ਮੋਹਾਲੀ 'ਚ ਪੁਲਿਸ ਮੁਲਾਜ਼ਮਾਂ 'ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼, ਇਕ ਸਿਪਾਹੀ ਜ਼ਖ਼ਮੀ ਤੇ ਦੋ ਬਚੇ; ਨਾਕੇ ਤੋਂ ਚਾਲਕ ਤੇਜ਼ ਰਫ਼ਤਾਰ 'ਚ ਫ਼ਰਾਰ
ਪੁਲਿਸ ਮੁਲਾਜ਼ਮਾਂ ਨੇ ਟਾਰਚ ਦਿਖਾ ਕੇ ਚਾਲਕ ਨੂੰ ਰੁਕਣ ਦਾ ਇਸ਼ਾਰਾ ਕੀਤਾ, ਪਰ ਉਸ ਨੇ ਗੱਡੀ ਦੀ ਰਫ਼ਤਾਰ ਘੱਟ ਕਰਨ ਦੀ ਬਜਾਏ ਸਿੱਧੀ ਨਾਕੇ 'ਤੇ ਖੜ੍ਹੇ ਪੁਲਿਸ ਮੁਲਾਜ਼ਮਾਂ ਵੱਲ ਮੋੜ ਦਿੱਤੀ। ਕਾਰ ਦੀ ਲਪੇਟ 'ਚ ਆਉਣ ਤੋਂ ਸਿਪਾਹੀ ਜਸਕਰਨ ਸਿੰਘ ਅਤੇ ਸਰਨਜੀਵ ਸਿੰਘ ਵਾਲ-ਵਾਲ ਬਚ ਗਏ, ਜਦਕਿ ਮੋਹਿਤ ਕੁਮਾਰ ਬੈਰੀਕੇਡ ਨਾਲ ਟਕਰਾ ਕੇ ਸੜਕ 'ਤੇ ਡਿੱਗ ਪਿਆ ਅਤੇ ਜ਼ਖ਼ਮੀ ਹੋ ਗਿਆ। ਵਾਰਦਾਤ ਤੋਂ ਬਾਅਦ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ।
Publish Date: Sun, 08 Feb 2026 12:24 PM (IST)
Updated Date: Sun, 08 Feb 2026 12:26 PM (IST)
ਜਾਗਰਣ ਸਬੰਧਤ, ਮੋਹਾਲੀ : ਸੈਕਟਰ-70/71 ਦੀਆਂ ਟ੍ਰੈਫਿਕ ਲਾਈਟਾਂ ਕੋਲ ਵਾਹਨਾਂ ਦੀ ਚੈਕਿੰਗ ਕਰ ਰਹੇ ਪੁਲਿਸ ਮੁਲਾਜ਼ਮਾਂ 'ਤੇ ਦੇਰ ਰਾਤ ਇਕ ਤੇਜ਼ ਰਫ਼ਤਾਰ ਕਾਰ ਚੜ੍ਹਾ ਦਿੱਤੀ ਗਈ। ਇੰਟੈਲੀਜੈਂਸ ਵਿੰਗ 'ਚ ਤਾਇਨਾਤ ਸਿਪਾਹੀ ਮੋਹਿਤ ਕੁਮਾਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ, ਜਦਕਿ ਉਸ ਦੇ ਦੋ ਸਾਥੀ ਵਾਲ-ਵਾਲ ਬਚ ਗਏ। ਚਾਲਕ ਗੱਡੀ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ।
ਮੋਹਿਤ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਮੋਹਿਤ ਚਾਰ ਹੋਰ ਪੁਲਿਸ ਮੁਲਾਜ਼ਮਾਂ ਨਾਲ ਨਾਕੇ 'ਤੇ ਡਿਊਟੀ ਕਰ ਰਿਹਾ ਸੀ। ਪੁਲਿਸ ਟੀਮ ਨੇ ਰਾਤ 10 ਵਜੇ ਤੋਂ ਸਵੇਰੇ 10 ਵਜੇ ਤੱਕ ਵਾਹਨਾਂ ਦੀ ਜਾਂਚ ਲਈ ਬੈਰੀਕੇਡ ਲਗਾਏ ਹੋਏ ਸਨ। ਰਾਤ ਕਰੀਬ ਦੋ ਵਜੇ ਕੁੰਭੜਾ ਵਾਲੇ ਪਾਸੇ ਤੋਂ ਇੱਕ ਕਾਰ ਤੇਜ਼ ਰਫ਼ਤਾਰ ਵਿੱਚ ਆਈ।
ਪੁਲਿਸ ਮੁਲਾਜ਼ਮਾਂ ਨੇ ਟਾਰਚ ਦਿਖਾ ਕੇ ਚਾਲਕ ਨੂੰ ਰੁਕਣ ਦਾ ਇਸ਼ਾਰਾ ਕੀਤਾ, ਪਰ ਉਸ ਨੇ ਗੱਡੀ ਦੀ ਰਫ਼ਤਾਰ ਘੱਟ ਕਰਨ ਦੀ ਬਜਾਏ ਸਿੱਧੀ ਨਾਕੇ 'ਤੇ ਖੜ੍ਹੇ ਪੁਲਿਸ ਮੁਲਾਜ਼ਮਾਂ ਵੱਲ ਮੋੜ ਦਿੱਤੀ। ਕਾਰ ਦੀ ਲਪੇਟ 'ਚ ਆਉਣ ਤੋਂ ਸਿਪਾਹੀ ਜਸਕਰਨ ਸਿੰਘ ਅਤੇ ਸਰਨਜੀਵ ਸਿੰਘ ਵਾਲ-ਵਾਲ ਬਚ ਗਏ, ਜਦਕਿ ਮੋਹਿਤ ਕੁਮਾਰ ਬੈਰੀਕੇਡ ਨਾਲ ਟਕਰਾ ਕੇ ਸੜਕ 'ਤੇ ਡਿੱਗ ਪਿਆ ਅਤੇ ਜ਼ਖ਼ਮੀ ਹੋ ਗਿਆ। ਵਾਰਦਾਤ ਤੋਂ ਬਾਅਦ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ।
ਜ਼ਖ਼ਮੀ ਸਿਪਾਹੀ ਦੀ ਸ਼ਿਕਾਇਤ 'ਤੇ ਥਾਣਾ ਮਟੌਰ ਦੀ ਪੁਲਿਸ ਨੇ ਕਾਰ ਚਾਲਕ ਖ਼ਿਲਾਫ਼ ਜਾਨਲੇਵਾ ਹਮਲਾ, ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਅਤੇ ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਣ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਆਲੇ-ਦੁਆਲੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ ਅਤੇ ਕਾਰ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।