ਪੰਜਾਬ ਦੇ ਕਿਸਾਨਾਂ ਨੂੰ ਵੱਡੀ ਰਾਹਤ : ਹਰਿਆਣਾ-ਰਾਜਸਥਾਨ ਵਾਂਗ ਕੇਂਦਰ ਨੇ ਕਣਕ ਦੇ ਖਰੀਦ ਨਿਯਮਾਂ 'ਚ ਛੋਟ ਦਾ ਕੀਤਾ ਐਲਾਨ
ਕੇਂਦਰ ਨੇ 70 ਫੀਸਦੀ ਤਕ ਬਦਰੰਗ ਹੋ ਚੁੱਕੀ ਕਣਕ ਦੀ ਖਰੀਦ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੌਸਮ ਦੀ ਮਾਰ ਕਾਰਨ ਜਿਨ੍ਹਾਂ ਕਿਸਾਨਾਂ ਦੀ ਕਣਕ ਦਾ ਰੰਗ ਫਿੱਕਾ ਪੈ ਗਿਆ ਸੀ, ਹੁਣ ਉਨ੍ਹਾਂ ਨੂੰ ਮੰਡੀਆਂ ਵਿੱਚ ਦਿੱਕਤ ਨਹੀਂ ਆਵੇਗੀ।
Publish Date: Fri, 17 Apr 2026 02:32 PM (IST)
Updated Date: Fri, 17 Apr 2026 03:34 PM (IST)
ਕੈਲਾਸ਼ ਨਾਥ, ਚੰਡੀਗੜ੍ਹ : ਕੇਂਦਰ ਸਰਕਾਰ ਨੇ ਹਰਿਆਣਾ-ਰਾਜਸਥਾਨ ਦੀ ਤਰਜ਼ 'ਤੇ ਹੁਣ ਪੰਜਾਬ ਦੇ ਕਿਸਾਨਾਂ ਨੂੰ ਵੀ ਕਣਕ ਦੀ ਖਰੀਦ 'ਚ ਵੱਡੀ ਰਾਹਤ ਦਿੱਤੀ ਹੈ। ਖਰਾਬ ਮੌਸਮ ਤੇ ਬੇਮੌਸਮੀ ਬਾਰਸ਼ ਕਾਰਨ ਪ੍ਰਭਾਵਿਤ ਹੋਈ ਫਸਲ ਨੂੰ ਦੇਖਦੇ ਹੋਏ ਖਰੀਦ ਮਾਪਦੰਡਾਂ (Specifications) 'ਚ ਢਿੱਲ ਦੇਣ ਦਾ ਫੈਸਲਾ ਕੀਤਾ ਗਿਆ ਹੈ।
ਕੇਂਦਰ ਨੇ 70 ਫੀਸਦੀ ਤਕ ਬਦਰੰਗ ਹੋ ਚੁੱਕੀ ਕਣਕ ਦੀ ਖਰੀਦ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੌਸਮ ਦੀ ਮਾਰ ਕਾਰਨ ਜਿਨ੍ਹਾਂ ਕਿਸਾਨਾਂ ਦੀ ਕਣਕ ਦਾ ਰੰਗ ਫਿੱਕਾ ਪੈ ਗਿਆ ਸੀ, ਹੁਣ ਉਨ੍ਹਾਂ ਨੂੰ ਮੰਡੀਆਂ ਵਿੱਚ ਦਿੱਕਤ ਨਹੀਂ ਆਵੇਗੀ। ਸਰਕਾਰ ਨੇ 15 ਫੀਸਦੀ ਤਕ ਟੁੱਟੇ ਹੋਏ ਦਾਣਿਆਂ ਦੀ ਇਜਾਜ਼ਤ ਦਿੱਤੀ ਹੈ, ਪਰ ਇਸ ਵਿਚ ਸ਼ਰਤ ਇਹ ਰੱਖੀ ਗਈ ਹੈ ਕਿ 6 ਫੀਸਦੀ ਤੋਂ ਵੱਧ ਨੁਕਸਾਨੇ ਹੋਏ ਦਾਣਿਆਂ 'ਤੇ ਮਾਪਦੰਡ ਸਖ਼ਤ ਰਹਿਣਗੇ।
ਆਮ ਤੌਰ 'ਤੇ ਅਜਿਹੀ ਛੋਟ ਦੇਣ ਵੇਲੇ ਕੀਮਤ 'ਚ ਮਾਮੂਲੀ ਕਟੌਤੀ ਕੀਤੀ ਜਾਂਦੀ ਹੈ ਪਰ ਇਸ ਫੈਸਲੇ ਨਾਲ ਪੰਜਾਬ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਦੀ ਰਫਤਾਰ ਵਧਣ ਦੀ ਉਮੀਦ ਹੈ।
ਜ਼ਿਕਰਯੋਗ ਹੈ ਕਿ ਕੇਂਦਰੀ ਟੀਮ ਨੇ ਬੀਤੇ ਦਿਨ ਪੰਜਾਬ ਦੀਆਂ ਮੰਡੀਆਂ ਦਾ ਦੌਰਾ ਕੀਤਾ ਸੀ ਜਿਸ ਤੋਂ ਬਾਅਦ ਭਾਰਤੀ ਖ਼ੁਰਾਕ ਨਿਗਮ ਦੀ ਪੰਜਾਬ ਇਕਾਈ ਨੇ ਇਸ ਬਾਰੇ ਸਿਫਾਰਸ਼ ਕੀਤੀ ਸੀ।
ਕਿਸਾਨਾਂ ਅਤੇ ਆੜ੍ਹਤੀਆਂ 'ਤੇ ਅਸਰ
ਕੇਂਦਰ ਸਰਕਾਰ ਦੇ ਇਸ ਫੈਸਲੇ ਨਾਲ ਪੰਜਾਬ ਦੇ ਉਨ੍ਹਾਂ ਲੱਖਾਂ ਕਿਸਾਨਾਂ ਨੂੰ ਫਾਇਦਾ ਹੋਵੇਗਾ ਜਿਨ੍ਹਾਂ ਦੀ ਫਸਲ ਬਾਰਸ਼ ਕਾਰਨ ਮੰਡੀਆਂ 'ਚ ਰੁਲ਼ੀ ਸੀ। ਹੁਣ ਸਰਕਾਰੀ ਖਰੀਦ ਏਜੰਸੀਆਂ ਇਨ੍ਹਾਂ ਨਵੇਂ ਨਿਯਮਾਂ ਤਹਿਤ ਕਣਕ ਚੁੱਕਣ ਲਈ ਪਾਬੰਦ ਹੋਣਗੀਆਂ, ਜਿਸ ਨਾਲ ਅਦਾਇਗੀ ਦੀ ਪ੍ਰਕਿਰਿਆ ਵੀ ਤੇਜ਼ ਹੋਵੇਗੀ।