ਇਤਿਹਾਸਕ ਫੈਸਲਾ: ਬੰਕਰ 'ਚ ਸੁੱਤੇ ਸੈਨਿਕ ਦੀ ਮੌਤ ਵੀ ਮੰਨੀ ਜਾਵੇਗੀ 'ਆਨ ਡਿਊਟੀ', ਹਾਈਕੋਰਟ ਨੇ ਸੁਣਾਇਆ ਅਹਿਮ ਫੈਸਲਾ
ਜਸਟਿਸ ਹਰਸਿਮਰਨ ਸਿੰਘ ਸੇਠੀ ਅਤੇ ਜਸਟਿਸ ਵਿਕਾਸ ਸੂਰੀ ਦੀ ਬੈਂਚ ਨੇ ਕੇਂਦਰ ਸਰਕਾਰ ਦੀ ਅਪੀਲ ਨੂੰ ਰੱਦ ਕਰਦਿਆਂ ਆਰਮਡ ਫੋਰਸਿਜ਼ ਟ੍ਰਿਬਿਊਨਲ (AFT) ਚੰਡੀਗੜ੍ਹ ਦੇ 16 ਮਾਰਚ 2023 ਦੇ ਹੁਕਮਾਂ ਨੂੰ ਬਰਕਰਾਰ ਰੱਖਿਆ ਹੈ।
Publish Date: Wed, 11 Feb 2026 10:54 AM (IST)
Updated Date: Wed, 11 Feb 2026 10:55 AM (IST)
ਸਟੇਟ ਬਿਊਰੋ, ਚੰਡੀਗੜ੍ਹ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇੱਕ ਅਹਿਮ ਫੈਸਲਾ ਸੁਣਾਉਂਦਿਆਂ ਸਪੱਸ਼ਟ ਕੀਤਾ ਹੈ ਕਿ ਅੰਤਰਰਾਸ਼ਟਰੀ ਸਰਹੱਦ 'ਤੇ ਤਾਇਨਾਤੀ ਦੌਰਾਨ ਬੰਕਰ ਵਿੱਚ ਸੌਂਦੇ ਸਮੇਂ ਹੋਈ ਸੈਨਿਕ ਦੀ ਮੌਤ ਨੂੰ ਵੀ "ਡਿਊਟੀ ਦੌਰਾਨ ਹੋਈ ਮੌਤ" ਹੀ ਮੰਨਿਆ ਜਾਵੇਗਾ।
ਅਦਾਲਤ ਨੇ ਕਿਹਾ ਕਿ ਜੇਕਰ ਕੋਈ ਸੈਨਿਕ ਨੋਟੀਫਾਈਡ ਆਪਰੇਸ਼ਨਲ ਖੇਤਰ (Operational Area) ਵਿੱਚ ਤਾਇਨਾਤ ਹੈ ਅਤੇ ਉਸ ਦੀ ਮੌਤ ਫੌਜੀ ਸੇਵਾ ਨਾਲ ਜੁੜੀਆਂ ਪਰਿਸਥਿਤੀਆਂ ਵਿੱਚ ਹੁੰਦੀ ਹੈ, ਤਾਂ ਉਸ ਦੇ ਪਰਿਵਾਰਕ ਮੈਂਬਰ ਉੱਚ ਸ਼੍ਰੇਣੀ ਦੀ 'ਲਿਬਰਲਾਈਜ਼ਡ ਫੈਮਿਲੀ ਪੈਨਸ਼ਨ' (Liberalized Family Pension) ਦੇ ਪੂਰੇ ਹੱਕਦਾਰ ਹੋਣਗੇ।
ਜਸਟਿਸ ਹਰਸਿਮਰਨ ਸਿੰਘ ਸੇਠੀ ਅਤੇ ਜਸਟਿਸ ਵਿਕਾਸ ਸੂਰੀ ਦੀ ਬੈਂਚ ਨੇ ਕੇਂਦਰ ਸਰਕਾਰ ਦੀ ਅਪੀਲ ਨੂੰ ਰੱਦ ਕਰਦਿਆਂ ਆਰਮਡ ਫੋਰਸਿਜ਼ ਟ੍ਰਿਬਿਊਨਲ (AFT) ਚੰਡੀਗੜ੍ਹ ਦੇ 16 ਮਾਰਚ 2023 ਦੇ ਹੁਕਮਾਂ ਨੂੰ ਬਰਕਰਾਰ ਰੱਖਿਆ ਹੈ।
ਏ.ਐਫ.ਟੀ. (AFT) ਨੇ ਸਵਰਗੀ ਫੌਜੀ ਅਧਿਕਾਰੀ ਮੇਜਰ ਸੁਸ਼ੀਲ ਕੁਮਾਰ ਸੈਣੀ ਦੀ ਪਤਨੀ ਅਨੁਰਾਧਾ ਨੂੰ 'ਲਿਬਰਲਾਈਜ਼ਡ ਫੈਮਿਲੀ ਪੈਨਸ਼ਨ' ਦੇਣ ਦਾ ਹੁਕਮ ਦਿੱਤਾ ਸੀ। ਕੇਂਦਰ ਸਰਕਾਰ ਨੇ ਇਸ ਦੇ ਖਿਲਾਫ ਇਹ ਦਲੀਲ ਦਿੱਤੀ ਸੀ ਕਿ ਅਧਿਕਾਰੀ ਦੀ ਮੌਤ ਨੀਂਦ ਦੌਰਾਨ ਹੋਈ ਸੀ। ਇਸ ਲਈ ਇਸ ਨੂੰ ਆਪਰੇਸ਼ਨਲ ਗਤੀਵਿਧੀ (Operational Activity) ਦੌਰਾਨ ਹੋਈ ਮੌਤ ਨਹੀਂ ਮੰਨਿਆ ਜਾ ਸਕਦਾ।