ਚੰਡੀਗੜ੍ਹ 'ਚ ਬਜ਼ੁਰਗ ਨੇ ਗੁਆਂਢਣ ਨੂੰ ਮਾਰੀ ਅੱਖ, ਮਾਮਲਾ ਪਹੁੰਚਿਆ ਕੋਰਟ; 10 ਹਜ਼ਾਰ ਹਰਜਾਨਾ ਲੱਗਿਆ, ਮਸਾਂ ਜੇਲ੍ਹ ਜਾਣ ਤੋਂ ਬਚਿਆ
ਪੀੜਤ ਮਹਿਲਾ ਨੇ ਦੱਸਿਆ ਕਿ 28 ਅਗਸਤ 2021 ਦੀ ਸਵੇਰ ਜਦੋਂ ਉਹ ਘਰ ਦੇ ਬਾਹਰ ਝਾੜੂ ਲਗਾ ਰਹੀ ਸੀ, ਉਦੋਂ ਬਜ਼ੁਰਗ ਉੱਥੇ ਆਇਆ ਅਤੇ ਉਸ ਨਾਲ ਛੇੜਛਾੜ ਕਰਨ ਲੱਗਾ। ਬਜ਼ੁਰਗ ਨੇ ਔਰਤ ਨੂੰ ਅੱਖ ਮਾਰੀ, ਗਲਤ ਇਸ਼ਾਰੇ ਕੀਤੇ ਅਤੇ ਭੱਦੀਆਂ ਟਿੱਪਣੀਆਂ ਕੀਤੀਆਂ।
Publish Date: Tue, 03 Feb 2026 09:11 AM (IST)
Updated Date: Tue, 03 Feb 2026 09:15 AM (IST)
ਰਵੀ ਅਟਵਾਲ, ਚੰਡੀਗੜ੍ਹ : ਗੁਆਂਢ 'ਚ ਰਹਿੰਦੀ ਇਕ ਔਰਤ ਨੂੰ ਅੱਖ ਮਾਰਨਾ ਤੇ ਗਲਤ ਇਸ਼ਾਰੇ ਕਰਨਾ 62 ਸਾਲਾ ਬਜ਼ੁਰਗ ਨੂੰ ਕਾਫ਼ੀ ਭਾਰੀ ਪੈ ਗਿਆ ਹੈ। ਜ਼ਿਲ੍ਹਾ ਅਦਾਲਤ ਨੇ ਔਰਤ ਨਾਲ ਛੇੜਛਾੜ ਦੇ ਮਾਮਲੇ 'ਚ ਰਾਮਦਰਬਾਰ ਦੇ ਰਹਿਣ ਵਾਲੇ ਬਜ਼ੁਰਗ ਨੂੰ ਦੋਸ਼ੀ ਕਰਾਰ ਦਿੱਤਾ ਤੇ 10 ਹਜ਼ਾਰ ਰੁਪਏ ਹਰਜਾਨਾ ਲਗਾਇਆ। ਹਰਜਾਨੇ ਦੀ ਇਹ ਰਾਸ਼ੀ ਪੀੜਤ ਔਰਤ ਨੂੰ ਦਿੱਤੀ ਜਾਵੇਗੀ।
ਹਾਲਾਂਕਿ, ਅਦਾਲਤ ਨੇ ਉਸ ਨੂੰ ਜੇਲ੍ਹ ਦੀ ਸਜ਼ਾ ਨਹੀਂ ਸੁਣਾਈ ਅਤੇ ਉਸ ਨੂੰ ਪ੍ਰੋਬੇਸ਼ਨ (ਪਰਖ) ਯਾਨੀ ਚੰਗੇ ਚਰਿੱਤਰ ਦੀ ਸ਼ਰਤ 'ਤੇ ਛੱਡ ਦਿੱਤਾ। ਅਦਾਲਤ ਨੇ ਸਪੱਸ਼ਟ ਕੀਤਾ ਕਿ ਉਸ ਨੂੰ ਅਗਲੇ ਛੇ ਮਹੀਨਿਆਂ ਤੱਕ ਆਪਣੇ ਵਿਵਹਾਰ 'ਚ ਸੁਧਾਰ ਲਿਆਉਣਾ ਹੋਵੇਗਾ। ਪੁਲਿਸ ਉਸ 'ਤੇ ਨਜ਼ਰ ਰੱਖੇਗੀ ਅਤੇ ਜੇਕਰ ਇਸ ਦੌਰਾਨ ਉਸ ਵਿਰੁੱਧ ਦੁਬਾਰਾ ਅਜਿਹੀ ਕੋਈ ਸ਼ਿਕਾਇਤ ਆਈ ਤਾਂ ਸਖ਼ਤ ਕਾਰਵਾਈ ਹੋ ਸਕਦੀ ਹੈ।
ਸੈਕਟਰ-31 ਥਾਣਾ ਪੁਲਿਸ ਨੇ ਦੋਸ਼ੀ ਬਜ਼ੁਰਗ ਖ਼ਿਲਾਫ਼ 1 ਸਤੰਬਰ 2021 ਨੂੰ ਆਈਪੀਸੀ ਦੀ ਧਾਰਾ 354ਏ (ਛੇੜਛਾੜ) ਅਤੇ 509 (ਮਹਿਲਾ ਦਾ ਅਪਮਾਨ ਕਰਨਾ) ਤਹਿਤ ਐਫਆਈਆਰ ਦਰਜ ਕੀਤੀ ਸੀ। ਪੀੜਤ ਮਹਿਲਾ ਨੇ ਦੱਸਿਆ ਕਿ 28 ਅਗਸਤ 2021 ਦੀ ਸਵੇਰ ਜਦੋਂ ਉਹ ਘਰ ਦੇ ਬਾਹਰ ਝਾੜੂ ਲਗਾ ਰਹੀ ਸੀ, ਉਦੋਂ ਬਜ਼ੁਰਗ ਉੱਥੇ ਆਇਆ ਅਤੇ ਉਸ ਨਾਲ ਛੇੜਛਾੜ ਕਰਨ ਲੱਗਾ। ਬਜ਼ੁਰਗ ਨੇ ਔਰਤ ਨੂੰ ਅੱਖ ਮਾਰੀ, ਗਲਤ ਇਸ਼ਾਰੇ ਕੀਤੇ ਅਤੇ ਭੱਦੀਆਂ ਟਿੱਪਣੀਆਂ ਕੀਤੀਆਂ। ਔਰਤ ਅਨੁਸਾਰ ਦੋਸ਼ੀ ਉਸ ਵੇਲੇ ਸ਼ਰਾਬ ਦੇ ਨਸ਼ੇ ਵਿੱਚ ਸੀ। ਔਰਤ ਨੇ ਦੱਸਿਆ ਕਿ ਉਹ ਪਹਿਲਾਂ ਵੀ ਕਈ ਵਾਰ ਅਜਿਹੀਆਂ ਹਰਕਤਾਂ ਕਰ ਚੁੱਕਾ ਸੀ, ਪਰ ਸ਼ਰਮ ਕਾਰਨ ਉਸ ਨੇ ਕਿਸੇ ਨੂੰ ਦੱਸਿਆ ਨਹੀਂ ਸੀ। ਪਰ ਜਦੋਂ ਹੱਦ ਪਾਰ ਹੋ ਗਈ ਤਾਂ ਉਸ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ।
ਉਲਟਾ ਬਜ਼ੁਰਗ ਦਾ ਪਰਿਵਾਰ ਪਹੁੰਚਿਆ ਝਗੜਾ ਕਰਨ
ਔਰਤ ਨੇ ਦੱਸਿਆ ਕਿ ਜਦੋਂ ਇਸ ਗੱਲ ਦਾ ਪਤਾ ਬਜ਼ੁਰਗ ਦੇ ਪਰਿਵਾਰ ਨੂੰ ਲੱਗਾ ਤਾਂ ਉਨ੍ਹਾਂ ਪਛਤਾਵਾ ਕਰਨ ਦੀ ਬਜਾਏ ਉਲਟਾ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਬਜ਼ੁਰਗ ਦੇ ਲੜਕੇ ਸ਼ਰਾਬ ਦੇ ਨਸ਼ੇ ਵਿੱਚ ਪੀੜਤ ਔਰਤ ਦੇ ਘਰ ਲੜਾਈ ਕਰਨ ਪਹੁੰਚ ਗਏ।
ਦੂਜੇ ਪਾਸੇ, ਦੋਸ਼ੀ ਦੇ ਵਕੀਲ ਨੇ ਅਦਾਲਤ 'ਚ ਦਲੀਲ ਦਿੱਤੀ ਕਿ ਬਜ਼ੁਰਗ ਨੂੰ ਝੂਠੀ ਸ਼ਿਕਾਇਤ ਦੇ ਕੇ ਫਸਾਇਆ ਗਿਆ ਹੈ, ਪਰ ਅਦਾਲਤ ਨੇ ਉਨ੍ਹਾਂ ਦੀਆਂ ਦਲੀਲਾਂ ਨੂੰ ਰੱਦ ਕਰ ਦਿੱਤਾ ਅਤੇ ਬਜ਼ੁਰਗ ਨੂੰ ਦੋਸ਼ੀ ਕਰਾਰ ਦਿੱਤਾ।