ਸਿਆਸੀ ਗਰਮਾਹਟ: ਭਾਜਪਾ ਉਮੀਦਵਾਰਾਂ ਦੇ ਪੋਸਟਰ ਫਟੇ, ਭਖਿਆ ਮਾਮਲਾ, ਪਾਰਟੀ ਵਰਕਰਾਂ 'ਚ ਭਾਰੀ ਰੋਸ
ਭਾਜਪਾ ਹਲਕਾ ਰਾਜਪੁਰਾ ਦੇ ਇੰਚਾਰਜ ਜਗਦੀਸ਼ ਕੁਮਾਰ ਜੱਗਾ ਨੇ ਦੱਸਿਆ ਕਿ ਰਾਜਪੁਰਾ ਨਗਰ ਕੌਂਸਲ ਚੋਣਾਂ ਦੇ ਦੌਰਾਨ ਭਾਜਪਾ ਉਮੀਦਵਾਰਾਂ ਦੀ ਚੜਤ ਦੇਖ ਵਿਰੋਧੀ ਧਿਰ ਦੇ ਉਮੀਦਵਾਰਾਂ ਵੱਲੋਂ ਆਪਣੇ ਵਿਅਕਤੀਆਂ ਦੇ ਰਾਹੀ ਭਾਜਪਾ ਉਮੀਦਵਾਰਾਂ ਦੇ ਪੋਸਟਰ ਅਤੇ ਬੈਨਰ ਫਾੜਨ ਵਰਗੀਆਂ ਕੋਝੀਆਂ ਹਰਕਤਾਂ ਉੱਤੇ ਉਤਰ ਆਏ ਹਨ।
Publish Date: Fri, 22 May 2026 11:00 AM (IST)
Updated Date: Fri, 22 May 2026 11:03 AM (IST)
ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ। ਭਾਜਪਾ ਹਲਕਾ ਰਾਜਪੁਰਾ ਦੇ ਇੰਚਾਰਜ ਜਗਦੀਸ਼ ਕੁਮਾਰ ਜੱਗਾ ਨੇ ਦੱਸਿਆ ਕਿ ਰਾਜਪੁਰਾ ਨਗਰ ਕੌਂਸਲ ਚੋਣਾਂ ਦੇ ਦੌਰਾਨ ਭਾਜਪਾ ਉਮੀਦਵਾਰਾਂ ਦੀ ਚੜਤ ਦੇਖ ਵਿਰੋਧੀ ਧਿਰ ਦੇ ਉਮੀਦਵਾਰਾਂ ਵੱਲੋਂ ਆਪਣੇ ਵਿਅਕਤੀਆਂ ਦੇ ਰਾਹੀ ਭਾਜਪਾ ਉਮੀਦਵਾਰਾਂ ਦੇ ਪੋਸਟਰ ਅਤੇ ਬੈਨਰ ਫਾੜਨ ਵਰਗੀਆਂ ਕੋਝੀਆਂ ਹਰਕਤਾਂ ਉੱਤੇ ਉਤਰ ਆਏ ਹਨ।
ਜੱਗਾ ਨੇ ਦੱਸਿਆ ਕਿ ਰਾਜਪੁਰਾ ਨਗਰ ਕੌਂਸਲ ਦੇ ਵਾਰਡ ਨੰਬਰ ਦੋ ਦੇ ਉਮੀਦਵਾਰ ਪੁਰਸ਼ੋਤਮ ਕੁਮਾਰ, ਵਾਰਡ ਨੰਬਰ 23 ਦੀ ਉਮੀਦਵਾਰ ਨਰਿੰਦਰ ਕੌਰ ਗਿੱਲ, ਵਾਰਡ ਨੰਬਰ 26 ਤੋਂ ਉਮੀਦਵਾਰ ਨਰਿੰਦਰ ਸਿੰਘ ਸਮੇਤ ਹੋਰਨਾ ਥਾਵਾਂ ’ਤੇ ਜਦੋਂ ਉਨ੍ਹਾਂ ਵੱਲੋਂ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ ਗਿਆ ਤਾਂ ਚੋਣ ਮੀਟਿੰਗਾਂ ਦਾ ਇਕੱਠ ਦੇਖ ਕੇ ਵਿਰੋਧੀ ਬੁਖਲਾਹਟ ਵਿੱਚ ਆ ਗਏ।
ਜਿਸ ਤੋਂ ਬਾਅਦ ਉਕਤ ਵਾਰਡਾਂ ਦੇ ਵਿੱਚ ਉਮੀਦਵਾਰਾਂ ਵੱਲੋਂ ਪਾਰਟੀ ਦੇ ਚੋਣ ਪ੍ਰਚਾਰ ਦੇ ਲਈ ਲਗਾਏ ਗਏ ਪੋਸਟਰ ਤੇ ਬੈਨਰਾਂ ਨੂੰ ਵਿਰੋਧੀ ਧਿਰ ਦੇ ਆਗੂਆਂ ਵੱਲੋਂ ਆਪਣੇ ਵਿਅਕਤੀਆਂ ਦੇ ਰਾਹੀ ਪਾੜ ਦਿੱਤਾ ਗਿਆ।
ਜਿਸ ਤੋਂ ਜਾਪਦਾ ਹੈ ਕਿ ਵਿਰੋਧੀ ਧਿਰ ਭਾਜਪਾ ਦੀ ਚੜਤ ਦੇਖ ਬੁਖਲਾਹਟ ਵਿੱਚ ਆ ਗਈ ਹੈ ਅਤੇ ਹੁਣ ਕੋਝੀਆਂ ਹਰਕਤਾਂ ਉੱਤੇ ਉਤਰ ਆਈ ਹੈ। ਉਨ੍ਹਾਂ ਦੱਸਿਆ ਕਿ ਕੁਝ ਥਾਵਾਂ ਉੱਤੇ ਸੱਤਾ ਧਿਰ ਦੇ ਆਗੂਆਂ ਵੱਲੋਂ ਆਪਣੇ ਪੱਧਰ ਉੱਤੇ ਅਤੇ ਪੁਲਿਸ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਦੇ ਰਾਹੀ ਡਰਾਇਆ ਅਤੇ ਧਮਕਾਇਆ ਜਾ ਰਿਹਾ ਹੈ।
ਇਸ ਸਬੰਧੀ ਉਨ੍ਹਾਂ ਵੱਲੋਂ ਇੱਕ ਸ਼ਿਕਾਇਤ ਦੀ ਕਾਪੀ ਡੀ.ਐੱਸ.ਪੀ. ਰਾਜਪੁਰਾ ਨੂੰ ਸੌਂਪੀ ਜਾਵੇਗੀ, ਤਾਂ ਜੋ ਅਜਿਹੇ ਵਿਅਕਤੀਆਂ ਦੇ ਖਿਲਾਫ ਪੁਲਿਸ ਕਾਰਵਾਈ ਕੀਤੀ ਜਾ ਸਕੇ। ਜੱਗਾ ਨੇ ਦਾਅਵਾ ਕੀਤਾ ਕਿ ਰਾਜਪੁਰਾ ਨਗਰ ਕੌਂਸਲ ਦੇ ਵਿੱਚ ਭਾਜਪਾ ਪਾਰਟੀ ਦੇ 31 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਰੇ ਹੋਏ ਹਨ ਅਤੇ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰਨਗੇ। ਇਸ ਮੌਕੇ ਚੋਣ ਕਨਵੀਨਰ ਐੱਸਕੇ ਦੇਵ, ਜ਼ਿਲ੍ਹਾ ਜਨਰਲ ਸਕੱਤਰ ਪ੍ਰਦੀਪ ਨੰਦਾ ਸਮੇਤ ਪਾਰਟੀ ਆਗੂ ਤੇ ਵਰਕਰ ਹਾਜ਼ਰ ਸਨ।