ਦੀਵਾਲੀ ਤੋਂ ਪਹਿਲਾਂ ਹਲਕਾ ਵਾਸੀਆਂ ਨੂੰ ਮਿਲੀਆਂ 2 ਨਵੀਆਂ ਅੱਗ ਬੁਝਾਊ ਗੱਡੀਆਂ : ਰੰਧਾਵਾ
ਦੀਵਾਲੀ ਤੋਂ ਪਹਿਲਾਂ ਹਲਕਾ ਵਾਸੀਆਂ ਨੂੰ ਮਿਲੀਆਂ 2 ਨਵੀਆਂ ਅੱਗ ਬੁਝਾਊ ਗੱਡੀਆਂ : ਰੰਧਾਵਾ,
Publish Date: Thu, 16 Oct 2025 05:29 PM (IST)
Updated Date: Thu, 16 Oct 2025 05:32 PM (IST)

ਕਿਹਾ, ਪੰਜਾਬ ਸਰਕਾਰ ਦੀ ਸੌਗਾਤ ਨਾਲ ਹਲਕਾ ਵਾਸੀ ਹੁਣ ਹੋਣਗੇ ਹੋਰ ਮਹਿਫੂਜ਼ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ ਹਲਕੇ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਦੀਵਾਲੀ ਤੋਂ ਪਹਿਲਾਂ ਹਲਕਾ ਵਾਸੀਆਂ ਨੂੰ ਦੋ ਨਵੀਆਂ ਅੱਗ ਬੁਝਾਊ ਗੱਡੀਆਂ ਸਮਰਪਿਤ ਕੀਤੀਆਂ ਹਨ, ਜੋ ਲੋਕਾਂ ਦੀ ਸੇਵਾ ਲਈ ਹਰ ਵੇਲੇ ਤਿਆਰ ਰਹਿਣਗੀਆਂ। ਉਨ੍ਹਾਂ ਕਿਹਾ ਕਿ ਇਹ ਸੌਗਾਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਹੈ, ਜੋ ਹਲਕੇ ਦੀ ਕੁਦਰਤੀ ਆਫ਼ਤਾਂ ਤੋਂ ਸੁਰੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰੇਗੀ। ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਕੌਂਸਲ ਪ੍ਰਧਾਨ, ਪਾਰਟੀ ਬਲਾਕ ਪ੍ਰਧਾਨ, ਐੱਮਸੀਜ਼ ਅਤੇ ਪਾਰਟੀ ਦੀ ਸਮੁੱਚੀ ਟੀਮ ਮੌਜੂਦ ਸੀ। ਵਿਧਾਇਕ ਨੇ ਕਿਹਾ ਕਿ ਇਹ ਨਵੀਆਂ ਫਾਇਰ ਬ੍ਰਿਗੇਡ ਗੱਡੀਆਂ ਹਲਕਾ ਵਾਸੀਆਂ ਦੀ ਸੁਰੱਖਿਆ ਵਿਚ ਇਕ ਨਵਾਂ ਅਧਿਆਇ ਜੋੜਨਗੀਆਂ। ਇਹ ਆਧੁਨਿਕ ਫਾਇਰ ਸੇਵਾਵਾਂ ਦੇਣ ਵੱਲ ਪੰਜਾਬ ਸਰਕਾਰ ਦਾ ਇਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿਚ ਨਵੇਂ ਫਾਇਰ ਸਟੇਸ਼ਨ ਦੀ ਸਥਾਪਨਾ ਲਈ ਵੀ ਗੱਲਬਾਤ ਜਾਰੀ ਹੈ, ਜੋ ਜਲਦ ਹੀ ਸ਼ੁਰੂ ਕੀਤੀ ਜਾਵੇਗੀ। ਇਸ ਨਾਲ ਫਾਇਰ ਸੇਵਾਵਾਂ ਦੀ ਪਹੁੰਚ ਹੋਰ ਸੁਚਾਰੂ ਹੋਵੇਗੀ ਅਤੇ ਐਮਰਜੈਂਸੀ ਸਥਿਤੀਆਂ ਵਿਚ ਤੁਰੰਤ ਸਹਾਇਤਾ ਮਿਲੇਗੀ। ਉਨ੍ਹਾਂ ਦੱਸਿਆ ਕਿ ਪਹਿਲਾਂ ਡੇਰਾਬੱਸੀ ਹਲਕੇ ਵਿਚ ਕੁੱਲ 8 ਫਾਇਰ ਬ੍ਰਿਗੇਡ ਗੱਡੀਆਂ ਸਨ, ਜਿਨ੍ਹਾਂ ’ਚ 5 ਡੇਰਾਬੱਸੀ ਅਤੇ ਲਾਲੜੂ ਖੇਤਰਾਂ ਲਈ ਅਤੇ 3 ਜ਼ੀਰਕਪੁਰ ਲਈ। ਹੁਣ 2 ਨਵੀਆਂ ਗੱਡੀਆਂ ਦੇ ਆਉਣ ਨਾਲ ਇਹ ਗਿਣਤੀ 10 ਹੋ ਗਈ ਹੈ, ਜਿਨ੍ਹਾਂ ਵਿਚੋਂ ਇਕ ਗੱਡੀ ਡੇਰਾਬੱਸੀ ਅਤੇ ਇਕ ਜ਼ੀਰਕਪੁਰ ਲਈ ਸਮਰਪਿਤ ਕੀਤੀ ਗਈ ਹੈ। ਇਸ ਨਾਲ ਸ਼ਹਿਰ ਅਤੇ ਆਸ-ਪਾਸ ਦੇ ਖੇਤਰਾਂ ਵਿਚ ਕਿਸੇ ਵੀ ਅੱਗ ਜਾਂ ਐਮਰਜੈਂਸੀ ਘਟਨਾ ’ਤੇ ਤੇਜ਼ੀ ਨਾਲ ਕਾਬੂ ਪਾਇਆ ਜਾ ਸਕੇਗਾ। ਰੰਧਾਵਾ ਨੇ ਕਿਹਾ ਕਿ ਲੋਕਾਂ ਦਾ ਪੈਸਾ ਲੋਕਾਂ ਦੀ ਭਲਾਈ ’ਤੇ ਖਰਚਣਾ ਸਾਡੀ ਜ਼ਿੰਮੇਵਾਰੀ ਹੈ। ਸਰਕਾਰ ਅਤੇ ਨਗਰ ਕੌਂਸਲ ਮਿਲ ਕੇ ਲੋਕਾਂ ਦੀ ਸੇਵਾ ਲਈ ਸਮਰਪਿਤ ਹਨ, ਪਰ ਇਹ ਯਤਨ ਤਦ ਹੀ ਸਫ਼ਲ ਹੋ ਸਕਦੇ ਹਨ ਜਦੋਂ ਲੋਕ ਵੀ ਆਪਣਾ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਉਪਰਾਲਾ ਇਸ ਗੱਲ ਦਾ ਪ੍ਰਮਾਣ ਹੈ ਕਿ ਸਰਕਾਰ ਲੋਕਾਂ ਦੇ ਹਿੱਤਾਂ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਹਰ ਨਾਗਰਿਕ ਦੀ ਸੁਰੱਖਿਆ ਅਤੇ ਸੁਵਿਧਾ ਨੂੰ ਪ੍ਰਾਥਮਿਕਤਾ ਦੇ ਰਹੀ ਹੈ। ਇਸ ਮੌਕੇ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਰਵਨੀਤ ਸਿੰਘ, ਸਹਾਇਕ ਮੰਡਲ ਫਾਇਰ ਅਫ਼ਸਰ ਅਮਰਿੰਦਰ ਪਾਲ ਸਿੰਘ ਸੰਧੂ, ਸਬ ਫਾਇਰ ਅਫ਼ਸਰ ਜਸਵੰਤ ਸਿੰਘ, ਮਹਿੰਦਰ ਸਿੰਘ, ਬਲਜੀਤ ਸਿੰਘ ਅਤੇ ਹੋਰ ਅਧਿਕਾਰੀ ਮੌਜੂਦ ਸਨ।