ਪਾਕਿਸਤਾਨੀ ਗੈਂਗਸਟਰ ਨਾਲ ਸਬੰਧਤ ਮਾਮਲੇ 'ਚ ਜ਼ਮਾਨਤ ਅਰਜ਼ੀ ਰੱਦ, NIA ਕਰ ਰਹੀ ਪੈਰਵਾਈ
ਸੁਣਵਾਈ ਦੌਰਾਨ ਵਿਸ਼ੇਸ਼ ਅਦਾਲਤ ਨੇ ਸਵੀਕਾਰ ਕੀਤਾ ਕਿ ਦੋਸ਼ ਬਹੁਤ ਗੰਭੀਰ ਸਨ ਅਤੇ ਮੁਲਜ਼ਮ ਨੂੰ ਰਾਹਤ ਦੇਣ ਨਾਲ ਜਾਂਚ ਨੂੰ ਖ਼ਤਰਾ ਹੋ ਸਕਦਾ ਹੈ। ਸਿੱਟੇ ਵਜੋਂ ਅਦਾਲਤ ਨੇ ਦਪਿੰਦਰ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ।
Publish Date: Wed, 04 Feb 2026 11:16 AM (IST)
Updated Date: Wed, 04 Feb 2026 11:20 AM (IST)

ਤਰੁਣ ਭਜਨੀ, ਐੱਸਏਐੱਸ ਨਗਰ : ਮੁਹਾਲੀ ਐੱਨਆਈਏ ਅਦਾਲਤ ਨੇ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਨਾਲ ਸਬੰਧਤ ਇਕ ਮਾਮਲੇ ਵਿਚ ਮੁਲਜ਼ਮ ਦਪਿੰਦਰ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ। ਇਹ ਮਾਮਲਾ ਨਵਦੀਪ ਸਿੰਘ ਉਰਫ਼ ਰੋਜਰ ਸੰਧੂ ਦੇ ਘਰ ਦੀ ਬਾਲਕੋਨੀ ਵਿਚੋਂ ਮਿਲੇ ਹੱਥਗੋਲੇ ਦੇ ਹਿੱਸਿਆਂ ਨਾਲ ਸਬੰਧਤ ਹੈ। ਦੋਸ਼ ਹੈ ਕਿ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਨੇ ਰੰਜਿਸ਼ ਕਾਰਨ ਗ੍ਰਨੇਡ ਲਗਾਇਆ ਸੀ ਅਤੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਇਸ ਘਟਨਾ ਤੋਂ ਬਾਅਦ ਜਲੰਧਰ ਦੇ ਮਕਸੂਦਾਂ ਪੁਲਿਸ ਸਟੇਸ਼ਨ ਵਿਚ ਕੇਸ ਦਰਜ ਕੀਤਾ ਗਿਆ ਸੀ। ਮਾਮਲੇ ਦੀ ਸੰਵੇਦਨਸ਼ੀਲਤਾ ਅਤੇ ਗੰਭੀਰਤਾ ਨੂੰ ਦੇਖਦੇ ਹੋਏ ਕੇਸ ਨੂੰ ਬਾਅਦ ਵਿਚ ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਨੂੰ ਤਬਦੀਲ ਕਰ ਦਿੱਤਾ ਗਿਆ। ਜਾਂਚ ਦੌਰਾਨ ਐੱਨਆਈਏ ਨੇ ਮਹੱਤਵਪੂਰਨ ਸਬੂਤ ਇਕੱਠੇ ਕੀਤੇ ਅਤੇ ਮੁਲਜ਼ਮ ਦੀ ਸ਼ਮੂਲੀਅਤ ਅਦਾਲਤ ਵਿਚ ਪੇਸ਼ ਕੀਤੀ। ਸੁਣਵਾਈ ਦੌਰਾਨ ਵਿਸ਼ੇਸ਼ ਅਦਾਲਤ ਨੇ ਸਵੀਕਾਰ ਕੀਤਾ ਕਿ ਦੋਸ਼ ਬਹੁਤ ਗੰਭੀਰ ਸਨ ਅਤੇ ਮੁਲਜ਼ਮ ਨੂੰ ਰਾਹਤ ਦੇਣ ਨਾਲ ਜਾਂਚ ਨੂੰ ਖ਼ਤਰਾ ਹੋ ਸਕਦਾ ਹੈ। ਸਿੱਟੇ ਵਜੋਂ ਅਦਾਲਤ ਨੇ ਦਪਿੰਦਰ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ। ਇਸ ਫ਼ੈਸਲੇ ਤੋਂ ਬਾਅਦ ਇਹ ਸਪੱਸ਼ਟ ਹੈ ਕਿ ਐੱਨਆਈਏ ਇਸ ਮਾਮਲੇ ਦੀ ਪੂਰੀ ਗੰਭੀਰਤਾ ਨਾਲ ਪੈਰਵੀ ਕਰ ਰਹੀ ਹੈ ਅਤੇ ਪਾਕਿਸਤਾਨੀ ਗੈਂਗਸਟਰ ਨਾਲ ਜੁੜੇ ਨੈੱਟਵਰਕ ਦੀ ਡੂੰਘਾਈ ਨਾਲ ਜਾਂਚ ਚੱਲ ਰਹੀ ਹੈ।