ਟ੍ਰਾਈਸਿਟੀ ’ਚ ਠੰਢ ਨੇ ਦਿੱਤੀ ਦਸਤਕ, ਹਲਕੀ ਬਾਰਿਸ਼ ਨਾਲ ਰਾਤ ਦਾ ਤਾਪਮਾਨ ਘਟਿਆ
ਟ੍ਰਾਈਸਿਟੀ ਵਿੱਚ ਠੰਢ ਨੇ ਦਿੱਤੀ ਦਸਤਕ, ਹਲਕੀ ਬਾਰਿਸ਼ ਨਾਲ ਰਾਤ ਦੇ ਤਾਪਮਾਨ 'ਚ ਗਿਰਾਵਟ
Publish Date: Wed, 05 Nov 2025 07:47 PM (IST)
Updated Date: Wed, 05 Nov 2025 07:49 PM (IST)

ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਟ੍ਰਾਈਸਿਟੀ ’ਚ ਠੰਢ ਦਾ ਅਹਿਸਾਸ ਹੁਣ ਸ਼ੁਰੂ ਹੋ ਰਿਹਾ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ ਅਨੁਸਾਰ ਅੱਜ ਮੌਸਮ ’ਚ ਹਲਕੀ ਬਾਰਿਸ਼ ਅਤੇ ਹਵਾਵਾਂ ਨਾਲ ਠੰਢ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਟ੍ਰਾਈਸਿਟੀ ਵਿੱਚ ਬੁੱਧਵਾਰ ਸਵੇਰ ਦੀ ਸ਼ੁਰੂਆਤ ਹਲਕੀ ਬਾਰਿਸ਼ ਨਾਲ ਦਿਨ ਦੀ ਸ਼ੁਰੂਆਤ ਹੋਈ, ਜਿਸ ਕਾਰਨ ਨਮੀ ਦਾ ਪੱਧਰ 77 ਫੀਸਦੀ ਤੋਂ 98 ਫੀਸਦੀ ਤੱਕ ਪਹੁੰਚ ਗਿਆ। ਦਿਨ ਭਰ ਵਿੱਚ ਵੱਧ ਤੋਂ ਵੱਧ ਤਾਪਮਾਨ 29° ਡਿਗਰੀ ਸੈਲਸੀਅਸ ਤੋਂ 31° ਡਿਗਰੀ ਸੈਲਸੀਅਸ ਦੇ ਆਸਪਾਸ ਰਿਹਾ, ਜਦਕਿ ਘੱਟੋ-ਘੱਟ ਤਾਪਮਾਨ 16 ਡਿਗਰੀ °ਸੈਲਸੀਅਸ ਤੋਂ 19 ਡਿਗਰੀ °ਸੈਲਸੀਅਸ ਵਿਚਕਾਰ ਦਰਜ ਹੋਇਆ। ਇਸ ਦੌਰਾਨ ਹਲਕੀਆਂ ਹਵਾਵਾਂ ਨੇ ਠੰਢ ਦਾ ਅਹਿਸਾਸ ਵਧਾਇਆ। ਅੱਜ ਵੀ ਅੰਸ਼ਕ ਬੱਦਲਵਾਈ ਦੇ ਨਾਲ ਹਲਕੀ ਬਾਰਿਸ਼ ਦੀ ਸੰਭਾਵਨਾ ਹੈ। ਜਿਸ ਨਾਲ ਵੱਧ ਤੋਂ ਵੱਧ ਤਾਪਮਾਨ 28° ਡਿਗਰੀ °ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 15 °ਡਿਗਰੀ °ਸੈਲਸੀਅਸ ਦੇ ਆਸਪਾਸ ਰਹਿਣ ਦਾ ਅਨੁਮਾਨ ਹੈ। ਰਾਤ ਨੂੰ ਤਾਪਮਾਨ 19° ਡਿਗਰੀ °ਸੈਲਸੀਅਸ ਤੱਕ ਡਿੱਗ ਸਕਦਾ ਹੈ, ਜਿਸ ਨਾਲ ਠੰਢ ਵਧੇਗੀ। ਮੌਸਮ ਵਿਗਿਆਨੀਆਂ ਅਨੁਸਾਰ ਟ੍ਰਾਈਸਿਟੀ ਵਿੱਚ ਠੰਢ ਵਧਣ ਦਾ ਮੁੱਖ ਕਾਰਨ ਵੈਸਟਰਨ ਡਿਸਟਰਬੈਂਸ ਹੈ, ਜੋ ਆਪਣੇ ਨਾਲ ਨਮ ਹਵਾਵਾਂ ਲੈ ਕੇ ਆ ਰਿਹਾ ਹੈ। ਇਸ ਤੋਂ ਇਲਾਵਾ ਨਵੰਬਰ ਦੇ ਦੂਜੇ ਹਫ਼ਤੇ ਤੋਂ ਉੱਤਰੀ ਹਵਾਵਾਂ ਦੀ ਤੇਜ਼ੀ ਨਾਲ ਠੰਢ ਵਧੇਗੀ, ਅਤੇ ਲਾ ਨੀਨਾ ਪ੍ਰਭਾਵ ਕਾਰਨ ਇਸ ਵਰ੍ਹੇ ਸਰਦੀਆਂ ਆਮ ਨਾਲੋਂ ਜ਼ਿਆਦਾ ਤਿੱਖੀਆਂ ਰਹਿਣ ਦੀ ਸੰਭਾਵਨਾ ਹੈ। ਨਵੰਬਰ ਦੇ ਅੰਤ ਤੱਕ ਤਾਪਮਾਨ 10° ਡਿਗਰੀ °ਸੈਲਸੀਅਸ ਤੱਕ ਡਿੱਗ ਸਕਦਾ ਹੈ।