ਮੁਅੱਤਲ DIG ਭੁੱਲਰ ਵਿਰੁੱਧ ਕੇਸ ਚਲਾਉਣ ਲਈ CBI ਅਦਾਲਤ ਨੇ ਲਿਆ ਨੋਟਿਸ; 16 ਮਾਰਚ ਨੂੰ ਅਗਲੀ ਸੁਣਵਾਈ
ਪਿਛਲੇ ਮਹੀਨੇ ਹੀ ਸੀਬੀਆਈ ਨੂੰ ਭੁੱਲਰ ’ਤੇ ਕੇਸ ਚਲਾਉਣ ਲਈ ਗ੍ਰਹਿ ਮੰਤਰਾਲੇ ਤੋਂ ਮਨਜ਼ੂਰੀ ਮਿਲੀ ਸੀ। ਭੁੱਲਰ ਆਈਪੀਐੱਸ ਅਧਿਕਾਰੀ ਹਨ, ਇਸ ਲਈ ਉਨ੍ਹਾਂ ਦੇ ਖ਼ਿਲਾਫ਼ ਕੇਸ ਚਲਾਉਣ ਲਈ ਸੀਬੀਆਈ ਨੂੰ ਕੇਂਦਰ ਸਰਕਾਰ ਤੋਂ ਮਨਜ਼ੂਰੀ ਦੀ ਲੋੜ ਸੀ। ਹੁਣ ਭੁੱਲਰ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਮਾਮਲੇ ਵਿੱਚ ਅਗਲੀ ਸੁਣਵਾਈ 16 ਮਾਰਚ ਨੂੰ ਹੋਵੇਗੀ।
Publish Date: Sat, 14 Mar 2026 09:03 AM (IST)
Updated Date: Sat, 14 Mar 2026 09:05 AM (IST)
ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਰਿਸ਼ਵਤ ਕਾਂਡ ਵਿਚ ਫੜੇ ਗਏ ਪੰਜਾਬ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਉਨ੍ਹਾਂ ਅਤੇ ਵਿਚੋਲੇ ਕ੍ਰਿਸ਼ਨੁ ਸ਼ਾਰਦਾ ’ਤੇ ਭ੍ਰਿਸ਼ਟਾਚਾਰ ਦਾ ਕੇਸ ਚਲਾਉਣ ਲਈ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਨੋਟਿਸ ਲੈ ਲਿਆ ਹੈ। ਉਨ੍ਹਾਂ ’ਤੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 61(2) ਅਤੇ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਦੀ ਧਾਰਾ 7 ਅਤੇ 12 ਤਹਿਤ ਕੇਸ ਚੱਲੇਗਾ। ਅਦਾਲਤ ਨੇ ਕਿਹਾ ਕਿ ਪਹਿਲੀ ਨਜ਼ਰ ਵਿਚ ਭੁੱਲਰ ਤੇ ਕ੍ਰਿਸ਼ਨੁ ਦੇ ਖ਼ਿਲਾਫ਼ ਕੇਸ ਚਲਾਉਣ ਲਈ ਨੋਟਿਸ ਲਿਆ ਜਾ ਸਕਦਾ ਹੈ।
ਪਿਛਲੇ ਮਹੀਨੇ ਹੀ ਸੀਬੀਆਈ ਨੂੰ ਭੁੱਲਰ ’ਤੇ ਕੇਸ ਚਲਾਉਣ ਲਈ ਗ੍ਰਹਿ ਮੰਤਰਾਲੇ ਤੋਂ ਮਨਜ਼ੂਰੀ ਮਿਲੀ ਸੀ। ਭੁੱਲਰ ਆਈਪੀਐੱਸ ਅਧਿਕਾਰੀ ਹਨ, ਇਸ ਲਈ ਉਨ੍ਹਾਂ ਦੇ ਖ਼ਿਲਾਫ਼ ਕੇਸ ਚਲਾਉਣ ਲਈ ਸੀਬੀਆਈ ਨੂੰ ਕੇਂਦਰ ਸਰਕਾਰ ਤੋਂ ਮਨਜ਼ੂਰੀ ਦੀ ਲੋੜ ਸੀ। ਹੁਣ ਭੁੱਲਰ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਮਾਮਲੇ ਵਿੱਚ ਅਗਲੀ ਸੁਣਵਾਈ 16 ਮਾਰਚ ਨੂੰ ਹੋਵੇਗੀ।
ਭੁੱਲਰ ਤੇ ਵਿਚੋਲੇ ਕ੍ਰਿਸ਼ਨੁ ਨੂੰ ਸੀਬੀਆਈ ਨੇ 16 ਅਕਤੂਬਰ 2025 ਨੂੰ ਗ੍ਰਿਫ਼ਤਾਰ ਕੀਤਾ ਸੀ। ਕ੍ਰਿਸ਼ਨੁ ਭੁੱਲਰ ਦਾ ਕਾਫ਼ੀ ਕਰੀਬੀ ਸੀ ਅਤੇ ਉਹ ਨੈਸ਼ਨਲ ਹਾਕੀ ਖਿਡਾਰੀ ਵੀ ਰਹਿ ਚੁੱਕਾ ਹੈ। ਗ੍ਰਿਫ਼ਤਾਰੀ ਤੋਂ ਬਾਅਦ ਦੋਵੇਂ ਜੇਲ੍ਹ ਵਿੱਚ ਹੀ ਹਨ। ਭੁੱਲਰ ਤੇ ਕ੍ਰਿਸ਼ਨੁ ਉੱਤੇ ਮੰਡੀ ਗੋਬਿੰਦਗੜ੍ਹ ਦੇ ਵਪਾਰੀ ਤੋਂ 8 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹਨ। ਸ਼ਿਕਾਇਤਕਰਤਾ ਆਕਾਸ਼ ਬੱਤਾ ਨੇ ਸੀਬੀਆਈ ਨੂੰ ਦੱਸਿਆ ਸੀ ਕਿ ਉਨ੍ਹਾਂ ਨੂੰ ਅਪਰਾਧਕ ਮਾਮਲੇ ਵਿਚ ਗ੍ਰਿਫ਼ਤਾਰ ਕਰਨ ਦਾ ਡਰ ਦਿਖਾ ਕੇ ਰਿਸ਼ਵਤ ਤੇ ਮਹੀਨਾਵਾਰ ਰਕਮ ਮੰਗੀ ਜਾ ਰਹੀ ਸੀ। ਇਸ ਤੋਂ ਤੰਗ ਆ ਕੇ ਉਨ੍ਹਾਂ ਨੇ ਸੀਬੀਆਈ ਨੂੰ ਸ਼ਿਕਾਇਤ ਦਿੱਤੀ ਸੀ।
ਗ੍ਰਿਫ਼ਤਾਰੀ ਤੋਂ ਬਾਅਦ ਸੀਬੀਆਈ ਨੇ ਭੁੱਲਰ ਦੇ ਸੈਕਟਰ-40 ਸਥਿਤ ਘਰ ’ਤੇ ਛਾਪਾ ਮਾਰਿਆ ਸੀ। ਉੱਥੋਂ ਸੀਬੀਆਈ ਨੂੰ ਸਾਢੇ 7 ਕਰੋੜ ਰੁਪਏ ਨਕਦ ਤੇ ਢਾਈ ਕਿੱਲੋ ਸੋਨਾ ਬਰਾਮਦ ਹੋਇਆ ਸੀ। ਉਨ੍ਹਾਂ ਦੇ ਘਰ ਤੋਂ ਮਹਿੰਗੀਆਂ ਘੜੀਆਂ, ਸ਼ਰਾਬ ਤੇ ਜਾਇਦਾਦ ਦੇ ਦਸਤਾਵੇਜ਼ ਵੀ ਬਰਾਮਦ ਹੋਏ ਸਨ। ਸੀਬੀਆਈ ਨੇ ਉਨ੍ਹਾਂ ਦੇ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਵੀ ਦਰਜ ਕਰ ਲਿਆ ਸੀ।