ਅਕਾਲੀ ਦਲ 17 ਤੋਂ ਸ਼ੁਰੂ ਕਰੇਗਾ ’ਪੰਜਾਬ ਬਚਾਓ, ਸੁਖਬੀਰ ਲਿਆਓ’ ਮੁਹਿੰਮ, 13 ਅਪ੍ਰੈਲ ਵਿਸਾਖੀ ਤੱਕ ਕਰਨਗੇ 40 ਰੈਲੀਆਂ
ਇਹ ਧਿਆਨ ਦੇਣ ਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ (ਸ਼੍ਰੋਮਣੀ ਅਕਾਲੀ ਦਲ) ਆਮ ਤੌਰ 'ਤੇ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਮੋਗਾ ਵਿੱਚ ਰੈਲੀ ਨਾਲ ਕਰਦਾ ਹੈ। ਇਹ ਪਹਿਲੀ ਵਾਰ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਕਾਦੀਆਂ ਤੋਂ ਆਪਣੀ ਮੁਹਿੰਮ ਦੀ ਸ਼ੁਰੂਆਤ ਕਰ ਰਿਹਾ ਹੈ।
Publish Date: Thu, 12 Feb 2026 04:07 PM (IST)
Updated Date: Fri, 13 Feb 2026 10:07 AM (IST)
ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਅਗਲੇ ਵਰ੍ਹੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 17 ਫਰਵਰੀ ਤੋਂ ‘ਪੰਜਾਬ ਬਚਾਓ ਸੁਖਬੀਰ ਬਾਦਲ ਲਿਆਓ’ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਸ ਮੁਹਿੰਮ ਤਹਿਤ 13 ਅਪ੍ਰੈਲ ਵਿਸਾਖੀ ਤੱਕ 40 ਰੈਲੀਆਂ ਕੀਤੀਆਂ ਜਾਣਗੀਆਂ। ਪਹਿਲੇ ਪੜਾਅ ਤਹਿਤ 17 ਫਰਵਰੀ ਤੋਂ ਕਾਦੀਆਂ ਤੋਂ ਰੈਲੀਆਂ ਦੀ ਸ਼ੁਰੂਆਤ ਕੀਤੀ ਜਾਵੇਗੀ। ਪਾਰਟੀ ਦੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ 13 ਅਪ੍ਰੈਲ ਵਿਸਾਖੀ ਤੱਕ ਵੱਖ-ਵੱਖ ਹਲਕਿਆਂ ਵਿਚ 40 ਰੈਲੀਆਂ ਕੀਤੀਆਂ ਜਾਣਗੀਆਂ। 31 ਮਾਰਚ ਤੱਕ 28 ਰੈਲੀਆਂ ਹੋਣਗੀਆਂ ਜਿਹਨਾਂ ਦੀ ਰੂਪ-ਰੇਖਾ ਤੈਅ ਕੀਤੀ ਜਾ ਰਹੀ ਹੈ। ਬਾਕੀ ਦੀਆਂ 12 ਰੈਲੀਆਂ ਅਪ੍ਰੈਲ ਵਿਚ ਹੋਣਗੀਆਂ।
ਚੀਮਾ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਸੂਬੇ ਦੇ ਲਟਕਦੇ ਮਸਲਿਆਂ ਵਿਚ ਰਾਜਧਾਨੀ ਚੰਡੀਗੜ੍ਹ ਪੰਜਾਬ ਨੂੰ ਦੇਣਾ ਅਤੇ ਪੰਜਾਬ ਨਾਲ ਇਸ ਦੇ ਦਰਿਆਈ ਪਾਣੀਆਂ ਦੇ ਮਾਮਲੇ ’ਤੇ ਹੋ ਰਹੇ ਵਿਤਕਰੇ ਨੂੰ ਖ਼ਤਮ ਕਰਨਾ ਵੀ ਸ਼ਾਮਲ ਹੈ। ਉਹਨਾਂ ਕਿਹਾ ਕਿ ਸੰਘੀ ਢਾਂਚੇ ਨੂੰ ਖੋਰ੍ਹਾ ਲੱਗਣ ਨਾਲ ਪੰਜਾਬ ਨੂੰ ਵਿੱਤੀ ਤੌਰ ’ਤੇ ਨੁਕਸਾਨ ਹੋਇਆ ਹੈ ਅਤੇ ਇਸ ਨਾਲ ਸੂਬੇ ਨੂੰ ਮਿਲਣ ਵਾਸਤੇ ਕੇਂਦਰੀ ਫੰਡਾਂ ਵਿੱਚੋਂ ਮਿਲਣ ਵਾਸਤੇ ਹਿੱਸੇ ਅਤੇ ਸੂਬਿਆਂ ਨੂੰ ਆਪਣੀ ਮਰਜ਼ੀ ਤੇ ਤਰਜੀਹਾਂ ਮੁਤਾਬਕ ਖਰਚ ਕਰਨ ਦੀ ਆਜ਼ਾਦੀ ’ਤੇ ਰੋਕ ਦਾ ਸਾਹਮਣਾ ਕਰਨਾ ਪਿਆ ਹੈ।
ਚੀਮਾ ਨੇ ਕਿਹਾ ਕਿ ਖੇਤੀਬਾੜੀ ਸੰਕਟ ਵਿਚ ਹੈ ਅਤੇ ਕਰਜ਼ੇ ਤੇ ਖੁਦਕੁਸ਼ੀਆਂ ਸਮੇਤ ਕਿਸਾਨਾਂ ਨੂੰ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਕਿਸਾਨਾਂ ਨੂੰ 2025 ਵਿਚ ਆਏ ਹੜ੍ਹਾਂ ਦਾ ਮੁਆਵਜ਼ਾ ਵੀ ਨਹੀਂ ਮਿਲ ਰਿਹਾ। ਅਨੁਸੂਚਿਤ ਜਾਤੀ ਭਾਈਚਾਰੇ ਦੇ ਲੋਕਾਂ ਦੀ ਭਲਾਈ ਵਾਸਤੇ ਖ਼ਾਸ ਪ੍ਰੋਗਰਾਮ ਖਾਸ ਤੌਰ ’ਤੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਅਤੇ ਭ੍ਰਿਸ਼ਟਾਚਾਰ ਬੇਨਕਾਬ ਕਰਨ, ‘ਆਪ’ ਸਰਕਾਰ ਦੇ ਅਧੀਨ ਕਾਨੂੰਨ ਵਿਵਸਥਾ ਫੇਲ੍ਹ ਹੋਣ ਤੇ ਨਸ਼ਾ ਮਾਫੀਆ ਦੀ ਪੁਸ਼ਤਪਨਾਹੀ ਵੱਡੇ ਮੁੱਦੇ ਹਨ ਜੋ ਰੈਲੀ ਵਿਚ ਚੁੱਕੇ ਜਾਣਗੇ। ਅਕਾਲੀ ਆਗੂ ਨੇ ਕਿਹਾ ਕਿ ਸਿੱਖ ਧਾਰਮਿਕ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੇ ਯਤਨਾਂ ’ਤੇ ਵੀ ਬਾਰੀਕੀ ਨਾਲ ਪਾਰਟੀ ਚਰਚਾ ਕਰੇਗੀ। ਅਸੀਂ ਇਸ ਸਾਜ਼ਿਸ਼ ਵਿਚ ਸ਼ਾਮਲ ਲੋਕਾਂ ਨੂੰ ਬੇਨਕਾਬ ਕਰਾਂਗੇ ਤੇ ਪੰਥ ਨੂੰ ਅਪੀਲ ਕਰਾਂਗੇ ਕਿ ਉਹ ਅਕਾਲੀ ਦਲ ਨਾਲ ਡੱਟ ਕੇ ਖੜ੍ਹੇ ਹੋਣ।