ਡੇਰਾਬੱਸੀ ਅਨਾਜ ਮੰਡੀ ਨੇੜੇ ਪਾਈਪ ਲਾਈਨ ਦੇ ਕੰਮ ’ਚ ਘਟੀਆ ਸਮੱਗਰੀ ਵਰਤਣ ਦਾ ਇਲਜ਼ਾਮ
ਡੇਰਾਬੱਸੀ ਅਨਾਜ ਮੰਡੀ ਨੇੜੇ ਪਾਈਪ ਲਾਈਨ ਦੇ ਕੰਮ ਵਿੱਚ ਘਟੀਆ ਸਮੱਗਰੀ ਵਰਤਣ ਦਾ ਇਲਜ਼ਾਮ
Publish Date: Wed, 05 Nov 2025 05:53 PM (IST)
Updated Date: Wed, 05 Nov 2025 05:55 PM (IST)

ਲੋਕਾਂ ਨੇ ਪ੍ਰਸ਼ਾਸਨ ਤੇ ਲਾਏ ਅਣਦੇਖੀ ਦੇ ਦੋਸ਼ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਨਗਰ ਕੌਂਸਲ ਵੱਲੋਂ ਡੇਰਾਬੱਸੀ ਅਨਾਜ ਮੰਡੀ ’ਚ ਪਾਈ ਜਾ ਰਹੀ ਪਾਈਪ ਲਾਈਨ ਦੇ ਨਿਰਮਾਣ ’ਚ ਪੁਰਾਣੀਆਂ ਇੱਟਾਂ ਅਤੇ ਘਟੀਆ ਕੁਆਲਿਟੀ ਦੀ ਸਮੱਗਰੀ ਵਰਤੀ ਜਾ ਰਹੀ ਹੈ। ਸਥਾਨਕ ਲੋਕਾਂ ਅਤੇ ਦੁਕਾਨਦਾਰਾਂ ਨੇ ਠੇਕੇਦਾਰ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕਰਦੇ ਹੋਏ ਇਸ ਕੰਮ ਨੂੰ ਤੁਰੰਤ ਬੰਦ ਕਰਨ ਦੀ ਮੰਗ ਕੀਤੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਵਾਰ-ਵਾਰ ਸ਼ਿਕਾਇਤਾਂ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਕੰਮ ਇਸੇ ਤਰ੍ਹਾਂ ਜਾਰੀ ਹੈ। ਅਨਾਜ ਮੰਡੀ ਦੇ ਆਲੇ-ਦੁਆਲੇ ਪਾਈਪ ਲਾਈਨ ਵਿਛਾਉਣ ਦਾ ਕੰਮ ਪਿਛਲੇ ਕੁਝ ਦਿਨਾਂ ਤੋਂ ਚੱਲ ਰਿਹਾ ਹੈ, ਪਰ ਸ਼ੁਰੂ ਤੋਂ ਹੀ ਇਸਦੀ ਗੁਣਵੱਤਾ ਤੇ ਸਵਾਲ ਖੜ੍ਹੇ ਹੋ ਰਹੇ ਹਨ। ਲੋਕਾਂ ਨੇ ਮੌਕੇ ਤੇ ਦਿਖਾਇਆ ਕਿ ਨਵੀਂ ਪਾਈਪ ਲਾਈਨ ਦੇ ਆਲੇ-ਦੁਆਲੇ ਦੀ ਉਸਾਰੀ ਲਈ ਨਵੀਆਂ ਦੀ ਬਜਾਏ ਟੁੱਟੀਆਂ ਅਤੇ ਪੁਰਾਣੀਆਂ ਇੱਟਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਹ ਵੀ ਇਲਜ਼ਾਮ ਹਨ ਕਿ ਮਸਾਲੇ (ਰੋੜੀ ਅਤੇ ਸੀਮਿੰਟ ਦੇ ਮਿਸ਼ਰਣ) ਵਿੱਚ ਵੀ ਘਟੀਆ ਸਮੱਗਰੀ ਪਾਈ ਜਾ ਰਹੀ ਹੈ, ਜਿਸ ਕਾਰਨ ਪੱਕਾ ਕੀਤਾ ਗਿਆ ਹਿੱਸਾ ਹੱਥ ਲਗਾਉਣ ਨਾਲ ਹੀ ਟੁੱਟ ਰਿਹਾ ਹੈ। ਸਥਾਨਕ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਜੇਕਰ ਇਸ ਤਰ੍ਹਾਂ ਦਾ ਕੰਮ ਕੀਤਾ ਗਿਆ ਤਾਂ ਇਹ ਪਾਈਪ ਲਾਈਨ ਥੋੜ੍ਹੇ ਸਮੇਂ ਵਿੱਚ ਹੀ ਖਰਾਬ ਹੋ ਜਾਵੇਗੀ ਅਤੇ ਉਨ੍ਹਾਂ ਨੂੰ ਮੁੜ ਤੋਂ ਪ੍ਰੇਸ਼ਾਨੀ ਝੱਲਣੀ ਪਵੇਗੀ। ਇਸ ਮੌਕੇ ਰੋਸ ਪ੍ਰਗਟ ਕਰ ਰਹੇ ਲੋਕਾਂ ਨੇ ਸਪੱਸ਼ਟ ਕੀਤਾ ਕਿ ਜੇਕਰ ਪ੍ਰਸ਼ਾਸਨ ਨੇ ਠੇਕੇਦਾਰ ਖਿਲਾਫ ਤੁਰੰਤ ਕਾਰਵਾਈ ਨਾ ਕੀਤੀ ਅਤੇ ਕੰਮ ਨੂੰ ਮਿਆਰ ਮੁਤਾਬਕ ਨਾ ਕਰਵਾਇਆ ਤਾਂ ਉਹ ਜ਼ੋਰਦਾਰ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਉਨ੍ਹਾਂ ਨੇ ਉੱਚ ਅਧਿਕਾਰੀਆਂ ਤੋਂ ਇਸ ਮਾਮਲੇ ਦੀ ਜਾਂਚ ਕਰਵਾਉਣ ਅਤੇ ਜਨਤਾ ਦੇ ਪੈਸੇ ਦੀ ਦੁਰਵਰਤੋਂ ਰੋਕਣ ਦੀ ਮੰਗ ਕੀਤੀ ਹੈ।