ਫਾਇਰ ਬ੍ਰਿਗੇਡ ਦਫ਼ਤਰ ਨੇੜੇ ਝਾੜੀਆਂ ’ਚ ਲੱਗੀ ਅੱਗ
ਫਾਇਰ ਬ੍ਰਿਗੇਡ ਦਫ਼ਤਰ ਨੇੜੇ ਝਾੜੀਆਂ ਨੂੰ ਲੱਗੀ ਅੱਗ, ਬਿਜਲੀ ਦੀਆਂ ਤਾਰਾਂ ਸੜੀਆਂ
Publish Date: Mon, 18 May 2026 09:00 PM (IST)
Updated Date: Mon, 18 May 2026 09:00 PM (IST)

- ਬਿਜਲੀ ਦੀਆਂ ਤਾਰਾਂ ਸੜੀਆਂ, ਅਧਿਕਾਰੀ ਬੇਖ਼ਬਰ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਮੁਹਾਲੀ ਦੇ ਫਾਇਰ ਬ੍ਰਿਗੇਡ ਦਫ਼ਤਰ ਦੇ ਨਜ਼ਦੀਕ ਪੀਟੀਐੱਲ ਚੌਕ ’ਤੇ ਸੋਮਵਾਰ ਨੂੰ ਸਵੇਰੇ ਝਾੜੀਆਂ ਨੂੰ ਅਚਾਨਕ ਅੱਗ ਲੱਗ ਗਈ। ਜਿਸ ਕਾਰਨ ਉੱਥੇ ਖੜ੍ਹੇ ਬਿਜਲੀ ਦੇ ਖੰਭੇ ਤੋਂ ਹੇਠਾਂ ਲਮਕ ਰਹੀਆਂ ਤਾਰਾਂ ਨੁਕਸਾਨੀਆਂ ਗਈਆਂ। ਇਸ ਦੌਰਾਨ ਉੱਥੋਂ ਲੰਘ ਰਹੇ ਰਾਹਗੀਰ ਅੱਗ ਬੁਝਾਉਣ ਜਾਂ ਫਾਇਰ ਬ੍ਰਿਗੇਡ ਨੂੰ ਇਤਲਾਹ ਦੇਣ ਦੀ ਬਜਾਏ ਆਪਣੇ ਮੋਬਾਈਲਾਂ ਨਾਲ ਅੱਗ ਦੀਆਂ ਵੀਡੀਓਜ਼ ਅਤੇ ਫੋਟੋਆਂ ਖਿੱਚਣ ਵਿਚ ਮਸਤ ਸਨ, ਪਰ ਕਿਸੇ ਨੇ ਵੀ ਅੱਗ ਬੁਝਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਘਟਨਾ ਸਥਾਨ ਤੋਂ ਮਹਿਜ਼ ਕੁਝ ਕਦਮਾਂ ਦੀ ਦੂਰੀ ’ਤੇ ਫਾਇਰ ਬ੍ਰਿਗੇਡ ਦਾ ਮੁੱਖ ਦਫ਼ਤਰ ਮੌਜੂਦ ਹੈ, ਇਸ ਤੋਂ ਵੀ ਵੱਧ ਚਿੰਤਾਜਨਕ ਗੱਲ ਇਹ ਰਹੀ ਕਿ ਖ਼ੁਦ ਫਾਇਰ ਬ੍ਰਿਗੇਡ ਦਾ ਅਮਲਾ ਵੀ ਆਪਣੇ ਨੱਕ ਹੇਠ ਵਾਪਰੀ ਇਸ ਘਟਨਾ ਤੋਂ ਪੂਰੀ ਤਰ੍ਹਾਂ ਅਣਜਾਣ ਰਿਹਾ। ਜਾਣਕਾਰੀ ਅਨੁਸਾਰ ਰੋਜ਼ਾਨਾ ਹੀ ਮੁਹਾਲੀ ਸ਼ਹਿਰ ਦੇ ਲਗਭਗ ਹਰ ਕੋਨੇ ਵਿਚ ਅਜਿਹੀਆਂ ਘਟਨਾਵਾਂ ਆਮ ਹੁੰਦੀਆਂ ਜਾ ਰਹੀਆਂ ਹਨ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਰੋਜ਼ਾਨਾ ਕੂੜੇ ਦੇ ਢੇਰਾਂ, ਸੁੱਕੇ ਘਾਹ-ਫੂਸ ਅਤੇ ਝਾੜੀਆਂ ਨੂੰ ਸ਼ਰੇਆਮ ਅੱਗ ਲਗਾਈ ਜਾਂਦੀ ਹੈ। ਇਸ ਕਾਰਨ ਸ਼ਹਿਰ ਦੀ ਹਵਾ ਲਗਾਤਾਰ ਜ਼ਹਿਰੀਲੀ ਹੋ ਰਹੀ ਹੈ ਅਤੇ ਵਾਤਾਵਰਣ ਨੂੰ ਭਾਰੀ ਨੁਕਸਾਨ ਪਹੁੰਚ ਰਿਹਾ ਹੈ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਸਬੰਧਿਤ ਵਿਭਾਗ ਦੇ ਉੱਚ ਅਧਿਕਾਰੀ ਇਸ ਗੰਭੀਰ ਸਮੱਸਿਆ ਵੱਲ ਕੋਈ ਧਿਆਨ ਨਹੀਂ ਦੇ ਰਹੇ। ਸ਼ਹਿਰ ਵਾਸੀਆਂ ਨੇ ਮੁਹਾਲੀ ਪ੍ਰਸ਼ਾਸਨ ਖ਼ਾਸ ਕਰ ਕੇ ਨਗਰ ਨਿਗਮ ਅਤੇ ਗਮਾਡਾ ਤੋਂ ਜ਼ੋਰਦਾਰ ਮੰਗ ਕੀਤੀ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣ ਅਤੇ ਲਾਪ੍ਰਵਾਹ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ।