...ਤੇ ਹੁਣ ਆਸ਼ਾ ਵਰਕਰਾਂ 'ਤੇ ਚੱਲੀਆਂ ਜਲ ਤੋਪਾਂ, ਚੰਡੀਗੜ੍ਹ ਕੂਚ ਦੌਰਾਨ ਪੁਲਿਸ ਨਾਲ ਹੋਈ ਖਿੱਚ-ਧੂਹ; SDM ਮੋਹਾਲੀ ਨੇ ਸੰਭਾਲੀ ਸਥਿਤੀ
ਯੂਨੀਅਨ ਪ੍ਰਧਾਨ ਬੀਬੀ ਕਿਰਨਦੀਪ ਨੇ ਕਿਹਾ ਕਿ 25 ਮਾਰਚ ਨੂੰ ਪ੍ਰਮੁੱਖ ਸਕੱਤਰ ਨਾਲ ਮੀਟਿੰਗ ਦਾ ਪੱਤਰ ਪ੍ਰਾਪਤ ਹੋਇਆ ਹੈ। ਜੇਕਰ ਇਸ ਮੀਟਿੰਗ ਤੋਂ ਬਾਅਦ ਵੀ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ
Publish Date: Fri, 13 Mar 2026 04:31 PM (IST)
Updated Date: Fri, 13 Mar 2026 04:37 PM (IST)
ਰਣਜੀਤ ਸਿੰਘ ਰਾਣਾ, ਐਸਏਐਸ ਨਗਰ : ਪੂਰੇ ਪੰਜਾਬ ਤੋਂ ਆਈਆਂ ਆਸ਼ਾ ਵਰਕਰਾਂ ਨੇ ਮੋਹਾਲੀ ਦੇ ਗੁਰਦੁਆਰਾ ਸ੍ਰੀ ਅੰਬ ਸਾਹਿਬ ਵਿਖੇ ਇਕੱਠ ਕੀਤਾ। ਇਸ ਤੋਂ ਬਾਅਦ ਇਨ੍ਹਾਂ ਨੇ ਕੌਲੀਆਂ-ਚਮਚੇ ਖੜਕਾਉਂਦਿਆਂ ਆਪਣਾ ਪ੍ਰਦਰਸ਼ਨ ਕਰਦੇ ਹੋਏ ਚੰਡੀਗੜ੍ਹ ਵੱਲ ਨੂੰ ਚਾਲੇ ਪਾ ਦਿੱਤੇ ਜਿੱਥੇ ਕਿ ਬੁੜੈਲ ਜੇਲ੍ਹ ਨੇੜੇ ਪੁਲਿਸ ਵੱਲੋਂ ਇਨ੍ਹਾਂ ਨੂੰ ਰੋਕ ਲਿਆ ਗਿਆ ਪਰ ਬੀਬੀਆਂ ਚੰਡੀਗੜ੍ਹ ਜਾਣ ਲਈ ਬਜਿੱਦ ਸਨ ਤੇ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਗਈ। ਰੋਕਣਲ ਈ ਪੁਲਿਸ ਨੇ ਇਨ੍ਹਾਂ ਉੱਪਰ ਜਲ ਤੋਪਾਂ ਨਾਲ ਪਾਣੀ ਦੀਆਂ ਬੁਛਾੜਾਂ ਮਾਰੀਆਂ ਪਰ ਬੀਬੀਆਂ ਡਟੀਆਂ ਰਹੀਆਂ।
ਬਾਅਦ 'ਚ ਐਸਡੀਐਮ ਮੋਹਾਲੀ ਵੱਲੋਂ ਪ੍ਰਮੁੱਖ ਸਕੱਤਰ ਨਾਲ 25 ਮਾਰਚ ਨੂੰ ਮਿਲਾਉਣ ਦੀ ਚਿੱਠੀ ਦੇ ਉੱਪਰ ਬੀਬੀਆਂ ਵਾਪਸ ਪਰਤੀਆਂ। ਆਸ਼ਾ ਵਰਕਰ ਯੂਨੀਅਨ ਦੇ ਪ੍ਰਧਾਨ ਬੀਬੀ ਕਿਰਨਦੀਪ ਕੌਰ ਨੇ ਦੱਸਿਆ ਕਿ ਪੰਜਾਬ ਭਰ ਤੋਂ ਆਸ਼ਾ ਵਰਕਰ ਅੱਜ ਮੋਹਾਲੀ 'ਚ ਇਕੱਠੀਆਂ ਹੋਈਆਂ ਸਨ। ਆਪਣੀਆਂ ਮੰਗਾਂ ਬਾਰੇ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਮੁੱਖ ਮੰਗਾਂ 'ਚ ਈਪੀਐਫ ਸਹੂਲਤ ਅਤੇ ਕਲਾਸ-4 ਗ੍ਰੇਡ ਦਰਜੇ ਵਾਲੇ ਆਸ਼ਾ ਵਰਕਰਾਂ ਤੇ ਫੈਸੀਲੀਟੇਟਰਾਂ ਲਈ ਘੱਟੋ-ਘੱਟ ₹24,000 ਪ੍ਰਤੀ ਮਹੀਨਾ ਤਨਖਾਹ, ਹਰਿਆਣਾ ਪੈਟਰਨ ਦੇ ਵਾਧੇ 'ਤੇ ਲਾਗੂਕਰਨ ਦੇ ਨਾਲ ਮਾਸਿਕ ਮਾਣਭੱਤਾ (₹2500) ਵਧਾਓ ਅਤੇ ਦੁੱਗਣਾ ਕਰੋ, ਫੈਸੀਲੀਟੇਟਰਾਂ ਲਈ ਪ੍ਰੋਤਸਾਹਨ ਅਤੇ ਟੂਰ ਭੱਤੇ ਵਿੱਚ ਵਾਧਾ (₹500 ਪ੍ਰਤੀ ਟੂਰ) ਸਾਲਾਨਾ ਵਾਧੇ ਦੇ ਨਾਲ ਅਤੇ ਆਸ਼ਾ ਵਰਕਰਾਂ/ਫੈਸੀਲੀਟੇਟਰਾਂ ਲਈ ਸੇਵਾਮੁਕਤੀ ਤੋਂ ਬਾਅਦ ਪੈਨਸ਼ਨ ਸਕੀਮ ਅਤੇ ₹5 ਲੱਖ ਰਾਹਤ ਫੰਡ ਲਾਗੂ ਕਰਨਾ ਆਦਿ ਸ਼ਾਮਲ ਹਨ। ਯੂਨੀਅਨ ਪ੍ਰਧਾਨ ਬੀਬੀ ਕਿਰਨਦੀਪ ਨੇ ਕਿਹਾ ਕਿ 25 ਮਾਰਚ ਨੂੰ ਪ੍ਰਮੁੱਖ ਸਕੱਤਰ ਨਾਲ ਮੀਟਿੰਗ ਦਾ ਪੱਤਰ ਪ੍ਰਾਪਤ ਹੋਇਆ ਹੈ। ਜੇਕਰ ਇਸ ਮੀਟਿੰਗ ਤੋਂ ਬਾਅਦ ਵੀ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ