- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਨ੍ਹਾਂ ਦੋਸ਼ ਲਗਾਇਆ ਕਿ ਜਿੱਥੇ-ਜਿੱਥੇ ਭਾਜਪਾ ਦੀਆਂ ਸਰਕਾਰਾਂ ਹਨ, ਉੱਥੇ ਲੋਕਾਂ ਨੂੰ ਧਰਮ ਦੇ ਨਾਂ ’ਤੇ ਲੜਾਇਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਇਹ ਜ਼ਰੂਰ ਕਿਹਾ ਕਿ ਲਾਲਚ ਦੇ ਕੇ ਕਿਸੇ ਦਾ ਧਰਮ ਪਰਿਵਰਤਨ ਕਰਵਾਉਣਾ ਸਹੀ ਨਹੀਂ ਹੈ ਪਰ ਭਾਜਪਾ ਤਾਂ ਹਰ ਥਾਂ ਧਰਮ ਦਾ ਪੱਤਾ ਖੇਡਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਸਿਰ ’ਤੇ ਦਸਤਾਰ ਸਜਾਉਣ ਨਾਲ ਉਹ ਪੰਜਾਬੀ ਨਹੀਂ ਬਣ ਜਾਣਗੇ।

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਸੂਬੇ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੰਮ ਦੀ ਸਿਆਸਤ ਦੇ ਰਸਤੇ ’ਤੇ ਚੱਲਦੇ ਹੋਏ ਲੋਕਾਂ ਨੂੰ ਦਿੱਤੀਆਂ ਗਈਆਂ ਸਾਰੀਆਂ ਗਾਰੰਟੀਆਂ ਪੂਰੀਆਂ ਕਰ ਦਿੱਤੀਆਂ ਹਨ। ਲੋਕਾਂ ਨੇ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਨੂੰ ਠੁਕਰਾ ਕੇ ਸਾਡੇ ’ਤੇ ਉਮੀਦ ਲਗਾਈ ਸੀ ਤੇ ਅਸੀਂ ਲੋਕਾਂ ਦਾ ਭਰੋਸਾ ਨਹੀਂ ਟੁੱਟਣ ਦਿੱਤਾ। ਕਾਂਗਰਸ, ਅਕਾਲੀ ਤੇ ਭਾਜਪਾ ਜਿੱਥੇ ਸੱਤਾ ਦੀ ਚਿੰਤਾ ਕਰ ਰਹੇ ਹਨ, ਉੱਥੇ ਆਪ ਸਰਕਾਰ ਪੰਜਾਬ ਨੂੰ ਬਚਾਉਣ ਲਈ ਫ਼ਿਕਰਮੰਦ ਹੈ ਤੇ ਸੂਬੇ ’ਚ ਫੁੱਟ ਪਾਊ ਸਿਆਸਤ ਨੂੰ ਸਫ਼ਲ ਨਹੀਂ ਹੋਣ ਦੇਵੇਗੀ। ਇਹ ਗੱਲ ਸੋਮਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਕਹੀ। ਉਹ ਸੂਬਾ ਸਰਕਾਰ ਦੇ ਚਾਰ ਸਾਲ ਪੂਰੇ ਹੋਣ ’ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੂਬਾ ਸਰਕਾਰ ਦੀਆਂ ਉੁਪਲੱਬਧੀਆਂ ਗਿਣਾ ਰਹੇ ਸਨ।
ਮੁੱਖ ਮੰਤਰੀ ਨੇ ਫੈਡਰਲ ਢਾਂਚੇ ਨੂੰ ਕਮਜ਼ੋਰ ਕਰਨ ਦੀਆਂ ਕਾਰਵਾਈਆਂ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਲੰਬੇ ਹੱਥੀਂ ਲਿਆ। ਉਨ੍ਹਾਂ ਦੋ ਦਿਨ ਪਹਿਲਾਂ ਪੰਜਾਬ ਆਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ’ਚ ਸੱਤਾ ’ਚ ਆਉਣ ’ਤੇ ਧਰਮ ਪਰਿਵਰਤਨ ਦੇ ਖ਼ਿਲਾਫ਼ ਬਿੱਲ ਲਿਆਉਣ ’ਤੇ ਕਿਹਾ ਕਿ ਸ਼ਾਹ ਭਾਵੇਂ ਜਿੰਨਾ ਵੀ ਜ਼ੋਰ ਲਗਾ ਲੈਣ, ਭਾਜਪਾ ਦੀ ਧਰਮ ਆਧਾਰਤ ਸਿਆਸਤ ਪੰਜਾਬ ’ਚ ਸਫ਼ਲ ਨਹੀਂ ਹੋਵੇਗੀ। ਉਨ੍ਹਾਂ ਦੋਸ਼ ਲਗਾਇਆ ਕਿ ਜਿੱਥੇ-ਜਿੱਥੇ ਭਾਜਪਾ ਦੀਆਂ ਸਰਕਾਰਾਂ ਹਨ, ਉੱਥੇ ਲੋਕਾਂ ਨੂੰ ਧਰਮ ਦੇ ਨਾਂ ’ਤੇ ਲੜਾਇਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਇਹ ਜ਼ਰੂਰ ਕਿਹਾ ਕਿ ਲਾਲਚ ਦੇ ਕੇ ਕਿਸੇ ਦਾ ਧਰਮ ਪਰਿਵਰਤਨ ਕਰਵਾਉਣਾ ਸਹੀ ਨਹੀਂ ਹੈ ਪਰ ਭਾਜਪਾ ਤਾਂ ਹਰ ਥਾਂ ਧਰਮ ਦਾ ਪੱਤਾ ਖੇਡਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਸਿਰ ’ਤੇ ਦਸਤਾਰ ਸਜਾਉਣ ਨਾਲ ਉਹ ਪੰਜਾਬੀ ਨਹੀਂ ਬਣ ਜਾਣਗੇ।
ਇਸੇ ਤਰ੍ਹਾਂ ਗੈਂਗਟਰਵਾਦ ਨੂੰ ਲੈ ਕੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ’ਚ ਅਪਰਾਧਕ ਸਰਗਰਮੀਆਂ ’ਚ ਸ਼ਾਮਲ ਗੈਂਗਸਟਰਾਂ ਨੂੰ ਕੇਂਦਰ ਸਰਕਾਰ ਨੇ ਆਪਣੀਆਂ ਸਰਕਾਰਾਂ ਦੀਆਂ ਜੇਲ੍ਹਾਂ ’ਚ ਰੱਖਿਆ ਹੋਇਆ ਹੈ। ਉਨ੍ਹਾਂ ਨੂੰ ਪੰਜਾਬ ਲਿਆਉਣ ਨਹੀਂ ਦਿੱਤਾ ਜਾ ਰਿਹਾ। ਕਿਹਾ ਜਾਂਦਾ ਹੈ ਕਿ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ, ਜੇਕਰ ਪੁੱਛਗਿੱਛ ਕਰਨੀ ਹੈ ਤਾਂ ਇੱਥੇ ਆ ਕੇ ਕਰ ਲਓ। ਉਨ੍ਹਾਂ ਦੋਸ਼ ਲਗਾਇਆ ਕਿ ਅਜਿਹੇ ਗੈਂਗਸਟਰਾਂ ਦੀ ਵਰਤੋਂ ਭਾਜਪਾ ਆਪਣੇ ਫ਼ਾਇਦੇ ਲਈ ਕਰ ਰਹੀ ਹੈ। ਮਾਨ ਨੇ ਕੇਂਦਰ ਸਰਕਾਰ ਵਲੋਂ ਪੰਜਾਬ ਦਾ ਅੱਠ ਹਜ਼ਾਰ ਕਰੋੜ ਦਾ ਪੇਂਡੂ ਵਿਕਾਸ ਫੰਡ ਰੋਕੇ ਜਾਣ ਨੂੰ ਲੈ ਕੇ ਵੀ ਕਰੜੀ ਆਲੋਚਨਾ ਕੀਤੀ ਤੇ ਕਿਹਾ ਇਸ ਨੂੰ ਲੈਣ ਲਈ ਸਾਨੂੰ ਸੁਪਰੀਮ ਕੋਰਟ ’ਚ ਕੇਸ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਉਹ ਹਰ ਥਾਂ ਡਬਲ ਇੰਜਣ ਦੀ ਸਰਕਾਰ ਦੀ ਗੱਲ ਕਰਦੇ ਰਹਿੰਦੇ ਹਨ ਪਰ ਜੇਕਰ ਇੰਜਣ ਪਟੜੀ ’ਤੇ ਹੋਵੇ ਤਾਂ ਸਿੰਗਲ ਇੰਜਣ ਹੀ ਕਾਫ਼ੀ ਹੈ।
ਆਈਪੀਐੱਲ ਦੇ ਘੱਟ ਮੈਚ ਹੋਣ ’ਤੇ ਸ਼ਾਹ ਨਾਲ ਕਰਾਂਗੇ ਗੱਲ
ਪੰਜਾਬ ਨੂੰ ਆਈਪੀਐੱਲ ਦੇ ਮੈਚ ਘੱਟ ਕਰ ਦਿੱਤੇ ਜਾਣ ਨੂੰ ਲੈ ਕੇ ਪੁੱਛੇ ਗਏ ਸਵਾਲ ’ਤੇ ਵੀ ਉਨ੍ਹਾਂ ਵਿਅੰਗ ਕਰਦੇ ਹੋਏ ਕਿਹਾ ਕਿ ਇੱਥੇ ਤਾਂ ਹਰ ਛੋਟੀ ਤੋਂ ਛੋਟੀ ਗੱਲ ਲਈ ਅਮਿਤ ਸ਼ਾਹ ਨਾਲ ਗੱਲ ਕਰਨੀ ਪੈਂਦੀ ਹੈ। ਤਾਂ ਮੈਂ ਇਸ ਸਬੰਧ ’ਚ ਕਰ ਲਵਾਂਗਾ ਅਮਿਤ ਸ਼ਾਹ ਨਾਲ ਗੱਲ।
ਹਾਕੀ ਏਸ਼ੀਆ ਕੱਪ ਦੀ ਮੇਜ਼ਬਾਨੀ ਕਰੇਗਾ ਪੰਜਾਬ
ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਇਸ ਵਾਰ ਹਾਕੀ ਦੇ ਏਸ਼ੀਆ ਕੱਪ ਦੀ ਮੇਜ਼ਬਾਨੀ ਪੰਜਾਬ ਕਰੇਗਾ। 22 ਜਾਂ 23 ਅਪ੍ਰੈਲ ਨੂੰ ਇਸ ਸਬੰਧੀ ਫ਼ੈਸਲਾ ਹੋ ਜਾਏਗਾ। ਉਨ੍ਹਾਂ ਕਿਹਾ ਕਿ ਜਲੰਧਰ ਤੇ ਮੋਹਾਲੀ ਦੇ ਹਾਕੀ ਸਟੇਡੀਅਮਾਂ ’ਚ ਇਹ ਮੈਚ ਹੋਣਗੇ।
ਅੰਮਿ੍ਰਤਸਰ ’ਚ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਬਣੇਗਾ
ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਮੋਹਾਲੀ ਦੇ ਬਾਅਦ ਦੂਜਾ ਅੰਤਰਰਾਸ਼ਟਰੀ ਸਟੇਡੀਅਮ ਅੰਮਿ੍ਰਤਸਰ ’ਚ ਬਣਾਇਆ ਜਾਏਗਾ। ਉਨ੍ਹਾਂ ਕਿਹਾ ਕਿ ਮੋਹਾਲੀ ਦੇ ਨਾਲ-ਨਾਲ ਪੰਜਾਬ ਕੋਲ ਅੰਮਿ੍ਰਤਸਰ ’ਚ ਵੀ ਇੰਟਰਨੈਸ਼ਨਲ ਏਅਰਪੋਰਟ ਹੈ ਜਿਸ ਦਾ ਫ਼ਾਇਦਾ ਕ੍ਰਿਕਟ ਸਟੇਡੀਅਮ ਨੂੰ ਹੋ ਸਕਦਾ ਹੈ।
ਮਾਨ ਨੇ ਗਿਣਾਈਆਂ ਸੂਬੇ ਦੀਆਂ ਉਪਲਬਧੀਆਂ
ਸਿੱਖਿਆ : ਪੰਜਾਬ ਦੇ ਸਰਕਾਰੀ ਸਕੂਲ ਹੁਣ ਪੜ੍ਹਾਈ ਦੇ ਮਾਮਲੇ ’ਚ ਦੇਸ਼ ’ਚ ਪਹਿਲੇ ਨੰਬਰ ’ਤੇ ਹਨ। ਡਿਜੀਟਲ ਕ੍ਰਾਂਤੀ ਦੇ ਕਾਰਨ 9,000 ਤੋਂ ਜ਼ਿਆਦਾ ਸਮਾਰਟ ਕਲਾਸਰੂਮ ਤੇ 5,000 ਕੰਪਿਊਟਰ ਲੈਬਸ ਖੋਲ੍ਹੀਆਂ ਗਈਆਂ ਹਨ। ਇਸੇ ਸਾਲ ਸਰਕਾਰੀ ਸਕੂਲਾਂ ਦੇ 305 ਵਿਦਿਆਰਥੀਆਂ ਨੇ ਜੇਈਈ ਮੇਨਸ ਤੇ 845 ਨੇ ਨੀਟ ਪਾਸ ਕੀਤੀ। ਕੰਟਰੈਕਟ ’ਤੇ ਕੰਮ ਕਰਨ ਵਾਲੇ ਅਧਿਆਪਕਾਂ ਨੂੰ ਪੱਕੀ ਨੌਕਰੀ ਦਿੱਤੀ ਗਈ ਹੈ। 15 ਹਜ਼ਾਰ ਤੋਂ ਜ਼ਿਆਦਾ ਨਵੇਂ ਅਧਿਆਪਕਾਂ ਦੀ ਭਰਤੀ ਵੀ ਕੀਤੀ ਗਈ ਹੈ। ਇਹੀ ਨਹੀਂ, ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਤੇ ਅਧਿਆਪਕਾਂ ਨੂੰ ਵਿਸ਼ਵ ਪੱਧਰੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ
ਸਿਹਤ: 75 ਸਾਲਾਂ ’ਚ ਸਿਰਫ਼ 400 ਕਲੀਨਿਕ ਬਣੇ ਸਨ, ਅਸੀਂ ਚਾਰ ਸਾਲਾਂ ’ਚ 881 ਆਮ ਆਦਮੀ ਕਲੀਨਿਕ ਖੋਲ੍ਹੇ ਹਨ। 1,575 ਡਾਕਟਰਾਂ ਦੀ ਰਿਕਾਰਡ ਭਰਤੀ ਕੀਤੀ ਹੈ। ਮੁੱਖ ਮੰਤਰੀ ਸਿਹਤ ਯੋਜਨਾ ਦੇ ਤਹਿਤ ਪੰਜਾਬ ਦੇ ਹਰ ਪਰਿਵਾਰ ਨੂੰ ਵੱਡੇ ਪ੍ਰਾਈਵੇਟ ਹਸਪਤਾਲਾਂ ’ਚ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮਿਲੇਗਾ। ਹੁਸ਼ਿਆਰਪੁਰ, ਕਪੂਰਥਲਾ, ਸੰਗਰੂਰ, ਨਵਾਂਸ਼ਹਿਰ, ਲਹਿਰਾਗਾਗਾ, ਮਾਲੇਰਕੋਟਲਾ ਤੇ ਲੁਧਿਆਣਾ ’ਚ 7 ਨਵੇਂ ਮੈਡੀਕਲ ਕਾਲਜ ਬਣਾਉਣ ਨਾਲ ਐੱਮਬੀਬੀਐੱਸ ਦੀਆਂ 600 ਨਵੀਆਂ ਸੀਟਾਂ ਹੋਣਗੀਆਂ, ਜਿਸ ਨਾਲ ਵਿਦਿਆਰਥੀਆਂ ਨੂੰ ਸੂਬੇ ਦੇ ਅੰਦਰ ਹੀ ਮੈਡੀਕਲ ਪੜ੍ਹਾਈ ਦੇ ਹੋਰ ਜ਼ਿਆਦਾ ਮੌਕੇ ਮਿਲਣਗੇ।
ਵਾਧਾ
ਖੇਤੀ ਤੇ ਬਿਜਲੀ ਸੁਧਾਰ :
ਪਹਿਲੀ ਵਾਰ ਕਿਸਾਨਾਂ ਨੂੰ ਸਿੰਚਾਈ ਲਈ ਦਿਨ ਦੇ ਸਮੇਂ ਅੱਠ ਘੰਟੇ ਲਗਾਤਾਰ ਬਿਜਲੀ ਮਿਲ ਰਹੀ ਹੈ। ਸੂਬੇ ’ਚ ਨਹਿਰੀ ਸਿੰਚਾਈ ਖੇਤਰ ਜਿੱਥੇ 2022 ’ਚ 26 ਫ਼ੀਸਦੀ ਸੀ, ਉਹ ਵਧ ਕੇ ਹੁਣ 78 ਫ਼ੀਸਦੀ ਹੋ ਗਿਆ ਹੈ। ਕਿਸਾਨਾਂ ਨੂੰ ਗੰਨੇ ਲਈ ਪ੍ਰਤੀ ਕੁਇੰਟਲ 416 ਰੁਪਏ ਮਿਲ ਰਹੇ ਹਨ, ਜੋ ਦੇਸ਼ ’ਚ ਸਭ ਤੋਂ ਵੱਧ ਕੀਮਤ ਹੈ। ਪਰਾਲੀ ਦੇ ਪ੍ਰਬੰਧਨ ਲਈ ਮਸ਼ੀਨਰੀ ਖ਼ਰੀਦਣ ’ਤੇ ਸਬਸਿਡੀ ਦਿੱਤੀ ਜਾ ਰਹੀ ਹੈ। ਸੂਬੇ ਦੇ 90 ਫ਼ੀਸਦੀ ਪਰਿਵਾਰਾਂ ਨੂੰ ਹੁਣ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਹੈ। ਇਹੀ ਨਹੀਂ, ਬਿਜਲੀ ਦੀਆਂ ਦਰਾਂ ’ਚ ਕਮੀ ਕਰ ਕੇ ਵੀ ਲੋਕਾਂ ਨੂੰ ਰਾਹਤ ਦਿੱਤੀ ਗਈ ਹੈ।
ਨਸ਼ੀਲੇ ਪਦਾਰਥਾਂ ਖ਼ਿਲਾਫ਼ ਮੁਹਿੰਮ
ਯੁੱਧ, ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ 68,389 ਐੱਫਆਈਆਰ ਦਰਜ ਕਰ ਕੇ 92,264 ਨੂੰ ਗ੍ਰਿਫ਼ਤਾਰ ਕੀਤਾ ਗਿਆ। ਵੱਡੀ ਮਾਤਰਾ ’ਚ ਹੈਰੋਇਨ ਜ਼ਬਤ ਕੀਤੀ ਗਈ ਹੈ ਤੇ 760 ਕਰੋੜ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। 1.5 ਲੱਖ ਤੋਂ ਵੱਧ ਮੈਂਬਰਾਂ ਵਾਲੀਆਂ ਵਿਲੇਜ ਡਿਫੈਂਸ ਕਮੇਟੀਆਂ ਨਸ਼ੇ ਖ਼ਿਲਾਫ਼ ਸਰਕਾਰ ਦੀਆਂ ਅੱਖਾਂ ਤੇ ਕੰਨ ਦੇ ਰੂਪ ’ਚ ਕੰਮ ਕਰ ਰਹੀਆਂ ਹਨ।
ਔਰਤਾਂ ਦਾ ਸਤਿਕਾਰ :
‘ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ’ ਤਹਿਤ ਔਰਤਾਂ ਨੂੰ ਇਕ ਹਜ਼ਾਰ ਰੁਪਏ ਤੇ ਅਨੁਸੂਚਿਤ ਜਾਤੀ ਦੀਆਂ ਔਰਤਾਂ ਨੂੰ 1500 ਰੁਪਏ ਆਰਥਿਕ ਸਹਾਇਤਾ ਸਿੱਧੇ ਉਨ੍ਹਾਂ ਦੇ ਬੈਂਕ ਖਾਤੇ ’ਚ ਪਾਉਣ ਦੀ ਯੋਜਨਾ ਸ਼ੁਰੂ ਕੀਤੀ ਗਈ ਹੈ। ਔਰਤਾਂ ਨੂੰ ਮੁਫ਼ਤ ਬੱਸ ਯਾਤਰਾ ਦਾ ਲਾਭ ਵੀ ਦਿੱਤਾ ਜਾ ਰਿਹਾ ਹੈ। ਪੈਨਸ਼ਨ ਯੋਜਨਾਵਾਂ ਦਾ ਵਿਸਥਾਰ ਕੀਤਾ ਗਿਆ ਹੈ, ਜਿਸ ਨਾਲ ਲੱਖਾਂ ਨਵੇਂ ਲਾਭਪਾਤਰੀਆਂ ਨੂੰ ਫ਼ਾਇਦਾ ਮਿਲ ਰਿਹਾ ਹੈ।
ਸਰਹੱਦ ’ਤੇ ਐਂਟੀ ਡ੍ਰੋਨ ਸਿਸਟਮ ਲਾਇਆ :
ਪੰਜਾਬ ਦੇ ਇਤਿਹਾਸ ’ਚ ਪਹਿਲੀ ਵਾਰ ਸਰਹੱਦ ਪਾਰ ਡ੍ਰੋਨ ਖ਼ਤਰਿਆਂ ਨਾਲ ਨਜਿੱਠਣ ਲਈ 9 ਉੱਨਤ ਐਂਟੀ-ਡ੍ਰੋਨ ਸਿਸਟਮ ਖ਼ਰੀਦੇ ਗਏ ਹਨ। ਪੁਲਿਸ ਫੋਰਸ ਨੂੰ ਮਜ਼ਬੂਤ ਕਰਨ ਲਈ ਕੁੱਲ 12,197 ਮੁਲਾਜ਼ਮਾਂ ਦੀ ਭਰਤੀ ਕੀਤੀ ਗਈ ਹੈ। ਪੁਲਿਸ ਦੇ ਆਧੁਨੀਕੀਕਰਨ ’ਤੇ 1156 ਕਰੋੜ ਰੁਪਏ ਤੋਂ ਵੱਧ ਖ਼ਰਚ ਕੀਤਾ ਗਿਆ ਹੈ।
ਉਦਯੋਗਿਕ ਵਿਕਾਸ :
ਰਾਈਟ ਟੂ ਬਿਜ਼ਨੈੱਸ ਐਕਟ ਦੇ ਤਹਿਤ ਐੱਮਐੱਸਐੱਮਈ ਨੂੰ ਹੁਣ ਨਵੀਆਂ ਫੈਕਟਰੀਆਂ ਸਥਾਪਤ ਕਰਨ ਲਈ ਇਜਾਜ਼ਤ ਸਵੈ-ਘੋਸ਼ਣਾ ਦੇ ਆਧਾਰ ’ਤੇ 5 ਤੋਂ 18 ਦਿਨਾਂ ਦੇ ਅੰਦਰ ਦਿੱਤੀ ਜਾ ਰਹੀ ਹੈ। ਫਾਸਟਟ੍ਰੈਕ ਪੰਜਾਬ ਪੋਰਟਲ ਦੇ ਰਾਹੀਂ 50 ਤੋਂ ਵੱਧ ਰੈਗੂਲੇਟਰੀ ਇਜਾਜ਼ਤਾਂ ਤੇ 200 ਸੇਵਾ ਬੇਨਤੀਆਂ 45 ਦਿਨ ’ਚ ਮਨਜ਼ੂਰ ਕੀਤੀਆਂ ਜਾ ਰਹੀਆਂ ਹਨ।
ਡਿਜੀਟਲ ਗਵਰਨੈਂਸ ਤੇ ਭ੍ਰਿਸ਼ਟਾਚਾਰ ਰੋਕੂ ਕਦਮ :
ਪੰਜਾਬ ਪਹਿਲਾ ਸੂਬਾ ਬਣ ਗਿਆ ਹੈ ਜਿੱਥੇ ਜਾਇਦਾਦ ਦੀ ਰਜਿਸਟ੍ਰੇਸ਼ਨ 48 ਘੰਟੇ ’ਚ ਪੂਰੀ ਤਰ੍ਹਾਂ ਡਿਜੀਟਲ ਹੁੰਦੀ ਹੈ। ‘ਸਰਕਾਰ ਆਪ ਕੇ ਦੁਆਰ’ ਪਹਿਲ ਤਹਿਤ 1076 ਹੈਲਪ ਲਾਈਨ ਦੇ ਰਾਹੀਂ ਹੁਣ ਲੋਕਾਂ ਨੂੰ ਉਨ੍ਹਾਂ ਦੇ ਘਰ ’ਤੇ ਕੁੱਲ 406 ਸਰਕਾਰੀ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਡਰਾਈਵਿੰਗ ਲਾਇਸੈਂਸ ਤੇ ਵਾਹਨ ਰਜਿਸਟ੍ਰੇਸ਼ਨ ਨਾਲ ਸਬੰਧਤ 56 ਸੇਵਾਵਾਂ ਨੂੰ ਪੂਰੀ ਤਰ੍ਹਾਂ ਡਿਜੀਟਲ ਬਣਾਇਆ ਗਿਆ ਹੈ।
ਆਬਕਾਰੀ ਨੀਤੀ ਨਾਲ ਦੁੱਗਣੀ ਕਮਾਈ :
ਮੌਜੂਦਾ ਸਰਕਾਰ ਦੇ ਪੰਜ ਸਾਲਾਂ ’ਚ ਆਬਕਾਰੀ ਨੀਤੀ ਨਾਲ ਪੰਜਾਬ ਨੂੰ 53,122 ਕਰੋੜ ਰੁਪਏ ਦੀ ਕਮਾਈ ਹੋਣ ਦੀ ਸੰਭਾਵਨਾ ਹੈ, ਜੋ ਪਿਛਲੀ ਸਰਕਾਰ ਦੇ ਮੁਕਾਬਲੇ ਲਗਪਗ ਦੁੱਗਣੀ ਹੈ।
ਰੁਜ਼ਗਾਰ :
‘ਰੁਜ਼ਗਾਰ ਕ੍ਰਾਂਤੀ’ ਦੇ ਤਹਿਤ 65,000 ਤੋਂ ਵੱਧ ਸਰਕਾਰੀ ਨੌਕਰੀਆਂ ਮੈਰਿਟ ਦੇ ਆਧਾਰ ’ਤੇ ਤੇ ਬਿਨਾਂ ਕਿਸੇ ਸਿਫ਼ਾਰਸ਼ ਤੇ ਰਿਸ਼ਵਤ ਦੇ ਦਿੱਤੀਆਂ ਗਈਆਂ ਹਨ।
ਨਿਵੇਸ਼:
ਸੂਬੇ ਨੇ ਚਾਰ ਸਾਲਾਂ ’ਚ 1.55 ਲੱਖ ਕਰੋੜ ਰੁਪਏ ਦਾ ਨਿਵੇਸ਼ ਆਕਰਸ਼ਤ ਕੀਤਾ ਹੈ। ਇਸ ਨਾਲ ਲਗਪਗ 5.5 ਲੱਖ ਰੁਜ਼ਗਾਰ ਦੇ ਮੌਕੇ ਪੈਦਾ ਹੋਏ।
ਅਪਰਾਧ ’ਤੇ ਸ਼ਿਕੰਜਾ :
‘ਗੈਂਗਸਟਰਾਂ ਤੇ ਵਾਰ’ ਤੇ ‘ਆਪ੍ਰੇਸ਼ਨ ਪ੍ਰਹਾਰ’ ਤਹਿਤ 14,722 ਗੈਂਗਸਟਰ ਗ੍ਰਿਫ਼ਤਾਰ ਕੀਤੇ ਗਏ ਹਨ, ਜਿਨ੍ਹਾਂ ’ਚ 711 ਫ਼ਰਾਰ ਅਪਰਾਧੀ ਵੀ ਸ਼ਾਮਲ ਹਨ। 76 ਅੱਤਵਾਦੀ ਮਾਡਿਊਲ ਦਾ ਪਰਦਾਫ਼ਾਸ ਕਰ ਕੇ 486 ਨੂੰ ਹਥਿਆਰਾਂ ਸਮੇਤ ਫੜਿਆ।
ਸੜਕ ਸੁਰੱਖਿਆ ਫੋਰਸ :
ਪੰਜਾਬ ’ਚ ਭਾਰਤ ਦੀ ਪਹਿਲੀ ਸੜਕ ਸੁਰੱਖਿਆ ਫੋਰਸ ਸਥਾਪਿਤ ਕੀਤੀ ਗਈ ਹੈ, ਜਿਸ ਕਾਰਨ ਹਾਦਸਿਆਂ ’ਚ ਹੋਣ ਵਾਲੀਆਂ ਮੌਤਾਂ ’ਚ 50.12 ਫ਼ੀਸਦੀ ਦੀ ਕਮੀ ਆਈ ਹੈ।
ਸ਼ਹੀਦਾਂ ਦਾ ਸਨਮਾਨ :
ਸ਼ਹੀਦ ਫ਼ੌਜੀਆਂ ਦੇ ਪਰਿਵਾਰਾਂ ਨੂੰ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ 50 ਲੱਖ ਰੁਪਏ ਤੋਂ ਵਧਾ ਕੇ 1 ਕਰੋੜ ਰੁਪਏ ਕਰ ਦਿੱਤੀ ਗਈ ਹੈ।
ਖੇਡਾਂ :
ਪਿੰਡਾਂ ’ਚ 1100 ਕਰੋੜ ਰੁਪਏ ਦੇ ਨਿਵੇਸ਼ ਨਾਲ 3,000 ਆਧੁਨਿਕ ਖੇਡ ਮੈਦਾਨ ਬਣਾਏ ਜਾ ਰਹੇ ਹਨ। 6,000 ਹੋਰ ਖੇਡ ਮੈਦਾਨਾਂ ’ਤੇ ਜਲਦ ਕੰਮ ਸ਼ੁਰੂ ਹੋ ਜਾਵੇਗਾ। ਪਿੰਡਾਂ ’ਚ 6000 ਇੰਡੋਰ ਜਿਮ ਬਣਾਏ ਜਾ ਰਹੇ ਹਨ।
ਪੇਂਡੂ ਵਿਕਾਸ :
40,000 ਕਿਲੋਮੀਟਰ ਤੋਂ ਵੱਧ ਪੇਂਡੂ ਲਿੰਕ ਸੜਕਾਂ ਦਾ ਨਵੀਨੀਕਰਨ ਪੰਜ ਸਾਲ ਦੇ ਰੱਖ-ਰਖਾਅ ਦੀ ਗਾਰੰਟੀ ਦੇ ਨਾਲ ਕੀਤਾ ਜਾ ਰਿਹਾ ਹੈ। ਸੂਬੇ ਦੀਆਂ ਮੰਡੀਆਂ ਨੂੰ ਅਪਗ੍ਰੇਡ ਕੀਤਾ ਗਿਆ ਹੈ।
ਭਵਿੱਖ ਦੀ ਯੋਜਨਾ
ਆਪਣੀ ਸਰਕਾਰ ਦੀਆਂ ਉਪਲੱਬਧੀਆਂ ਦੇ ਬਾਰੇ ’ਚ ਦੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ’ਚ, ਪੰਜਾਬ ਸਰਕਾਰ ਨੇ ਲੋਕਾਂ ਦੀ ਭਲਾਈ ਲਈ ਅਣਥੱਕ ਮਿਹਨਤ ਤੇ ਸਮਰਪਣ ਭਾਵਨਾ ਨਾਲ ਕੋਸ਼ਿਸ਼ਾਂ ਕੀਤੀਆਂ ਹਨ ਤੇ ਉਨ੍ਹਾਂ ਦੇ ਨਾਲ ਕੀਤੇ ਵਾਅਦੇ ਪੂਰੇ ਕਰ ਦਿੱਤੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਆਉਣ ਵਾਲਾ ਸਾਲ ਪੰਜਾਬ ਨੂੰ ਵਿਕਾਸ ਤੇ ਖ਼ੁਸ਼ਹਾਲੀ ਦੇ ਇਕ ਨਵੇਂ ਸ਼ਿਖਰ ’ਤੇ ਲਿਜਾਣ ਲਈ ਸਮਰਪਤ ਹੋਵੇਗਾ।