ਮੁੱਖ ਮੰਤਰੀ ਨੇ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਮੁਕੱਦਮੇ ਦੀ ਅਸਲ ਆਡੀਓ-ਵੀਡੀਓ ਪੰਜਾਬ ਨੂੰ ਦੇਣ ਦੀ ਕੀਤੀ ਮੰਗ
ਇਹ ਦਸਤਾਵੇਜ਼ ਇਸ ਸਮੇਂ ਸਕਾਟਲੈਂਡ ਵਿੱਚ ਸਬੰਧਤ ਅਧਿਕਾਰੀਆਂ ਕੋਲ ਹਨ ਅਤੇ ਉਸ ਸਮੇਂ ਦੇ ਇਤਿਹਾਸਕ ਕਾਨੂੰਨੀ ਪੁਰਾਲੇਖਾਂ ਨੂੰ ਸੰਭਾਲਣ ਵਾਲੇ ਇੱਕ ਅਜਾਇਬ ਘਰ ਵਿੱਚ ਸੁਰੱਖਿਅਤ ਰੱਖੇ ਹੋਏ ਹਨ।
Publish Date: Mon, 12 Jan 2026 01:36 PM (IST)
Updated Date: Mon, 12 Jan 2026 01:50 PM (IST)
ਇੰਦਰਪ੍ਰੀਤ ਸਿੰਘ, ਜਾਗਰਣ, ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਅਮਰ ਸ਼ਹੀਦ ਭਗਤ ਸਿੰਘ, ਸ਼ਹੀਦ ਸੁਖਦੇਵ ਅਤੇ ਸ਼ਹੀਦ ਸ਼ਿਵਰਾਮ ਹਰੀ ਰਾਜਗੁਰੂ ਦੇ ਮੁਕੱਦਮੇ ਦੀ ਕਾਰਵਾਈ ਨਾਲ ਸਬੰਧਤ ਅਸਲ ਆਡੀਓ-ਵੀਡੀਓ ਰਿਕਾਰਡਿੰਗ ਅਤੇ ਇਤਿਹਾਸਕ ਦਸਤਾਵੇਜ਼ ਪੰਜਾਬ ਨੂੰ ਸੌਂਪਣ ਦੀ ਮੰਗ ਕੀਤੀ ਹੈ। ਇਹ ਦਸਤਾਵੇਜ਼ ਇਸ ਸਮੇਂ ਸਕਾਟਲੈਂਡ ਵਿੱਚ ਸਬੰਧਤ ਅਧਿਕਾਰੀਆਂ ਕੋਲ ਹਨ ਅਤੇ ਉਸ ਸਮੇਂ ਦੇ ਇਤਿਹਾਸਕ ਕਾਨੂੰਨੀ ਪੁਰਾਲੇਖਾਂ ਨੂੰ ਸੰਭਾਲਣ ਵਾਲੇ ਇੱਕ ਅਜਾਇਬ ਘਰ ਵਿੱਚ ਸੁਰੱਖਿਅਤ ਰੱਖੇ ਹੋਏ ਹਨ।
ਮੁੱਖ ਮੰਤਰੀ ਨੇ ਬ੍ਰਿਟਿਸ਼ ਹਾਈ ਕਮਿਸ਼ਨਰ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਇਹ ਰਿਕਾਰਡ ਪੰਜਾਬ ਦੇ ਲੋਕਾਂ ਦੇ ਨਾਲ-ਨਾਲ ਇਤਿਹਾਸ ਅਤੇ ਮਨੁੱਖੀ ਅਧਿਕਾਰਾਂ ਦੇ ਵਿਸ਼ਵ ਭਰ ਦੇ ਵਿਦਵਾਨਾਂ ਲਈ ਬਹੁਤ ਡੂੰਘੀ ਇਤਿਹਾਸਕ ਅਤੇ ਭਾਵਨਾਤਮਕ ਮਹੱਤਤਾ ਰੱਖਦੇ ਹਨ। ਪੰਜਾਬ ਸਰਕਾਰ ਅਕਾਦਮਿਕ ਅਧਿਐਨ, ਡਿਜੀਟਲ ਸੰਭਾਲ ਅਤੇ ਜਨਤਕ ਪ੍ਰਦਰਸ਼ਨੀ ਲਈ ਇਹ ਸਮੱਗਰੀ ਪ੍ਰਾਪਤ ਕਰਨਾ ਚਾਹੁੰਦੀ ਹੈ। ਉਨ੍ਹਾਂ ਅੱਗੇ ਲਿਖਿਆ ਕਿ ਇਸ ਸਮੱਗਰੀ ਨੂੰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਖਟਕੜ ਕਲਾਂ ਵਿਖੇ ਸਥਿਤ "ਸ਼ਹੀਦ ਭਗਤ ਸਿੰਘ ਵਿਰਾਸਤੀ ਕੰਪਲੈਕਸ" ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਸਕਾਟਲੈਂਡ ਦੇ ਸਬੰਧਤ ਅਧਿਕਾਰੀਆਂ ਕੋਲ ਇਹ ਮਾਮਲਾ ਉਠਾਇਆ ਜਾਵੇ ਅਤੇ ਉਕਤ ਸਮੱਗਰੀ ਮੁਹੱਈਆ ਕਰਵਾਉਣ ਜਾਂ ਪ੍ਰਦਰਸ਼ਨੀ ਲਈ ਕਾਪੀਆਂ ਪ੍ਰਾਪਤ ਕਰਨ ਦੀ ਰਸਮੀ ਪ੍ਰਕਿਰਿਆ ਬਾਰੇ ਮਾਰਗਦਰਸ਼ਨ ਦਿੱਤਾ ਜਾਵੇ, ਤਾਂ ਉਹ ਰਿਣੀ ਰਹਿਣਗੇ। ਉਨ੍ਹਾਂ ਨੇ ਸੈਰ-ਸਪਾਟਾ ਵਿਭਾਗ ਦੇ ਸਕੱਤਰ ਅਭਿਨਵ ਤ੍ਰਿਖਾ ਦੀ ਡਿਊਟੀ ਅਗਲੇਰੀ ਤਾਲਮੇਲ ਲਈ ਲਗਾ ਦਿੱਤੀ ਹੈ। ਮੁੱਖ ਮੰਤਰੀ ਅਨੁਸਾਰ, ਇਹ ਯਤਨ ਸਾਂਝੇ ਇਤਿਹਾਸ ਅਤੇ ਨਿਆਂ, ਕੁਰਬਾਨੀ ਤੇ ਮਨੁੱਖੀ ਸਨਮਾਨ ਦੇ ਸਰਵਵਿਆਪੀ ਆਦਰਸ਼ਾਂ ਦਾ ਸਨਮਾਨ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਸਾਬਤ ਹੋਵੇਗਾ।
ਜ਼ਿਕਰਯੋਗ ਹੈ ਬ੍ਰਿਟਿਸ਼ ਸ਼ਾਸਨ ਦੌਰਾਨ ਅਸੈਂਬਲੀ ਵਿੱਚ ਬੰਬ ਸੁੱਟਣ ਆਦਿ ਦੇ ਕੇਸ ਵਿੱਚ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ 'ਤੇ ਮੁਕੱਦਮਾ ਚਲਾਇਆ ਗਿਆ ਸੀ। ਪੰਜਾਬ ਸਰਕਾਰ ਨੂੰ ਜਾਣਕਾਰੀ ਮਿਲੀ ਹੈ ਕਿ ਉਸ ਸਮੇਂ ਦੀ ਕਾਰਵਾਈ ਦੀ ਵੀਡੀਓ ਅਤੇ ਆਡੀਓ ਰਿਕਾਰਡਿੰਗ ਮੌਜੂਦ ਹੈ। ਇਸੇ ਕੀਮਤੀ ਸਰਮਾਏ ਨੂੰ ਹਾਸਲ ਕਰਨ ਲਈ ਮੁੱਖ ਮੰਤਰੀ ਨੇ ਬ੍ਰਿਟਿਸ਼ ਸਰਕਾਰ ਕੋਲ ਇਹ ਮੰਗ ਰੱਖੀ ਹੈ।