ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਐਲਬਮ ‘ਪੰਜਵਾਂ ਅਖਾੜਾ’ ਰਿਲੀਜ਼
ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਐਲਬਮ ‘ਪੰਜਵਾਂ ਅਖਾੜਾ’ ਰਿਲੀਜ਼
Publish Date: Tue, 20 Jan 2026 07:56 PM (IST)
Updated Date: Tue, 20 Jan 2026 08:00 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮੁਹਾਲੀ ਵਿਚ ਕਰਵਾਈ ਗਈ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਪ੍ਰਸਿੱਧ ਪੰਜਾਬੀ ਗਾਇਕ ਹਾਕਮ ਬਖਤੜੀਵਾਲਾ ਅਤੇ ਬੀਬਾ ਦਲਜੀਤ ਕੌਰ ਵੱਲੋਂ ਆਪਣੀ ਨਵੀਂ ਐਲਬਮ ‘ਪੰਜਵਾਂ ਅਖਾੜਾ’ ਰਿਲੀਜ਼ ਕੀਤੀ ਗਈ। ਇਸ ਮੌਕੇ ਦੋਹਾਂ ਕਲਾਕਾਰਾਂ ਨੇ ਕਿਹਾ ਕਿ ਇਹ ਐਲਬਮ ਪੂਰੀ ਤਰ੍ਹਾਂ ਪੰਜਾਬੀ ਸੱਭਿਆਚਾਰ, ਪੰਜਾਬੀਅਤ ਅਤੇ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਹੈ। ਇਸ ਮੌਕੇ ਤਲਜਿੰਦਰ ਨਾਗਰਾ ਨੇ ਦੱਸਿਆ ਕਿ ਐਲਬਮ ‘ਪੰਜਵਾਂ ਅਖਾੜਾ’ ਦਾ ਸੰਗੀਤ ਪ੍ਰਸਿੱਧ ਸੰਗੀਤਕਾਰ ਮਨਦੀਪ ਦਿੱਪੀ ਵੱਲੋਂ ਤਿਆਰ ਕੀਤਾ ਗਿਆ ਹੈ, ਜਦਕਿ ਇਸਦੇ ਵੀਡੀਓਜ਼ ਦੀ ਡਾਇਰੈਕਸ਼ਨ ਗੁਲਨੂਰ ਮੀਡੀਆ ਵੱਲੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਐਲਬਮ ਰਵਾਇਤੀ ਪੰਜਾਬੀ ਲੋਕ ਸੰਗੀਤ ਨੂੰ ਆਧੁਨਿਕ ਤਕਨੀਕ ਨਾਲ ਜੋੜਨ ਦੀ ਕੋਸ਼ਿਸ਼ ਹੈ। ਹਾਕਮ ਬਖਤੜੀਵਾਲਾ ਨੇ ਐਲਬਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਪੰਜਵਾਂ ਅਖਾੜਾ’ ਵਿਚ ਕੁੱਲ 8 ਗੀਤ ਸ਼ਾਮਲ ਹਨ। ਇਨ੍ਹਾਂ ਵਿਚੋਂ ਦੋ ਗੀਤ ਉਨ੍ਹਾਂ ਵੱਲੋਂ ਖ਼ੁਦ ਲਿਖੇ ਗਏ ਹਨ, ਜਦਕਿ ਬਾਕੀ ਗੀਤ ਉਨ੍ਹਾਂ ਦੇ ਉਸਤਾਦ ਸਾਬਰ ਰਾਇ ਕੋਟੀ, ਲੇਖਕ ਸਾਜਨ ਰਾਇ ਕੋਟੀ, ਕੁਲਬੀਰ ਚੋਟੀ ਵਾਲਾ ਅਤੇ ਹੋਰ ਪ੍ਰਸਿੱਧ ਗੀਤਕਾਰਾਂ ਵੱਲੋਂ ਲਿਖੇ ਗਏ ਹਨ। ਉਨ੍ਹਾਂ ਕਿਹਾ ਕਿ ਐਲਬਮ ਦੇ ਸਾਰੇ ਗੀਤ ਸਾਫ਼-ਸੁਥਰੀ ਅਤੇ ਪਰਿਵਾਰਕ ਸੋਚ ਨੂੰ ਦਰਸਾਉਂਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਅਤੇ ਬੀਬਾ ਦਲਜੀਤ ਕੌਰ ਦਾ ਗਾਇਕੀ ਦਾ ਸਫ਼ਰ ਹੁਣ ਪੰਜਵੇਂ ਦਹਾਕੇ ਵਿਚ ਦਾਖ਼ਲ ਹੋ ਚੁੱਕਾ ਹੈ ਅਤੇ ਇਨ੍ਹਾਂ ਸਾਲਾ ਦੌਰਾਨ ਉਹ ਹਮੇਸ਼ਾ ਪੰਜਾਬੀ ਸੱਭਿਆਚਾਰ ਅਤੇ ਪੰਜਾਬੀਅਤ ਨੂੰ ਜਿੰਦਾ ਰੱਖਣ ਵਾਲੇ ਗੀਤ ਹੀ ਗਾਉਂਦੇ ਆ ਰਹੇ ਹਨ। ਮਾਂ ਬੋਲੀ ਪੰਜਾਬੀ ਨੂੰ ਲੈ ਕੇ ਉਨ੍ਹਾਂ ਦੇ ਸਿਧਾਂਤ ਸਦਾ ਹੀ ਮਜ਼ਬੂਤ ਰਹੇ ਹਨ। ਮੌਜੂਦਾ ਗਾਇਕੀ ਬਾਰੇ ਗੱਲ ਕਰਦਿਆਂ ਹਾਕਮ ਬਖਤੜੀਵਾਲਾ ਨੇ ਕਿਹਾ ਕਿ ਭਾਵੇਂ ਅੱਜ ਕੱਲ੍ਹ ਕਈ ਕਿਸਮਾਂ ਦੇ ਗੀਤ ਬਣ ਰਹੇ ਹਨ, ਪਰ ਉਨ੍ਹਾਂ ਨੇ ਹਮੇਸ਼ਾ ਆਪਣੀ ਗਾਇਕੀ ਰਾਹੀਂ ਪੰਜਾਬ ਦੀ ਮਿੱਟੀ, ਸੱਭਿਆਚਾਰ ਅਤੇ ਰਵਾਇਤਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਮੌਕੇ ਬੀਬਾ ਦਲਜੀਤ ਕੌਰ ਨੇ ਵੀ ਕਿਹਾ ਕਿ ‘ਪੰਜਵਾਂ ਅਖਾੜਾ’ ਨੌਜਵਾਨ ਪੀੜ੍ਹੀ ਨੂੰ ਪੰਜਾਬੀ ਲੋਕ ਸੰਗੀਤ ਨਾਲ ਜੋੜਨ ਦਾ ਇਕ ਮਜ਼ਬੂਤ ਮਾਧਿਅਮ ਸਾਬਤ ਹੋਵੇਗਾ।