ ਦੇ ਸਮੇਂ ਬੱਚੇ ਬਾਹਰ ਖੇਡ ਰਹੇ ਸਨ ਤੇ ਉਹ ਘਰ ਵਿੱਚ ਇਕੱਲਾ ਸੀ। ਜਦੋਂ ਬੱਚੇ ਕਮਰੇ ਵਿੱਚ ਗਏ ਤਾਂ ਆਪਣੇ ਪਿਤਾ ਨੂੰ ਫਾਹੇ ਨਾਲ ਲਟਕਿਆ ਦੇਖ ਕੇ ਚੀਖ ਪਏ। ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਹੇਠਾਂ ਉਤਾਰ ਕੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਮੌਤ ਦੀ ਪੁਸ਼ਟੀ ਕੀਤੀ। ਬਾਅਦ ਵਿੱਚ ਲਾਸ਼ ਨੂੰ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ। ਪੁਲਿਸ ਜਾਂਚ ਜਾਰੀ : ਦੋਵੇਂ ਮਾਮਲਿਆਂ ਵਿੱਚ ਪੁਲਿਸ ਨੇ ਖੁਦਕੁਸ਼ੀ ਦਾ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਸਥਾਨ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ। ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀਆਂ ਜਾਣਗੀਆਂ।