ਕਾਂਗਰਸੀ ਵਰਕਰਾਂ ਤੇ ਆਗੂਆਂ ਦੀ ਬੈਠਕ ਹੋਈ
ਕਾਂਗਰਸੀ ਵਰਕਰਾਂ ਅਤੇ ਆਗੂਆਂ ਦੀ ਬੈਠਕ ਹੋਈ
Publish Date: Thu, 18 Sep 2025 07:20 PM (IST)
Updated Date: Thu, 18 Sep 2025 07:20 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ ਐੱਸਏਐੱਸ ਨਗਰ : ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਚਲਾਏ ਜਾ ਰਹੇ ਸੰਗਠਨ ਸਿਰਜਨ ਅਭਿਆਨ ਸਬੰਧੀ ਜ਼ਿਲ੍ਹਾ ਮੁਹਾਲੀ ਦੇ ਕਾਂਗਰਸੀ ਵਰਕਰਾਂ ਤੇ ਆਗੂਆਂ ਦੀ ਬੈਠਕ ਸਥਾਨਕ ਫੇਜ਼-1 ਉਦਯੋਗਿਕ ਖੇਤਰ ਮੁਹਾਲੀ ਵਿਖੇ ਹੋਈ। ਇਸ ਮੌਕੇ ਆਲ ਇੰਡੀਆ ਕਾਂਗਰਸ ਵੱਲੋਂ ਨਿਯੁਕਤ ਆਬਜ਼ਰਵਰ ਮਨੋਜ ਯਾਦਵ ਸੈਕਟਰੀ ਆਲ ਇੰਡੀਆ ਕਾਂਗਰਸ ਕਮੇਟੀ, ਜ਼ਿਲ੍ਹਾ ਮੁਹਾਲੀ ਦੇ ਇੰਚਾਰਜ ਸੰਸਦ ਮੈਂਬਰ ਡਾ. ਅਮਰ ਸਿੰਘ, ਸਹਿ ਇੰਚਾਰਜ ਰਵਿੰਦਰ ਸਿੰਘ ਪਾਲੀ, ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਨਗਰ ਨਿਗਮ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਵੀ ਸ਼ਮੂਲੀਅਤ ਕੀਤੀ। ਇਸ ਦੌਰਾਨ ਇਕੱਤਰ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਮਨੋਜ ਯਾਦਵ ਨੇ ਕਿਹਾ ਕਿ ਆਲ ਇੰਡੀਆ ਕਾਂਗਰਸ ਕਮੇਟੀ ਦੇ ਅਹਿਮਦਾਬਾਦ ਅਧਿਵੇਸ਼ਨ ਤੋਂ ਬਾਅਦ ਪਾਰਟੀ ਨੇ ਇਹ ਮਹੱਤਵਪੂਰਨ ਅਭਿਆਨ ਸ਼ੁਰੂ ਕੀਤਾ ਹੈ, ਜਿਸ ਰਾਹੀਂ ਜ਼ਿਲ੍ਹਾ ਕਾਂਗਰਸ ਕਮੇਟੀਆਂ ਨੂੰ ਲੋਕਤੰਤਰਿਕ ਪ੍ਰਕਿਰਿਆ ਰਾਹੀਂ ਦੁਬਾਰਾ ਮਜ਼ਬੂਤ ਕੀਤਾ ਜਾ ਰਿਹਾ ਹੈ। ਪਾਰਟੀ ਦੁਆਰਾ ਇਹ ਮੁਹਿੰਮ ਹੁਣ ਤਕ ਚਾਰ ਸੂਬਿਆਂ ’ਚ ਮੁਕੰਮਲ ਕੀਤੀ ਜਾ ਚੁੱਕੀ ਹੈ ਅਤੇ ਪੰਜਾਬ ਅੰਦਰ ਵੀ ਸੰਗਠਨਾਤਮਿਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਇਹ ਮੁਹਿੰਮ ਪੂਰੀ ਸਰਗਰਮੀ ਨਾਲ ਚਲ ਰਹੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੁਆਰਾ ਆਬਜ਼ਰਵਰ ਵਜੋਂ ਮਿਲੀ ਜ਼ਿੰਮੇਵਾਰੀ ਤਹਿਤ ਹੀ ਉਹ ਰੋਜ਼ਾਨਾ ਚੰਡੀਗੜ੍ਹ ਵਿਖੇ ਪੰਜਾਬ ਕਾਂਗਰਸ ਦੇ ਦਫ਼ਤਰ ਵਿਚ ਬੈਠ ਰਹੇ ਹਨ ਅਤੇ ਕੋਈ ਵੀ ਕਾਂਗਰਸੀ ਵਰਕਰ ਬਿਨਾਂ ਝਿਜਕ ਉਨ੍ਹਾਂ ਨੂੰ ਮਿਲ ਸਕਦਾ ਹੈ। ਇਸ ਮੁਹਿੰਮ ਤਹਿਤ ਜ਼ਮੀਨੀ ਪੱਧਰ ’ਤੇ ਲੋਕਾਂ ਨਾਲ ਜੁੜੇ ਕਾਂਗਰਸੀ ਆਗੂਆਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਜਾਣਗੀਆਂ ਤਾਂ ਜੋ ਪਾਰਟੀ ਨੂੰ ਹੇਠਲੇ ਪੱਧਰ ਤਕ ਮਜ਼ਬੂਤ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਲੋਕਤੰਤਰਿਕ ਢੰਗ ਨਾਲ ਅਹੁਦੇਦਾਰਾਂ ਦੀ ਚੋਣ ਹੋਣ ਨਾਲ ਜ਼ਿਲ੍ਹਾ ਕਾਂਗਰਸ ਕਮੇਟੀਆਂ ਅੰਦਰ ਨਵੀਂ ਊਰਜਾ ਪੈਦਾ ਹੋਵੇਗੀ, ਜਿਸ ਨਾਲ ਲੋਕਾਂ ਦੇ ਮੁੱਦਿਆਂ ਨੂੰ ਹੋਰ ਜ਼ਿਆਦਾ ਮਜ਼ਬੂਤੀ ਨਾਲ ਚੁੱਕਿਆ ਜਾ ਸਕੇਗਾ। ਇਸ ਮੌਕੇ ਮੁਹਾਲੀ ਕਾਰਪੋਰੇਸ਼ਨ ਦੇ ਕੌਂਸਲਰ ਅਤੇ ਸਾਬਕਾ ਕੌਂਸਲਰ ਅਤੇ ਉਮੀਦਵਾਰ ਅਤੇ ਰੈਜੀਡੈਂਟਸ ਐਸੋਸੀਏਸ਼ਨਾਂ ਦੇ ਪ੍ਰਧਾਨ ਤੇ ਮੈਂਬਰ, ਪਿੰਡਾਂ ਦੇ ਪੰਚ-ਸਰਪੰਚ, ਸਾਬਕਾ ਸਰਪੰਚ, ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਮੈਂਬਰ, ਕਾਂਗਰਸ ਪਾਰਟੀ ਦੇ ਅਹੁਦੇਦਾਰ ਅਤੇ ਪਤਵੰਤਿਆਂ ਕਾਂਗਰਸ ਪਾਰਟੀ ਦੇ ਸਾਰੇ ਵਰਕਰ, ਯੂਥ ਕਾਂਗਰਸ, ਮਹਿਲਾ ਕਾਂਗਰਸ, ਐੱਸਸੀ ਸੈੱਲ, ਬੀਸੀ ਸੈੱਲ, ਮੰਡਲ ਪ੍ਰਧਾਨ, ਚੇਅਰਮੈਨ, ਸਾਬਕਾ ਚੇਅਰਮੈਨ, ਅਹੁਦੇਦਾਰ ਅਤੇ ਵੱਡੀ ਗਿਣਤੀ ਅੰਦਰ ਕਾਂਗਰਸ ਪਾਰਟੀ ਦੇ ਆਗੂ ਤੇ ਵਰਕਰ ਮੌਜੂਦ ਸਨ।