ਇਸ ਨੂੰ ਜੜ੍ਹੋਂ ਪੁੱਟਣ ਲਈ ਅਧਿਆਪਕਾਂ, ਮਾਪਿਆਂ ਅਤੇ ਸਮਾਜ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ। ਵਰਕਸ਼ਾਪਾਂ ਦੌਰਾਨ ਕਲੀਨਿਕਲ ਮਨੋਵਿਗਿਆਨੀਆਂ ਅਤੇ ਮਾਨਸਿਕ ਸਿਹਤ ਮਾਹਰਾਂ ਨੇ ਅਧਿਆਪਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੂੰ ਵਿਦਿਆਰਥੀਆਂ ’ਚ ਨਸ਼ੇ ਦੀ ਲਤ ਦਾ ਜਲਦੀ ਪਤਾ ਲਗਾਉਣ, ਸੰਵੇਦਨਸ਼ੀਲ ਵਿਹਾਰ ਅਤੇ ਸਹੀ ਕੌਂਸਲਿੰਗ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਵਿਦਿਆਰਥੀਆਂ ਦੀਆਂ ਖੁਦਕੁਸ਼ੀਆਂ ਵਰਗੇ ਗੰਭੀਰ ਵਿਸ਼ਿਆਂ ’ਤੇ ਵੀ ਚਰਚਾ ਕੀਤੀ ਗਈ ਅਤੇ ਅਜਿਹੇ ਮਾਮਲਿਆਂ ’ਚ ਕਿਵੇਂ ਤੁਰੰਤ ਅਤੇ ਪ੍ਰਭਾਵਸ਼ਾਲੀ ਸਹਾਇਤਾ ਦਿੱਤੀ ਜਾ ਸਕਦੀ ਹੈ।

ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ। ਸੂਬੇ ਨੂੰ ਨਸ਼ਾ ਮੁਕਤ ਬਣਾਉਣ ਦੇ ਟੀਚੇ ਹੇਠ ਚੱਲ ਰਹੇ ਅਭਿਆਨ ‘ਯੁੱਧ ਨਸ਼ਿਆਂ ਵਿਰੁੱਧ’ ਦੇ ਦੂਜੇ ਪੜਾਅ ’ਚ ਮੌਜੂਦਾ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਇਸ ਅਭਿਆਨ ਤਹਿਤ ਸੂਬੇ ਦੇ ਲਗਭਗ 200 ਸਰਕਾਰੀ ਅਤੇ ਸਹਾਇਤਾ ਪ੍ਰਾਪਤ ਕਾਲਜਾਂ ਦੇ ਅਧਿਆਪਕਾਂ ਲਈ ਯੋਗਤਾ ਵਿਕਾਸ ਅਤੇ ਸੰਜੀਦਗੀ ਪਾਠਸ਼ਾਲਾਵਾਂ ਕਰਵਾਈਆਂ ਗਈਆਂ ਹਨ।
ਉੱਚ ਸਿੱਖਿਆ ਵਿਭਾਗ ਵੱਲੋਂ ਕਰਵਾਈ ਵਰਕਸ਼ਾਪਾਂ ’ਚ ਵੱਖ-ਵੱਖ ਕਾਲਜਾਂ ਦੇ ਨੋਡਲ ਪ੍ਰੋਫੈਸਰਾਂ ਨੇ ਹਿੱਸਾ ਲਿਆ। 20 ਤੋਂ 30 ਜਨਵਰੀ ਦੇ ਵਿਚਕਾਰ ਇਹ ਵਰਕਸ਼ਾਪਾਂ ਚਾਰ ਜ਼ਿਲਿਆਂ ’ਚ ਕਰਵਾਈਆਂ ਗਈਆਂ ਹਨ। ਪ੍ਰੋਗਰਾਮ ਸਤੀਸ਼ ਚੰਦਰ ਧਵਨ ਗਵਰਨਮੈਂਟ ਕਾਲਜ, ਲੁਧਿਆਣਾ; ਮੋਹਿੰਦਰਾ ਕਾਲਜ, ਪਟਿਆਲਾ; ਰਾਜਿੰਦਰਾ ਕਾਲਜ, ਬਠਿੰਡਾ ਅਤੇ ਜਲੰਧਰ ਕਾਲਜ ਆਫ ਐਜੂਕੇਸ਼ਨ ’ਚ ਕੀਤਾ ਗਿਆ।
ਇਨ੍ਹਾਂ ਵਰਕਸ਼ਾਪਾਂ ਨੂੰ ਡਾ. ਬੀ.ਆਰ. ਅੰਬੇਡਕਰ ਸਟੇਟ ਇੰਸਟੀਟਿਊਟ ਆਫ ਮੈਡੀਕਲ ਸਾਇੰਸਜ਼, ਮੋਹਾਲੀ ਦੀ ਡਾਟਾ ਇੰਟੈਲੀਜੈਂਸ ਅਤੇ ਟੈਕਨੀਕਲ ਸਪੋਰਟ ਯੂਨਿਟ ਵੱਲੋਂ ਹਮਾਇਤ ਦਿੱਤੀ ਗਈ ਸੀ। ਮਾਹਰਾਂ ਨੇ ਅਧਿਆਪਕਾਂ ਨੂੰ ਦੱਸਿਆ ਕਿ ਕਿਵੇਂ ਨੌਜਵਾਨਾਂ ’ਚ ਨਸ਼ਿਆਂ ਦੀ ਲਤ ਵਧਣ ਦੇ ਰੁਝਾਨ ਦੀ ਸਮੇਂ ਸਿਰ ਪਛਾਣ ਕੀਤੀ ਜਾ ਸਕਦੀ ਹੈ ਅਤੇ ਉਨ੍ਹਾਂ ਨੂੰ ਸਹੀ ਦਿਸ਼ਾ ’ਚ ਲਿਜਾਇਆ ਜਾ ਸਕਦਾ ਹੈ। ਪਟਿਆਲਾ ਦੇ ਮਹਿੰਦਰਾ ਕਾਲਜ ਵਿਖੇ ਹੋਈ ਵਰਕਸ਼ਾਪ ’ਚ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਹਾਜ਼ਰੀ ਨੇ ਪ੍ਰੋਗਰਾਮ ਨੂੰ ਵਿਸ਼ੇਸ਼ ਬਣਾਇਆ। ਉਨ੍ਹਾਂ ਕਿਹਾ ਕਿ ਨਸ਼ੇ ਦੀ ਸਮੱਸਿਆ ਸਿਰਫ ਕਾਨੂੰਨ ਵਿਵਸਥਾ ਦਾ ਮੁੱਦਾ ਨਹੀਂ ਹੈ, ਬਲਕਿ ਇਹ ਸਮਾਜਿਕ ਅਤੇ ਮਾਨਸਿਕ ਸਿਹਤ ਨਾਲ ਜੁੜਿਆ ਹੋਇਆ ਗੰਭੀਰ ਮਾਮਲਾ ਹੈ।
ਇਸ ਨੂੰ ਜੜ੍ਹੋਂ ਪੁੱਟਣ ਲਈ ਅਧਿਆਪਕਾਂ, ਮਾਪਿਆਂ ਅਤੇ ਸਮਾਜ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ। ਵਰਕਸ਼ਾਪਾਂ ਦੌਰਾਨ ਕਲੀਨਿਕਲ ਮਨੋਵਿਗਿਆਨੀਆਂ ਅਤੇ ਮਾਨਸਿਕ ਸਿਹਤ ਮਾਹਰਾਂ ਨੇ ਅਧਿਆਪਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੂੰ ਵਿਦਿਆਰਥੀਆਂ ’ਚ ਨਸ਼ੇ ਦੀ ਲਤ ਦਾ ਜਲਦੀ ਪਤਾ ਲਗਾਉਣ, ਸੰਵੇਦਨਸ਼ੀਲ ਵਿਹਾਰ ਅਤੇ ਸਹੀ ਕੌਂਸਲਿੰਗ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਵਿਦਿਆਰਥੀਆਂ ਦੀਆਂ ਖੁਦਕੁਸ਼ੀਆਂ ਵਰਗੇ ਗੰਭੀਰ ਵਿਸ਼ਿਆਂ ’ਤੇ ਵੀ ਚਰਚਾ ਕੀਤੀ ਗਈ ਅਤੇ ਅਜਿਹੇ ਮਾਮਲਿਆਂ ’ਚ ਕਿਵੇਂ ਤੁਰੰਤ ਅਤੇ ਪ੍ਰਭਾਵਸ਼ਾਲੀ ਸਹਾਇਤਾ ਦਿੱਤੀ ਜਾ ਸਕਦੀ ਹੈ।
ਪਿਛਲੇ ਹਫ਼ਤੇ ਸੂਬਾ ਸਰਕਾਰ ਵੱਲੋਂ ਵੱਖ-ਵੱਖ ਵਿਧਾਨ ਸਭਾ ਖੇਤਰਾਂ ਅਤੇ ਪਿੰਡਾਂ ’ਚ ਜਾਗਰੂਕਤਾ ਮਾਰਚ ਵੀ ਕੱਢੇ ਗਏ, ਜਿਨ੍ਹਾਂ ’ਚ ਆਮ ਲੋਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਨ੍ਹਾਂ ਪ੍ਰੋਗਰਾਮਾਂ ਨੂੰ ਜਨਤਾ ਵਲੋਂ ਚੰਗਾ ਸਹਿਯੋਗ ਮਿਲਿਆ ਹੈ। ਸਰਕਾਰ ਦਾ ਮੰਨਣਾ ਹੈ ਕਿ ਕਾਲਜ ਪੱਧਰ ’ਤੇ ਇਸ ਤਰ੍ਹਾਂ ਦੀ ਟਰੇਨਿੰਗ ਨਾਲ ਕੇਵਲ ਨਸ਼ੇ ਦੀ ਮੰਗ ਹੀ ਨਹੀਂ ਘਟੇਗੀ ਸਗੋਂ ਨੌਜਵਾਨਾਂ ਨੂੰ ਮਾਨਸਿਕ ਰੂਪ ’ਚ ਮਜ਼ਬੂਤ ਕੀਤਾ ਜਾ ਸਕੇਗਾ।