ਬਿਕਰਮ ਸਿੰਘ ਮਜੀਠੀਆ ਨੂੰ ਮਿਲੀ ਪੇਸ਼ੀ ਤੋਂ ਛੋਟ, ਦੋਸ਼ ਮੁਕਤ ਅਰਜ਼ੀ ’ਤੇ 12 ਮਾਰਚ ਨੂੰ ਹੋਵੇਗੀ ਸੁਣਵਾਈ
ਜ਼ਿਕਰਯੋਗ ਹੈ ਕਿ ਸਾਲ 2021 ’ਚ ਥਾਣਾ ਸੈਕਟਰ-3 ਪੁਲਿਸ ਨੇ 23 ਅਕਾਲੀ ਆਗੂਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਦੋਸ਼ ਹੈ ਕਿ ਪ੍ਰਦਰਸ਼ਨ ਦੌਰਾਨ ਬੈਰੀਕੇਡ ਤੋੜੇ ਗਏ ਅਤੇ ਪੁਲਿਸ ਕਰਮਚਾਰੀਆਂ ’ਤੇ ਹਮਲਾ ਕੀਤਾ ਗਿਆ। ਇਹ ਪ੍ਰਦਰਸ਼ਨ ਸੈਕਟਰ-3 ਸਥਿਤ ਐੱਮਐੱਲਏ ਹੋਸਟਲ ਦੇ ਨੇੜੇ ਹੋਇਆ ਸੀ।
Publish Date: Fri, 06 Mar 2026 01:36 PM (IST)
Updated Date: Fri, 06 Mar 2026 01:38 PM (IST)
ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ:ਸਰਕਾਰੀ ਕੰਮ ’ਚ ਅੜਿੱਕਾ ਪਾਉਣ ਅਤੇ ਸਰਕਾਰੀ ਕਰਮਚਾਰੀ ਨਾਲ ਜ਼ਬਰਦਸਤੀ ਕਰਨ ਦੇ ਪੰਜ ਸਾਲ ਪੁਰਾਣੇ ਮਾਮਲੇ ’ਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਵੀਰਵਾਰ ਜ਼ਿਲ੍ਹਾ ਅਦਾਲਤ ’ਚ ਪੇਸ਼ੀ ਤੋਂ ਛੋਟ ਮਿਲ ਗਈ। ਮਾਮਲੇ ’ਚ ਦੋਸ਼ ਤੈਅ ਕੀਤੇ ਜਾਣੇ ਸਨ, ਪਰ ਇਸ ਦੌਰਾਨ ਮਜੀਠੀਆ ਵੱਲੋਂ ਅਦਾਲਤ ਵਿੱਚ ਡਿਸਚਾਰਜ (ਦੋਸ਼ ਮੁਕਤ) ਕਰਨ ਲਈ ਅਰਜ਼ੀ ਦਾਇਰ ਕੀਤੀ ਗਈ ਸੀ। ਇਸ ਅਰਜ਼ੀ ’ਤੇ ਸੁਣਵਾਈ ਲਈ ਸੀਜੇਐੱਮ ਅਦਾਲਤ ਨੇ 12 ਮਾਰਚ ਨਿਰਧਾਰਤ ਕੀਤੀ ਹੈ।
ਬਚਾਅ ਪੱਖ ਦੇ ਵਕੀਲ ਰਾਜੇਸ਼ ਕੁਮਾਰ ਰਾਏ ਨੇ ਮਜੀਠੀਆ ਵੱਲੋਂ ਦਾਇਰ ਅਰਜ਼ੀ ’ਚ ਦੱਸਿਆ ਕਿ ਇਸੇ ਮਾਮਲੇ ਸਬੰਧੀ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਕਵੈਸ਼ਿੰਗ ਪਟੀਸ਼ਨ ਲੰਬਿਤ ਹੈ, ਜਿਸ ਦੀ ਸੁਣਵਾਈ ਇੱਕ-ਦੋ ਦਿਨਾਂ ਵਿੱਚ ਸੂਚੀਬੱਧ ਹੋ ਸਕਦੀ ਹੈ। ਅਰਜ਼ੀ ’ਚ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਅਤੇ ਮਹੇਸ਼ ਇੰਦਰ ਗਰੇਵਾਲ ਖ਼ਿਲਾਫ਼ ਹਾਈਕੋਰਟ ਵੱਲੋਂ ਐੱਫਆਈਆਰ ਕਵੈਸ਼ ਕੀਤੇ ਜਾਣ ਦਾ ਵੀ ਜ਼ਿਕਰ ਕੀਤਾ ਗਿਆ ਹੈ। ਬਚਾਅ ਪੱਖ ਦਾ ਦਾਅਵਾ ਹੈ ਕਿ ਮਾਮਲੇ ’ਚ ਕੋਈ ਢੁਕਵਾਂ ਸਬੂਤ ਜਾਂ ਗਵਾਹ ਮੌਜੂਦ ਨਹੀਂ ਜੋ ਦੋਸ਼ਾਂ ’ਤੇ ਆਧਾਰਿਤ ਪੁਲਿਸ ਰਿਪੋਰਟ ਦਾ ਸਮਰਥਨ ਕਰਦਾ ਹੋਵੇ।
ਜ਼ਿਕਰਯੋਗ ਹੈ ਕਿ ਸਾਲ 2021 ’ਚ ਥਾਣਾ ਸੈਕਟਰ-3 ਪੁਲਿਸ ਨੇ 23 ਅਕਾਲੀ ਆਗੂਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਦੋਸ਼ ਹੈ ਕਿ ਪ੍ਰਦਰਸ਼ਨ ਦੌਰਾਨ ਬੈਰੀਕੇਡ ਤੋੜੇ ਗਏ ਅਤੇ ਪੁਲਿਸ ਕਰਮਚਾਰੀਆਂ ’ਤੇ ਹਮਲਾ ਕੀਤਾ ਗਿਆ। ਇਹ ਪ੍ਰਦਰਸ਼ਨ ਸੈਕਟਰ-3 ਸਥਿਤ ਐੱਮਐੱਲਏ ਹੋਸਟਲ ਦੇ ਨੇੜੇ ਹੋਇਆ ਸੀ। ਅਕਾਲੀ ਆਗੂ ਮੁੱਖ ਮੰਤਰੀ ਨਿਵਾਸ ਤੱਕ ਜਾ ਕੇ ਕਿਸਾਨਾਂ ਦੀਆਂ ਮੰਗਾਂ ਦੇ ਸਮਰਥਨ ਵਿੱਚ ਮੰਗ ਪੱਤਰ ਸੌਂਪਣ ’ਤੇ ਅੜੇ ਹੋਏ ਸਨ। ਸੁਰੱਖਿਆ ਪ੍ਰਬੰਧਾਂ ਹੇਠ ਪੁਲਿਸ ਨੇ ਮੁੱਖ ਮੰਤਰੀ ਨਿਵਾਸ ਦੇ ਆਸ-ਪਾਸ ਬੈਰੀਕੇਡ ਲਗਾਏ ਹੋਏ ਸਨ।
ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਭਾਰਤੀ ਦੰਡ ਸੰਹਿਤਾ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ। ਘਟਨਾ ਦੌਰਾਨ ਕਈ ਪੁਲਿਸ ਕਰਮਚਾਰੀ ਜ਼ਖ਼ਮੀ ਵੀ ਹੋਏ ਸਨ।