- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਲਕੀਤ ਸਿੰਘ ਨੇ ਦੱਸਿਆ ਕਿ ਉਹ ਮੁਕੇਰੀਆਂ 'ਚ 'ਜ਼ੈਲਦਾਰ ਇਨੋਵੇਸ਼ਨ' ਦੇ ਨਾਂ ਨਾਲ ਇੰਡਸਟਰੀ ਚਲਾ ਰਹੇ ਹਨ। ਉਨ੍ਹਾਂ ਦੀ ਇੰਡਸਟਰੀ 'ਚ ਲਗਪਗ ਡੇਢ ਸੌ ਲੋਕ ਕੰਮ ਕਰ ਰਹੇ ਹਨ। ਉਨ੍ਹਾਂ ਦਾ ਮੁੱਖ ਕੰਮ ਟਰੈਕਟਰ ਟ੍ਰਾਲੀ ਵਿੱਚ ਮੋਟਰ ਲਗਾਉਣ ਦਾ ਹੈ ਤਾਂ ਜੋ ਟ੍ਰਾਲੀ ਵੀ ਟਰੈਕਟਰ ਨੂੰ ਊਰਜਾ ਪ੍ਰਦਾਨ ਕਰ ਸਕੇ।

ਕੈਲਾਸ਼ ਨਾਥ, ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ 'ਤੇ ਪਾਵਰ ਟਰੈਕਟਰ ਟ੍ਰਾਲੀ ਬਣਾਉਣ ਵਾਲੇ ਮੁਕੇਰੀਆਂ ਦੇ ਮਲਕੀਤ ਸਿੰਘ ਨੇ ਇੰਡਸਟਰੀ 'ਚ ਹਿੱਸੇਦਾਰੀ ਪਾਉਣ ਅਤੇ ਟ੍ਰਾਲੀ ਦੇ ਪੈਸੇ ਮੰਗਣ 'ਤੇ ਮਾਨਸਿਕ ਤੌਰ 'ਤੇ ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ। ਪੰਜਾਬ ਭਾਜਪਾ ਦਫ਼ਤਰ 'ਚ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦੇ ਨਾਲ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਲਕੀਤ ਨੇ ਕਿਹਾ, "ਮੈਂ ਕਈ ਦਿਨਾਂ ਤੋਂ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਭੇਜ ਰਿਹਾ ਕਿਉਂਕਿ ਗੈਂਗਸਟਰਾਂ ਵੱਲੋਂ ਧਮਕੀਆਂ ਮਿਲ ਰਹੀਆਂ ਹਨ। ਮੇਰੇ ਭਰਾ 'ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਅਪਰਾਧੀਆਂ ਕੋਲੋਂ ਗੋਲੀ ਨਹੀਂ ਚੱਲੀ।" ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੇ ਡੀਐਮ ਗਗਨਦੀਪ ਸਿੰਘ ਰੰਧਾਵਾ ਵਾਂਗ ਇਕ ਵਾਰ ਮੇਰਾ ਵੀ ਮਨ (ਆਤਮ ਹੱਤਿਆ ਦਾ) ਕਰ ਰਿਹਾ ਸੀ ਪਰ ਮੈਂ ਹੁਣ ਇਸ ਲੜਾਈ ਨੂੰ ਲੜਨ ਦਾ ਫੈਸਲਾ ਕੀਤਾ ਹੈ।
ਦੱਸ ਦੇਈਏ ਕਿ ਡੀਐਮ ਗਗਨਦੀਪ ਸਿੰਘ ਰੰਧਾਵਾ ਉੱਪਰ ਅੱਤਿਆਚਾਰ ਮਾਮਲੇ 'ਚ ਸਾਬਕਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਉਨ੍ਹਾਂ ਦੇ ਪਿਤਾ ਨਾਮਜ਼ਦ ਹਨ। ਭੁੱਲਰ ਇਸ ਸਮੇਂ ਪੁਲਿਸ ਦੀ ਹਿਰਾਸਤ ਵਿੱਚ ਹਨ।
ਮਲਕੀਤ ਸਿੰਘ ਨੇ ਦੱਸਿਆ ਕਿ ਉਹ ਮੁਕੇਰੀਆਂ 'ਚ 'ਜ਼ੈਲਦਾਰ ਇਨੋਵੇਸ਼ਨ' ਦੇ ਨਾਂ ਨਾਲ ਇੰਡਸਟਰੀ ਚਲਾ ਰਹੇ ਹਨ। ਉਨ੍ਹਾਂ ਦੀ ਇੰਡਸਟਰੀ 'ਚ ਲਗਪਗ ਡੇਢ ਸੌ ਲੋਕ ਕੰਮ ਕਰ ਰਹੇ ਹਨ। ਉਨ੍ਹਾਂ ਦਾ ਮੁੱਖ ਕੰਮ ਟਰੈਕਟਰ ਟ੍ਰਾਲੀ ਵਿੱਚ ਮੋਟਰ ਲਗਾਉਣ ਦਾ ਹੈ ਤਾਂ ਜੋ ਟ੍ਰਾਲੀ ਵੀ ਟਰੈਕਟਰ ਨੂੰ ਊਰਜਾ ਪ੍ਰਦਾਨ ਕਰ ਸਕੇ। ਉਨ੍ਹਾਂ ਕਿਹਾ ਕਿ ਪੂਰੇ ਏਸ਼ੀਆ ਤੋਂ ਉਨ੍ਹਾਂ ਕੋਲ ਲੋਕ ਟ੍ਰਾਲੀ ਤਿਆਰ ਕਰਵਾਉਣ ਲਈ ਆ ਰਹੇ ਹਨ ਅਤੇ ਉਨ੍ਹਾਂ ਦੀ ਵੇਟਿੰਗ ਲਗਪਗ 2 ਸਾਲ ਤੱਕ ਚੱਲ ਰਹੀ ਹੈ।
ਹਰਦੀਪ ਸਿੰਘ ਮੁੰਡੀਆਂ, ਜੋ ਕਿ ਮੁਕੇਰੀਆਂ ਦੇ ਹੀ ਰਹਿਣ ਵਾਲੇ ਹਨ ਤੇ ਬਾਅਦ 'ਚ ਲੁਧਿਆਣਾ ਸ਼ਿਫਟ ਹੋ ਗਏ ਸਨ ਅਤੇ ਉੱਥੋਂ ਹੀ ਚੋਣ ਜਿੱਤ ਕੇ ਕੈਬਨਿਟ ਮੰਤਰੀ ਬਣੇ, ਉਨ੍ਹਾਂ ਨੇ ਉਨ੍ਹਾਂ ਤੋਂ ਇਕ ਟ੍ਰਾਲੀ ਲਗਪਗ 1 ਸਾਲ ਪਹਿਲਾਂ ਮੰਗਵਾਈ ਸੀ। ਟ੍ਰਾਲੀ ਦੇਣ ਤੋਂ ਬਾਅਦ ਜਦੋਂ ਉਨ੍ਹਾਂ ਨੇ ਮੰਤਰੀ ਤੋਂ ਟ੍ਰਾਲੀ ਦੇ ਪੈਸੇ ਮੰਗੇ ਤਾਂ ਉਨ੍ਹਾਂ ਕਿਹਾ ਕਿ ਇੰਨਾ ਤਾਂ ਮੇਰਾ ਕਮਿਸ਼ਨ ਹੀ ਹੋ ਜਾਂਦਾ ਹੈ। ਮਲਕੀਤ ਨੇ ਕਿਹਾ ਕਿ ਪਹਿਲਾਂ ਮੈਂ ਇਸ ਨੂੰ ਮਜ਼ਾਕ ਸਮਝਿਆ ਪਰ ਮੰਤਰੀ ਗੰਭੀਰ ਸਨ। ਇੰਨਾ ਹੀ ਨਹੀਂ, ਮੰਤਰੀ ਨੇ ਉਨ੍ਹਾਂ ਨੂੰ ਪਿੰਡ ਵਿਚ ਆਪਣੀ ਜ਼ਮੀਨ 'ਤੇ ਫੈਕਟਰੀ ਲਗਾਉਣ ਦਾ ਪ੍ਰਸਤਾਵ ਦਿੱਤਾ ਜੋ ਕਿ ਅਸਿੱਧੇ ਤੌਰ 'ਤੇ ਹਿੱਸੇਦਾਰੀ ਦਾ ਪ੍ਰਸਤਾਵ ਸੀ। ਜਦੋਂ ਉਨ੍ਹਾਂ ਨੇ ਮੰਤਰੀ ਦੀ ਗੱਲ ਨਹੀਂ ਮੰਨੀ ਤਾਂ ਉਨ੍ਹਾਂ ਦੇ ਖਿਲਾਫ ਪੰਚਾਇਤ ਤੋਂ ਮਤਾ ਪਾਸ ਕਰਵਾਇਆ ਗਿਆ। ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਉਨ੍ਹਾਂ ਨੂੰ ਨੋਟਿਸ ਭੇਜਿਆ ਗਿਆ ਅਤੇ ਗੈਂਗਸਟਰਾਂ ਰਾਹੀਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਮੰਤਰੀ ਲਗਾਤਾਰ ਧਮਕੀਆਂ ਦੇ ਰਹੇ ਹਨ ਜਿਸਦੀ ਉਨ੍ਹਾਂ ਕੋਲ ਵੀਡੀਓ ਅਤੇ ਆਡੀਓ ਰਿਕਾਰਡਿੰਗ ਵੀ ਹੈ। ਇਸ ਸਬੰਧ ਵਿੱਚ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਈ-ਮੇਲ ਰਾਹੀਂ ਸ਼ਿਕਾਇਤ ਵੀ ਭੇਜੀ ਹੈ।
ਦੂਜੇ ਪਾਸੇ ਰਵਨੀਤ ਬਿੱਟੂ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਲੈ ਕੇ ਭਲਕੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਵੀ ਮੁਲਾਕਾਤ ਕਰਨਗੇ। ਬਿੱਟੂ ਨੇ ਕਿਹਾ ਕਿ ਅੰਮ੍ਰਿਤਸਰ 'ਚ ਰੰਧਾਵਾ ਮੰਤਰੀ ਰਹੇ ਲਾਲਜੀਤ ਭੁੱਲਰ ਦੇ ਅੱਤਿਆਚਾਰ ਨੂੰ ਸਹਿਣ ਨਹੀਂ ਕਰ ਸਕੇ ਜਿਸ ਕਾਰਨ ਉਨ੍ਹਾਂ ਆਤਮ ਹੱਤਿਆ ਕਰ ਲਈ, ਜਦਕਿ ਮਲਕੀਤ ਸਿੰਘ ਨੇ ਲੜਨ ਦਾ ਫੈਸਲਾ ਕੀਤਾ ਹੈ ਅਤੇ ਭਾਜਪਾ ਇਨ੍ਹਾਂ ਦੀ ਲੜਾਈ ਲੜੇਗੀ। ਇਸ ਮੌਕੇ ਮੁਕੇਰੀਆਂ ਦੇ ਵਿਧਾਇਕ ਜੰਗੀ ਲਾਲ ਮਹਾਜਨ ਵੀ ਮੌਜੂਦ ਸਨ।