- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜ ਸਿੰਘ ਸਾਹਿਬਾਨ ਵਲੋਂ ਪੁੱਛੇ ਗਏ ਸਵਾਲਾਂ ਵਿਚ ਇਕ ਸਵਾਲ ਸੁਖਬੀਰ ਨੂੰ ਬਰਗਾੜੀ ਵਾਲਾ ਘਟਨਾਂਕ੍ਰਮ ਬਾਰੇ ਪੁੱਛਿਆ ਗਿਆ ਸੀ ਅਤੇ ਸੁਖਬੀਰ ਨੇ ਉਹ ਗੁਨਾਹ ਕਬੂਲ ਕੀਤਾ ਸੀ, ਇਸ ਬਾਰੇ ਤੁਹਾਡਾ ਕੀ ਕਹਿਣਾ ਹੈ?

ਜੈ ਸਿੰਘ ਛਿੱਬਰ,ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਬਹਿਬਲ ਕਲਾਂ ਗੋਲੀ ਕਾਂਡ ਦੇ ਪੀੜਤਾਂ ਨੂੰ ਇਕ ਦਹਾਕਾ ਬੀਤ ਜਾਣ ਬਾਅਦ ਵੀ ਇਨਸਾਫ਼ ਨਹੀਂ ਮਿਲਿਆ ਪਰ ਸਿਆਸੀ ਤੋਹਮਤਾਂ, ਦੂਸ਼ਣਬਾਜ਼ੀ ਘਟਣ ਦੀ ਬਜਾਏ ਵੱਧਦੀ ਜਾ ਰਹੀ ਹੈ। ਵੀਰਵਾਰ ਨੂੰ ਬਹਿਬਲ ਕਲਾਂ ਤੇ ਬੇਅਦਬੀ ਦੇ ਮੁੱਦੇ ਦਾ ਤੰਦੂਰ ਇਕ ਵਾਰ ਮੁੜ ਭਖ਼ ਗਿਆ। ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੂੰ ਬਿਆਨ ਦੇਣ ਨੂੰ ਲੈ ਕੇ ਸਿਆਸਤ ਦਾ ਪਾਰਾ ਸਿਖ਼ਰ ’ਤੇ ਰਿਹਾ। ਹੁਕਮਰਾਨ ਅਤੇ ਅਕਾਲੀ ਦਲ ਦੀ ਲੀਡਰਸ਼ਿਪ ਨੇ ਇਕ ਦੂਸਰੇ ’ਤੇ ਸਿਆਸੀ ਬਿਆਨਾਂ ਦੇ ਗੋਲੇ ਦਾਗੇ।
ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਸਿੱਟ ਕੋਲ੍ਹ ਨਹੀਂ ਗਏ ਬਲਕਿ ਐੱਸਆਈਟੀ ਬੀਤੇ ਕੱਲ੍ਹ ਉਹਨਾਂ ਦੇ ਘਰ ਆਈ ਸੀ। ਟੀਮ ਨੇ ਉਹਨਾਂ ਤੋਂ ਪੁਛਿਆ ਕਿ 2 ਦਸੰਬਰ 2024 ਨੂੰ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਸਾਥੀਆਂ ਨੂੰ ਅਕਾਲ ਤਖ਼ਤ ਸਾਹਿਬ ’ਤੇ ਤਲਬ ਕੀਤਾ ਗਿਆ ਸੀ। ਪੰਜ ਸਿੰਘ ਸਾਹਿਬਾਨ ਵਲੋਂ ਪੁੱਛੇ ਗਏ ਸਵਾਲਾਂ ਵਿਚ ਇਕ ਸਵਾਲ ਸੁਖਬੀਰ ਨੂੰ ਬਰਗਾੜੀ ਵਾਲਾ ਘਟਨਾਂਕ੍ਰਮ ਬਾਰੇ ਪੁੱਛਿਆ ਗਿਆ ਸੀ ਅਤੇ ਸੁਖਬੀਰ ਨੇ ਉਹ ਗੁਨਾਹ ਕਬੂਲ ਕੀਤਾ ਸੀ, ਇਸ ਬਾਰੇ ਤੁਹਾਡਾ ਕੀ ਕਹਿਣਾ ਹੈ? ਸਿੰਘ ਸਾਹਿਬ ਨੇ ਕਿਹਾ ਕਿ ਇਸਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਪੰਜ ਸਿੰਘ ਸਾਹਿਬਾਨ ਨੇ ਤਖ਼ਤ ਸਾਹਿਬ ਦੀ ਫਸੀਲ ਤੋਂ ਸਵਾਲ ਪੁੱਛੇ ਸਨ ਤੇ ਇਹ ਵੀ ਇਕ ਸਵਾਲ ਪੁੱਛਿਆ ਸੀ, ਜਿਸ ਵਿਚ ਸੁਖਬੀਰ ਬਾਦਲ ਨੇ ਇਹ ਗੁਨਾਹ ਕਬੂਲ ਕੀਤਾ ਸੀ। ਗਿਆਨੀ ਨੇ ਕਿਹਾ ਕਿ ਦੁਨੀਆ ਭਰ ਵਿਚ ਬੈਠੀ ਸਿੱਖ ਸੰਗਤ ਨੇ ਇਹ ਸਭ ਕੁੱਝ ਲਾਈਵ ਦੇਖਿਆ ਹੈ। ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਟੀਮ ਨੇ ਪੁੱਛਿਆ ਕਿ ਤੁਸੀਂ ਕਾਨੂੰਨੀ ਕਾਰਵਾਈ ਦੀ ਮੰਗ ਕਰਦੇ ਹਨ ਤਾਂ ਇਸਦੇ ਜਵਾਬ ਵਿਚ ਕਿਹਾ ਕਿ ਸਾਡਾ ਅਧਿਕਾਰ ਖੇਤਰ ਧਾਰਮਿਕ ਹੈ ਤੇ ਅਸੀ ਧਾਰਮਿਕ ਸਜ਼ਾ ਲਗਾਈ ਹੈ। ਇਸ ਬਾਰੇ ਕਾਨੂੰਨ ਕੀ ਕਹਿੰਦਾ ਜਾਂ ਜਾਂਚ ਕੀ ਕਹਿੰਦੀ ਹੈ, ਇਸ ਪੜਤਾਲ ਬਾਰੇ ਮੈਨੂੰ ਕੁਝ ਨਹੀਂ ਪਤਾ। ਉਨ੍ਹਾਂ ਕਿਹਾ ਕਿ ਇਸਤੋਂ ਇਲਾਵਾ ਕੋਈ ਗੱਲ ਨਹੀਂ ਹੋਈ। ਜਦੋ ਕਿ ਮੀਡੀਆ ਵਿਚ ਸਾਰਾ ਦਿਨ ਗਿਆਨੀ ਰਘਬੀਰ ਸਿੰਘ ਦੇ ਸਿੱਟ ਕੋਲ੍ਹ ਪੇਸ਼ ਹੋ ਕੇ ਬਿਆਨ ਦੇਣ ਦੀ ਚਰਚਾ ਚੱਲਦੀ ਰਹੀ।
ਆਪ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਐੱਸਆਈਟੀ ਨੂੰ ਦਿੱਤੇ ਬਿਆਨ ਵਿਚ ਪੁਸ਼ਟੀ ਕੀਤੀ ਹੈ ਕਿ ਸੁਖਬੀਰ ਨੇ ਬਹਿਬਲ ਕਲਾਂ ਗੋਲੀ ਕਾਂਡ ਦੀ ਜੁੰਮੇਵਾਰੀ ਕਬੂਲੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸੁਖਬੀਰ ਨੇ ਅਕਾਲ ਤਖ਼ਤ ਸਾਹਿਬ ’ਤੇ ਗੁਨਾਹ ਕਬੂਲਿਆ ਹੈ ਤਾਂ ਅੱਜ ਮੁਨਕਰ ਕਿਉਂ ਹੋ ਰਹੇ ਹਨ। ਅਕਾਲ ਤਖ਼ਤ ਸਾਹਿਬ ਕੋਲ ਸੁਖਬੀਰ ਬਾਦਲ ਦਾ ਇਕਬਾਲੀਆ ਬਿਆਨ ਦਾ ਵੀਡਿਓ ਰਿਕਾਰਡ ਮੌਜੂਦ ਹੈ।
ਉਧਰ ਸ਼੍ਰੋਮਣੀ ਅਕਾਲੀ ਨੇਤਾ ਦਲਜੀਤ ਸਿੰਘ ਚੀਮਾ ਤੇ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਸਾਬਕਾ ਜਥੇਦਾਰ ਰਘਬੀਰ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕੀਤੀ ਹੈ। ਚੀਮਾ ਤੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਇਹ ਹੁਕਮਨਾਮਾ ਜਾਰੀ ਕੀਤਾ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹੁੰਦੀਆਂ ਕਾਰਵਾਈਆਂ ਨੂੰ ਅਦਾਲਤਾਂ ਵਿਚ ਸਬੂਤ ਵਜੋਂ ਪੇਸ਼ ਨਹੀਂ ਕੀਤਾ ਜਾ ਸਕਦਾ। ਚੀਮਾ ਨੇ ਕਿਹਾ ਕਿ ਸਾਬਕਾ ਜਥੇਦਾਰ ਨੇ ਨਾ ਸਿਰਫ ਅਕਾਲੀ ਲੀਡਰਸ਼ਿਪ ਖਿਲਾਫ ਸਜ਼ਾ ਦਾ ਐਲਾਨ ਕੀਤਾ ਬਲਕਿ ਇਹ ਐਲਾਨ ਵੀ ਕੀਤਾ ਕਿ ਧਾਰਮਿਕ ਸਜ਼ਾ ਪੂਰੀ ਹੋਣ ਮਗਰੋਂ ਉਹ ਦੋਸ਼ਾਂ ਤੋਂ ਮੁਕਤ ਹੋ ਗਏ ਹਨ। ਇਸ ਮਾਮਲੇ ਨੂੰ ਦੁਬਾਰਾ ਚੁੱਕ ਕੇ ਧਾਰਮਿਕ ਮਾਮਲੇ ਦਾ ਸਿਆਸੀਕਰਨ ਕਰ ਕੇ ਗਿਆਨੀ ਰਘਬੀਰ ਸਿੰਘ ਨੇ ਤਖ਼ਤ ਦੀ ਮਰਿਆਦਾ ਦੀ ਉਲੰਘਣਾ ਕੀਤੀ ਹੈ। ਉਹਨਾਂ ਕਿਹਾ ਕਿ ਇਕ ਸਾਬਕਾ ਜਥੇਦਾਰ ਨੂੰ ਅਜਿਹਾ ਕਰਨਾ ਸੋਭਦਾ ਨਹੀ਼ ਹੈ ਤੇ ਇਸ ਨਾਲ ਅਕਾਲ ਤਖ਼ਤ ਦੇ ਵੱਕਾਰ ਨੂੰ ਸੱਟ ਵੱਜੀ ਹੈ। ਉਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਡਗੱਜ ਨੂੰ ਅਪੀਲ ਕੀਤੀ ਕਿ ਉਹ ਸਿੱਖ ਮਰਿਆਦਾ ਦੀ ਉਲੰਘਣਾ ਸਮੇਤ ਸਾਰੇ ਘਟਨਾਕ੍ਰਮ ਦਾ ਨੋਟਿਸ ਲੈਣ ਅਤੇ ਕੇਸ ਵਿਚ ਕਾਰਵਾਈ ਕਰਨ।