ਅਸ਼ਵਨੀ ਸ਼ਰਮਾ ਨੇ ਆਪ 'ਤੇ ਕੀਤਾ ਤਿੱਖਾ ਹਮਲਾ, ਕਿਹਾ- ਮੁੱਖ ਮੰਤਰੀ ਸਿਹਤ ਯੋਜਨਾ ਵਾਲਾ ਹੈਲਥ ਇੰਸ਼ੋਰੈਂਸ ਕਾਰਡ ਮਹਿਜ਼ ਕਾਗ਼ਜ਼ ਦਾ ਟੁਕੜਾ
ਸ਼ਰਮਾ ਨੇ ਕਿਹਾ ਕਿ ਵੱਡੇ-ਵੱਡੇ ਦਾਅਵਿਆਂ ਤੇ ਪ੍ਰਚਾਰ ’ਤੇ ਕਰੋੜਾਂ ਰੁਪਏ ਖਰਚ ਕਰਨ ਦੇ ਬਾਵਜੂਦ ਜ਼ਮੀਨੀ ਹਕੀਕਤ ਬੇਹੱਦ ਚਿੰਤਾਜਨਕ ਹੈ। ਇਕ ਪਰਿਵਾਰ ਕੋਲ ਸਹੀ ਹੈਲਥ ਇੰਸ਼ੋਰੈਂਸ ਕਾਰਡ ਹੋਣ ਦੇ ਬਾਵਜੂਦ ਮੈਡੀਕਲ ਹੰਗਾਮੀ ਸਥਿਤੀ ਵਿਚ ਉਨ੍ਹਾਂ ਨੂੰ ਕੋਈ ਆਰਥਿਕ ਰਾਹਤ ਨਹੀਂ ਮਿਲੀ। ਇਹ ਕਾਰਡ ਮਹਿਜ਼ ਕਾਗਜ਼ ਦਾ ਟੁਕੜਾ ਸਾਬਿਤ ਹੋਇਆ ਜਿਸ ਨੇ ਭਾਰੀ ਹਸਪਤਾਲ ਬਿੱਲ ਅੱਗੇ ਇਕ ਰੁਪਏ ਦੀ ਮਦਦ ਨਹੀਂ ਕੀਤੀ।
Publish Date: Mon, 30 Mar 2026 09:19 AM (IST)
Updated Date: Mon, 30 Mar 2026 09:22 AM (IST)
ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਤਹਿਤ ਪੰਜਾਬ ਦੀ ਬਹੁ-ਚਰਚਿਤ ‘ਸਿਹਤ ਕ੍ਰਾਂਤੀ’ ਪੂਰੀ ਤਰ੍ਹਾਂ ਬੇਨਕਾਬ ਹੋ ਚੁੱਕੀ ਹੈ। ਹਾਲ ਹੀ ਵਿਚ ਸਾਹਮਣੇ ਆਈ ਇਕ ਵੀਡੀਓ ਵਿਚ ਇਕ ਆਮ ਪਰਿਵਾਰ ਦਾ ਦਰਦ ਇਹ ਵਿਖਾਉਂਦਾ ਹੈ ਕਿ ਮੁੱਖ ਮੰਤਰੀ ਸਿਹਤ ਯੋਜਨਾ ਦੇ ਤਹਿਤ ਪੰਜਾਬ ਸਰਕਾਰ ਉਨ੍ਹਾਂ ਨੂੰ ਮੁਫ਼ਤ ਇਲਾਜ ਦੇਣ ਵਿਚ ਨਾਕਾਮ ਰਹੀ ਹੈ।
ਸ਼ਰਮਾ ਨੇ ਕਿਹਾ ਕਿ ਵੱਡੇ-ਵੱਡੇ ਦਾਅਵਿਆਂ ਤੇ ਪ੍ਰਚਾਰ ’ਤੇ ਕਰੋੜਾਂ ਰੁਪਏ ਖਰਚ ਕਰਨ ਦੇ ਬਾਵਜੂਦ ਜ਼ਮੀਨੀ ਹਕੀਕਤ ਬੇਹੱਦ ਚਿੰਤਾਜਨਕ ਹੈ। ਇਕ ਪਰਿਵਾਰ ਕੋਲ ਸਹੀ ਹੈਲਥ ਇੰਸ਼ੋਰੈਂਸ ਕਾਰਡ ਹੋਣ ਦੇ ਬਾਵਜੂਦ ਮੈਡੀਕਲ ਹੰਗਾਮੀ ਸਥਿਤੀ ਵਿਚ ਉਨ੍ਹਾਂ ਨੂੰ ਕੋਈ ਆਰਥਿਕ ਰਾਹਤ ਨਹੀਂ ਮਿਲੀ। ਇਹ ਕਾਰਡ ਮਹਿਜ਼ ਕਾਗਜ਼ ਦਾ ਟੁਕੜਾ ਸਾਬਿਤ ਹੋਇਆ ਜਿਸ ਨੇ ਭਾਰੀ ਹਸਪਤਾਲ ਬਿੱਲ ਅੱਗੇ ਇਕ ਰੁਪਏ ਦੀ ਮਦਦ ਨਹੀਂ ਕੀਤੀ।
ਪਠਾਨਕੋਟ ਦੇ ਵਿਧਾਇਕ ਨੇ ਕੇਂਦਰ ਸਰਕਾਰ ਦੀ ਆਯੁਸ਼ਮਾਨ ਭਾਰਤ ਯੋਜਨਾ ਦੀ ਸਫਲਤਾ ਦਾ ਜ਼ਿਕਰ ਕਰਦੇ ਹੋਏ ਤਿੱਖਾ ਫਰਕ ਦੱਸਿਆ। ਜਿਥੇ ਆਯੁਸ਼ਮਾਨ ਭਾਰਤ ਯੋਜਨਾ ਬਿਨਾਂ ਕਿਸੇ ਪੱਖਪਾਤ ਦੇ ਕਰੋੜਾਂ ਨਾਗਿਰਕਾਂ ਨੂੰ ਮੁਫ਼ਤ ਤੇ ਸੁਖਾਲੀ ਸਿਹਤ ਸੇਵਾ ਯਕੀਨੀ ਬਣਾਉਂਦੀ ਹੈ, ਉਥੇ ਹੀ ਪੰਜਾਬ ਦਾ ਮਾਡਲ ਖੋਖਲਾ ਤੇ ਭੁਲੇਖਾ ਪਾਊ ਸਾਬਿਤ ਹੋਇਆ ਹੈ।
ਉਨ੍ਹਾਂ ਨੇ ਸੂਬਾ ਸਰਕਾਰ ’ਤੇ ਲੋਕ ਭਲਾਈ ਦੀ ਬਜਾਏ ਸਿਆਸੀ ਪ੍ਰਚਾਰ ਨੂੰ ਪਹਿਲ ਦੇਣ ਦਾ ਦੋਸ਼ ਵੀ ਲਾਇਆ। ਹਕੀਕਤ ਇਹ ਹੈ ਕਿ ਭਗਵੰਤ ਮਾਨ ਪੰਜਾਬ ਦੇ ਲੋਕਾਂ ਦੀ ਸਿਹਤ ਦੀ ਸੁਰੱਖਿਆ ਤੋਂ ਵੱਧ ਆਪਣਾ ਸਿਆਸੀ ਅਕਸ ਚਮਕਾਉਣ ਵਿਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਜਦੋਂ ਨਾਗਰਿਕ ਪਰੇਸ਼ਾਨ ਹੋਣ ਤਾਂ ਸ਼ਾਸਨ ਸਿਰਫ ਪ੍ਰਚਾਰ ਦੇ ਸਹਾਰੇ ਨਹੀਂ ਚੱਲ ਸਕਦਾ।