ਮੁਲਜ਼ਮਾਂ ਦੀ ਪਛਾਣ ਐੱਸਬੀਐੱਸ ਨਗਰ ਦੇ ਪਿੰਡ ਮਾਜਰੀ ਦੇ ਬਲਵਿੰਦਰ ਲਾਲ ਸ਼ਮੀ, ਪਿੰਡ ਭਾਰਾਪੁਰ ਦੇ ਜਸਵੀਰ ਸਿੰਘ ਜੱਸੀ, ਪਿੰਡ ਸੁਜਾਵਲਪੁਰ ਦੇ ਚਰਨਜੀਤ ਸਿੰਘ ਚੰਨੀ, ਸ਼ਿਮਲਾ ਦੇ ਪਿੰਡ ਠਾਣਾ ਦੇ ਰੂਬਲ ਚੌਹਾਨ ਤੇ ਧੂਰੀ ਦੇ ਮਨਦੀਪ ਉਰਫ਼ ਅਭਿਜੋਤ ਸ਼ਰਮਾ ਵਜੋਂ ਹੋਈ ਹੈ।

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਅਤੇ ਚੰਡੀਗੜ੍ਹ ਪੁਲਿਸ ਨੇ ਸਾਂਝੇ ਅਪ੍ਰੇਸ਼ਨ ਦੌਰਾਨ ਚੰਡੀਗੜ੍ਹ ਦੇ ਸੈਕਟਰ-37 ਸਥਿਤ ਭਾਜਪਾ ਦਫ਼ਤਰ ਦੇ ਬਾਹਰ ਕੀਤੇ ਗਏ ਗ੍ਰਨੇਡ ਹਮਲੇ ਦੇ ਮਾਮਲੇ ਨੂੰ ਸੁਲਝਾ ਲਿਆ ਹੈ। ਇਸ ਘਟਨਾ ਵਿਚ ਸ਼ਾਮਲ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇਕ ਹੈਂਡ ਗ੍ਰਨੇਡ ਅਤੇ ਇਕ ਪੁਆਇੰਟ 30 ਬੋਰ ਪਿਸਤੌਲ ਸਮੇਤ ਗੋਲਾ ਬਾਰੂਦ ਬਰਾਮਦ ਕੀਤੇ ਹਨ।
ਮੁਲਜ਼ਮਾਂ ਦੀ ਪਛਾਣ ਐੱਸਬੀਐੱਸ ਨਗਰ ਦੇ ਪਿੰਡ ਮਾਜਰੀ ਦੇ ਬਲਵਿੰਦਰ ਲਾਲ ਸ਼ਮੀ, ਪਿੰਡ ਭਾਰਾਪੁਰ ਦੇ ਜਸਵੀਰ ਸਿੰਘ ਜੱਸੀ, ਪਿੰਡ ਸੁਜਾਵਲਪੁਰ ਦੇ ਚਰਨਜੀਤ ਸਿੰਘ ਚੰਨੀ, ਸ਼ਿਮਲਾ ਦੇ ਪਿੰਡ ਠਾਣਾ ਦੇ ਰੂਬਲ ਚੌਹਾਨ ਤੇ ਧੂਰੀ ਦੇ ਮਨਦੀਪ ਉਰਫ਼ ਅਭਿਜੋਤ ਸ਼ਰਮਾ ਵਜੋਂ ਹੋਈ ਹੈ। ਮੁਲਜ਼ਮਾਂ ਖ਼ਿਲਾਫ਼ ਮੋਹਾਲੀ ਸਥਿਤ ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਅਪ੍ਰੇਸ਼ਨ ਸੈੱਲ ਥਾਣੇ ਵਿਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਮਾਡਿਊਲ ਨੂੰ ਪਾਕਿਸਤਾਨ ਦੀ ਆਈਐੱਸਆਈ ਦਾ ਸਮਰਥਨ ਪ੍ਰਾਪਤ ਸੀ ਅਤੇ ਇਹ ਪੁਰਤਗਾਲ ਤੇ ਜਰਮਨੀ ਸਥਿਤ ਵਿਦੇਸ਼ੀ ਹੈਂਡਲਰਾਂ ਦੀਆਂ ਹਦਾਇਤਾਂ ਤਹਿਤ ਕੰਮ ਕਰਦਾ ਸੀ। ਮੁਲਜ਼ਮ ਢਾਂਚਾਗਤ ਨੈੱਟਵਰਕ ਦਾ ਹਿੱਸਾ ਸਨ, ਜਿਸ ਵਿਚ ਹਮਲੇ ਨੂੰ ਅੰਜਾਮ ਦੇਣ ਲਈ ਕਈ ਕੱਟਆਊਟ ਅਤੇ ਸਬ-ਮਾਡਿਊਲ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਹਮਲੇ ਵਿਚ ਸ਼ਾਮਲ ਦੋ ਮੁੱਖ ਮੁਲਜ਼ਮਾਂ ਦੀ ਵੀ ਪਛਾਣ ਕੀਤੀ ਗਈ ਹੈ। ਇਸ ਮਾਮਲੇ ਵਿਚ ਪੁਲਿਸ ਦਾ ਕਹਿਣਾ ਹੈ ਕਿ ਬਾਕੀ ਫ਼ਰਾਰ ਮੁਲਜ਼ਮਾਂ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਸਟੇਟ ਸਪੈਸ਼ਲ ਅਪ੍ਰੇਸ਼ਨ ਸੈੱਲ (ਐੱਸਐੱਸਓਸੀ) ਮੁਹਾਲੀ ਦੇ ਏਆਈਜੀ ਦੀਪਕ ਪਾਰੀਕ ਨੇ ਕਿਹਾ ਕਿ ਜਾਂਚ ਵਿਚ ਹੋਰ ਖ਼ੁਲਾਸਾ ਹੋਇਆ ਹੈ ਕਿ ਗ੍ਰਿਫ਼ਤਾਰ ਮੁਲਜ਼ਮਾਂ ਨੇ ਹੈਂਡ ਗ੍ਰਨੇਡ, ਹਥਿਆਰ ਅਤੇ ਜ਼ਿੰਦਾ ਕਾਰਤੂਸਾਂ ਵਾਲੀ ਖੇਪ ਭੇਜੀ ਸੀ। ਉਨ੍ਹਾਂ ਕਿਹਾ ਕਿ ਖੇਪ ਨੂੰ ਮੁਲਜ਼ਮਾਂ ਨੂੰ ਸੌਂਪਣ ਤੋਂ ਪਹਿਲਾਂ ਕਈ ਆਪਰੇਟਿਵਾਂ ਰਾਹੀਂ ਵੰਡਿਆ ਗਿਆ ਸੀ। ਏਆਈਜੀ ਨੇ ਕਿਹਾ ਕਿ ਪੁਰਤਗਾਲ ਸਥਿਤ ਹੈਂਡਲਰ ਦੇ ਨਿਰਦੇਸ਼ਾਂ 'ਤੇ ਕਾਰਵਾਈ ਕਰਦੇ ਹੋਏ ਮੁਲਜ਼ਮਾਂ ਨੇ ਹਮਲੇ ਦੀ ਡਿਲੀਵਰੀ ਤੇ ਅੰਜਾਮ ਦਾ ਤਾਲਮੇਲ ਕੀਤਾ ਸੀ। ਉਨ੍ਹਾਂ ਕਿਹਾ ਕਿ ਹਮਲੇ ਵਿਚ ਸ਼ਾਮਲ ਬਾਕੀ ਫ਼ਰਾਰ ਮੁਲਜ਼ਮਾਂ ਨੂੰ ਫੜਨ ਲਈ ਪੁਲਿਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।