- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਖਨਪਾਲ ਨੇ ਕਿਹਾ ਕਿ ਹਿੱਸਾ ਲੈਣ ਵਾਲੀਆਂ ਟੀਮਾਂ ’ਚ ਪੰਜਾਬ ਤੋਂ 5 ਟੀਮਾਂ, ਹਿਮਾਚਲ ਪ੍ਰਦੇਸ਼ ਤੋਂ 4 ਟੀਮਾਂ, ਚੰਡੀਗੜ੍ਹ ਤੋਂ 3 ਟੀਮਾਂ, ਹਰਿਆਣਾ ਤੋਂ 2 ਟੀਮਾਂ, ਦਿੱਲੀ ਤੋਂ 6 ਟੀਮਾਂ, ਕੋਲਕਾਤਾ ਤੋਂ 6 ਟੀਮਾਂ, ਪੁਣੇ/ਮੁੰਬਈ ਸਰਕਟ ਤੋਂ 3 ਟੀਮਾਂ, ਗੋਆ ਤੋਂ 1 ਟੀਮ ਸ਼ਾਮਲ ਹੋਵੇਗੀ।

ਪੰਜਾਬੀ ਜਾਗਰਣ ਬਿਊਰੋ,ਚੰਡੀਗੜ੍ਹ: ਪੰਜਾਬ ਬ੍ਰਿਜ ਐਸੋਸੀਏਸ਼ਨ (ਪੀਬੀਏ) ਵੱਲੋਂ 14ਵੀਂ ਸਟੀਲ ਸਟ੍ਰਿਪਸ ਗਰੁੱਪ ਆਲ ਇੰਡੀਆ ਓਪਨ ਬ੍ਰਿਜ ਚੈਂਪੀਅਨਸ਼ਿਪ 2026 ਦੀ ਮੇਜ਼ਬਾਨੀ ਕੀਤੀ ਜਾਵੇਗੀ ਜਿਸ ਦੌਰਾਨ 50 ਟੀਮਾਂ ਦੇ 225 ਖਿਡਾਰੀ ਆਪਣੇ ਹੁਨਰ ਦਿਖਾਉਣਗੇ। ਪੰਜਾਬ ਬ੍ਰਿਜ ਐਸੋਸੀਏਸ਼ਨ ਦੇ ਚੇਅਰਮੈਨ ਤੇ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਕੇ.ਆਰ. ਲਖਨਪਾਲ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਚੈਂਪੀਅਨਸ਼ਿਪ ਹਿੱਸਾ ਲੈਣ ਵਾਲੀਆਂ ਟੀਮਾਂ ਤੇ ਖਿਡਾਰੀਆਂ ਨੂੰ ਆਪਣੇ ਹੁਨਰ ਦਿਖਾਉਣ ਦਾ ਬਿਹਤਰ ਮੌਕਾ ਪ੍ਰਦਾਨ ਕਰੇਗੀ ਕਿਉਂਕਿ ਇਹ ਇਕ ਅਜਿਹੀ ਖੇਡ ਹੈ ਜਿਸ ’ਚ ਬਹੁਤ ਜ਼ਿਆਦਾ ਮਨੋਵਿਗਿਆਨਕ ਸਥਿਰਤਾ, ਯੋਜਨਾਬੰਦੀ ਦੇ ਨਾਲ-ਨਾਲ ਉੱਚ ਪੱਧਰੀ ਰਣਨੀਤੀ ਦੀ ਲੋੜ ਹੁੰਦੀ ਹੈ। ਇਸ ਖੇਡ ’ਚ ਲਗਾਤਾਰ ਦਿਮਾਗੀ ਨਿਪੁੰਨਤਾ ਦੀ ਵਰਤੋਂ ਕੀਤੀ ਜਾਂਦੀ ਹੈ ਕਿਉਂਕਿ ਇਕ ਖਿਡਾਰੀ ਨੂੰ ਹਰ ਸਮੇਂ ਅਗਲੇ ਕਦਮ ਬਾਰੇ ਸੋਚਦੇ ਰਹਿਣਾ ਪੈਂਦਾ ਹੈ ਤੇ ਉਹ ਢਿੱਲ ਨਹੀਂ ਵਰਤ ਸਕਦਾ।
ਲਖਨਪਾਲ ਨੇ ਕਿਹਾ ਕਿ ਹਿੱਸਾ ਲੈਣ ਵਾਲੀਆਂ ਟੀਮਾਂ ’ਚ ਪੰਜਾਬ ਤੋਂ 5 ਟੀਮਾਂ, ਹਿਮਾਚਲ ਪ੍ਰਦੇਸ਼ ਤੋਂ 4 ਟੀਮਾਂ, ਚੰਡੀਗੜ੍ਹ ਤੋਂ 3 ਟੀਮਾਂ, ਹਰਿਆਣਾ ਤੋਂ 2 ਟੀਮਾਂ, ਦਿੱਲੀ ਤੋਂ 6 ਟੀਮਾਂ, ਕੋਲਕਾਤਾ ਤੋਂ 6 ਟੀਮਾਂ, ਪੁਣੇ/ਮੁੰਬਈ ਸਰਕਟ ਤੋਂ 3 ਟੀਮਾਂ, ਗੋਆ ਤੋਂ 1 ਟੀਮ ਸ਼ਾਮਲ ਹੋਵੇਗੀ। ਇਸ ਤੋਂ ਇਲਾਵਾ ਇਸ ਚੈਂਪੀਅਨਸ਼ਿਪ ’ਚ ਹੈਦਰਾਬਾਦ, ਵਿਸ਼ਾਖਾਪਟਨਮ ਤੇ ਚੇਨੱਈ ਤੋਂ ਵੀ ਟੀਮਾਂ ਦੇ ਹਿੱਸਾ ਲੈਣ ਦੀ ਸੰਭਾਵਨਾ ਹੈ। ਇਹ ਚੈਂਪੀਅਨਸ਼ਿਪ ਸੈਕਟਰ-10 ਦੇ ਹੋਟਲ ਮਾਊਂਟ ਵਿਊ ਵਿਖੇ ਕਰਵਾਈ ਜਾਵੇਗੀ।
ਇਸ ਚੈਂਪੀਅਨਸ਼ਿਪ ਦੀ ਇਨਾਮੀ ਰਾਸ਼ੀ ਕੁੱਲ 10 ਲੱਖ ਰੁਪਏ ਹੋਵੇਗੀ ਤੇ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਮਹਿਲਾ ਟੀਮਾਂ ਤੇ ਯੰਗਸਟਰਸ ਟੀਮਾਂ (30 ਸਾਲ ਤੋਂ ਘੱਟ ਉਮਰ ਵਰਗ) ਤੋਂ ਕੋਈ ਐਂਟਰੀ ਫੀਸ ਨਹੀਂ ਲਈ ਜਾਵੇਗੀ।
ਸਟੀਲ ਸਟ੍ਰਿਪਸ ਗਰੁੱਪ, ਚੰਡੀਗੜ੍ਹ ਦੇ ਚੇਅਰਮੈਨ ਤੇ ਪੀਬੀਏ ਦੇ ਪ੍ਰਧਾਨ ਐਮਰਿਟਸ ਆਰ.ਕੇ. ਗਰਗ ਨੇ ਦੱਸਿਆ ਕਿ ਇਕ ਟੀਮ ’ਚ ਘੱਟੋ-ਘੱਟ 4 ਅਤੇ ਵੱਧ ਤੋਂ ਵੱਧ 6 ਮੈਂਬਰ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਚੈਂਪੀਅਨਸ਼ਿਪ ਦਾ ਉਦਘਾਟਨ ਬ੍ਰਿਜ ਫੈਡਰੇਸ਼ਨ ਆਫ ਇੰਡੀਆ (ਬੀਐੱਫਆਈ) ਦੇ ਪ੍ਰਧਾਨ ਪ੍ਰਸਾਦ ਵੀ. ਕੇਨੀ ਵੱਲੋਂ ਕੀਤਾ ਜਾਵੇਗਾ ਜੋ ਖੁਦ ਇਕ ਉੱਘੇ ਬ੍ਰਿਜ ਖਿਡਾਰੀ ਹਨ ਤੇ ਉਹ ਚੈਂਪੀਅਨਸ਼ਿਪ ’ਚ ਹਿੱਸਾ ਵੀ ਲੈਣਗੇ। ਇਸ ਮੌਕੇ ਪ੍ਰਬੰਧਕੀ ਸਕੱਤਰ ਜੇ.ਐੱਸ. ਬਹਿਲ ਵੀ ਮੌਜੂਦ ਸਨ।